ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟੀਸ਼ਨ ਵਿਚਲੇ ਨੁਕਸਾਂ ਕਾਰਨ ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਦੀ ਝਾੜ-ਝੰਬ

08:44 AM Jun 11, 2024 IST
ਦਿੱਲੀ ਵਿੱਚ ਹਰਿਆਣਾ ਭਵਨ ਅੱਗੇ ਮੁਜ਼ਾਹਰਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕਾਰਕੁਨ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ, 10 ਜੂਨ
ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ਨੂੰ ਦਰਪੇਸ਼ ਜਲ ਸੰਕਟ ਘਟਾਉਣ ਲਈ ਹਿਮਾਚਲ ਪ੍ਰਦੇਸ਼ ਵੱਲੋਂ ਮੁਹੱਈਆ ਕਰਵਾਇਆ ਵਾਧੂ ਪਾਣੀ ਛੱਡਣ ਲਈ ਹਰਿਆਣਾ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਵਿਚਲੇ ਨੁਕਸਾਂ ਨੂੰ ਦੂਰ ਨਾ ਕਰਨ ਲਈ ਦਿੱਲੀ ਸਰਕਾਰ ਦੀ ਝਾੜਝੰਬ ਕੀਤੀ ਹੈ। ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਉਸ (ਅਦਾਲਤੀ ਕਾਰਵਾਈ) ਨੂੰ ਹਲਕੇ ਵਿਚ ਨਾ ਲਿਆ ਜਾਵੇ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਜਸਟਿਸ ਪ੍ਰਸੰਨਾ ਬੀ. ਵਾਰਾਲੇ ਦੇ ਬੈਂਚ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਅਦਾਲਤ ਦੀ ਰਜਿਸਟਰੀ ਨੇ ਦਿੱਲੀ ਸਰਕਾਰ ਵੱਲੋਂ ਦਾਇਰ ਪਟੀਸ਼ਨਾਂ ਵਿਚ ਨੁਕਸ ਕਰਕੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ।
ਬੈਂਚ ਨੇ ਕਿਹਾ, ‘‘ਤੁਸੀਂ ਅਜੇ ਤੱਕ ਨੁਕਸ ਦੂਰ ਕਿਉਂ ਨਹੀਂ ਕੀਤੇ? ਅਸੀਂ ਪਟੀਸ਼ਨ ਖਾਰਜ ਕਰ ਦੇਵਾਂਗੇ। ਪਿਛਲੀ ਸੁਣਵਾਈ ਮੌਕੇ ਵੀ ਅਸੀਂ ਇਹ ਨੁਕਸ ਤੁਹਾਡੇ
ਧਿਆਨ ਵਿਚ ਲਿਆਂਦੇ ਸਨ ਤੇ ਤੁਸੀਂ ਇਨ੍ਹਾਂ ਨੂੰ ਦੂਰ ਨਹੀਂ ਕੀਤਾ। ਕੋਰਟ ਦੀ ਕਾਰਵਾਈ ਨੂੰ ਹਲਕੇ ਵਿਚ ਨਾ ਲਿਆ ਜਾਵੇ, ਭਾਵੇਂ ਤੁਹਾਡਾ ਕੇਸ ਕਿੰਨਾ ਵੀ ਅਹਿਮ ਹੋਵੇ।’’ ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 12 ਜੂਨ ਲਈ ਨਿਰਧਾਰਿਤ ਕਰਦਿਆਂ ਕਿਹਾ, ‘‘ਸਾਨੂੰ ਹਲਕੇ ਵਿਚ ਨਾ ਲਉ। ਹਲਫ਼ਨਾਮੇ ਸਵੀਕਾਰ ਨਹੀਂ ਹੋ ਰਹੇ ਹਨ। ਤੁਸੀਂ ਕੋਰਟ ਵਿਚ ਸਿੱਧੇ ਲੜੀਵਾਰ ਦਸਤਾਵੇਜ਼ ਸੌਂਪ ਦਿੱਤੇ ਤੇ ਮਗਰੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਣੀ ਦੀ ਘਾਟ ਨਾਲ ਜੂਝ ਰਹੇ ਹੋ ਤੇ ਅੱਜ ਹੀ ਹੁਕਮ ਪਾਸ ਕਰੋ। ਤੁਸੀਂ ਇੰਨੀ ਹਾਲ ਦੁਹਾਈ ਮਚਾਉਣ ਮਗਰੋਂ ਹੁਣ ਆਰਾਮ ਨਾਲ ਬੈਠੇ ਹੋ। ਸਭ ਕੁਝ ਰਿਕਾਰਡ ’ਤੇ ਆਉਣ ਦਿਓ, ਅਸੀਂ ਬੁੱਧਵਾਰ ਨੂੰ ਸੁਣਵਾਈ ਕਰਾਂਗੇ।’’
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸੁਣਵਾਈ ਤੋਂ ਪਹਿਲਾਂ ਫਾਈਲਾਂ ਪੜ੍ਹਨਾ ਚਾਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਖ਼ਬਾਰਾਂ ਦੀਆਂ ਰਿਪੋਰਟਾਂ ਤੋਂ ਸਾਹਮਣੇ ਆ ਰਹੀਆਂ ਹਨ। ਬੈਂਚ ਨੇ ਕਿਹਾ, ‘‘ਜੇ ਅਸੀਂ ਆਪਣੇ ਰਿਹਾਇਸ਼ੀ ਦਫ਼ਤਰਾਂ ਵਿਚ ਫਾਈਲਾਂ ਨਾ ਪੜ੍ਹੀਏ ਤਾਂ ਅਸੀਂ ਅਖ਼ਬਾਰਾਂ ਵਿਚ ਛਪਦੀਆਂ ਰਿਪੋਰਟਾਂ ਤੋਂ ਪ੍ਰਭਾਵਿਤ ਹੋ ਜਾਈਏ। ਫਿਰ ਇਹ ਕਿਸੇ ਵੀ ਧਿਰ ਲਈ ਚੰਗਾ ਨਹੀਂ ਹੋਵੇਗਾ।’’ ਹਰਿਆਣਾ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਸੂਬਾ ਸਰਕਾਰ ਵੱਲੋਂ ਜਵਾਬ ਦਾਖਲ ਕੀਤਾ ਤਾਂ ਸੁਪਰੀਮ ਕੋਰਟ ਨੇ ਦੀਵਾਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਇਹ ਜਵਾਬ ਦਾਅਵਾ ਹੁਣ ਕਿਉਂ ਦਾਖਲ ਕੀਤਾ। ਦੀਵਾਨ ਨੇ ਜਵਾਬ ਦਿੱਤਾ ਕਿ ਕਿਉਂ ਜੋ ਦਿੱਲੀ ਸਰਕਾਰ ਦੀ ਅਪੀਲ ਵਿਚਲੀਆਂ ਉਕਾਈਆਂ ਦੂਰ ਨਹੀਂ ਕੀਤੀਆਂ ਗਈਆਂ, ਰਜਿਸਟਰੀ ਪਹਿਲਾਂ ਹੀ ਜਵਾਬ-ਦਾਅਵਾ ਦਾਖ਼ਲ ਕਰਨ ਦੀ ਮਨਜ਼ੂਰੀ ਨਹੀਂ ਦਿੰਦੀ। ਇਸ ਮਗਰੋਂ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੀ ਝਾੜਝੰਬ ਕੀਤੀ। ਉਪਰੰਤ ਦਿੱਲੀ ਸਰਕਾਰ ਵੱਲੋਂ ਪੇਸ਼ ਵਕੀਲ ਨੇ ਦਾਅਵਾ ਕੀਤਾ ਕਿ ਪਟੀਸ਼ਨ ਵਿਚਲੇ ਨੁਕਸ ਦੂਰ ਕਰ ਦਿੱਤੇ ਗਏ ਹਨ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ 6 ਜੂਨ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਉਹ ਉਸ ਕੋਲ ਉਪਲਬਧ 137 ਕਿਊਸਕ ਵਾਧੂ ਪਾਣੀ ਦਿੱਲੀ ਵੱਲ ਨੂੰ ਛੱਡੇ ਤੇ ਹਰਿਆਣਾ ਸਰਕਾਰ ਇਹ ਵਾਧੂ ਪਾਣੀ ਹਥਨੀਕੁੰਡ ਬੈਰਾਜ ਰਾਹੀਂ ਦਿੱਲੀ ਦੇ ਵਜ਼ੀਰਾਬਾਦ ਤੱਕ ਪੁੱਜਦਾ ਕਰਨ ਵਿਚ ਮਦਦ ਕਰੇ। -ਪੀਟੀਆਈ

Advertisement

‘ਆਪ’ ਵੱਲੋਂ ਹਰਿਆਣਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ (ਪੱਤਰ ਪ੍ਰੇਰਕ): ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਦਿੱਲੀ ਦਾ ਪਾਣੀ ਬੰਦ ਕਰਨ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਥੇ ਸੜਕਾਂ ’ਤੇ ਕਈ ਥਾਈਂ ਪ੍ਰਦਰਸ਼ਨ ਕੀਤੇ। ‘ਆਪ’ ਦੇ ਦਿੱਲੀ ਪ੍ਰਦੇਸ਼ ਦੇ ਉਪ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਕੁਮਾਰ, ਸ਼ਿਵਚਰਨ ਸਿੰਘ, ਵਿਨੈ ਮਿਸ਼ਰਾ ਅਤੇ ਸੋਮਦੱਤ ਸ਼ਰਮਾ ਅਤੇ ਮਹਿਲਾ ਵਿੰਗ ਦਿੱਲੀ ਦੀ ਸੂਬਾ ਪ੍ਰਧਾਨ ਸਾਰਿਕਾ ਚੌਧਰੀ ਨੇ ਵਰਕਰਾਂ ਨਾਲ ਭਾਜਪਾ ਹੈੱਡਕੁਆਰਟਰ, ਹਰਿਆਣਾ ਭਵਨ, ਮੰਡੀ ਹਾਊਸ ਅਤੇ ਕਨਾਟ ਪਲੇਸ ਵਿਖੇ ਵਿਰੋਧ ਪ੍ਰਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਭਾਜਪਾ ਦੀ ਕੇਂਦਰ ਅਤੇ ਹਰਿਆਣਾ ਸਰਕਾਰਾਂ ਤੋਂ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਵਿਧਾਇਕਾਂ ਤੇ ਵਰਕਰਾਂ ਨੇ ‘ਭਾਜਪਾ ਵਾਲੋ, ਦਿੱਲੀ ਦਾ ਪਾਣੀ ਨਾ ਰੋਕੋ’ ਦੇ ਪੋਸਟਰਾਂ ਨਾਲ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਦੀ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਦਾ ਪਾਣੀ ਤੁਰੰਤ ਜਾਰੀ ਕੀਤਾ ਜਾਵੇ। ਇਸ ਦੌਰਾਨ ਕੁਲਦੀਪ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਹਰਿਆਣਾ ਸਰਕਾਰ ਪਾਣੀ ਨਹੀਂ ਛੱਡ ਰਹੀ, ਭਾਜਪਾ ਵਾਲੇ ਦਿੱਲੀ ਵਾਸੀਆਂ ਨੂੰ ਪਿਆਸਾ ਰੱਖਣਾ ਚਾਹੁੰਦੇ ਹਨ।

Advertisement
Advertisement
Advertisement