ਡੀਏਪੀ ਸੰਕਟ ਕਾਰਨ ਕਿਸਾਨਾਂ ਨੂੰ ਕਣਕ ਦੀ ਬਿਜਾਈ ਪੱਛੜਨ ਦਾ ਖ਼ਦਸ਼ਾ
ਭਗਵਾਨ ਦਾਸ ਗਰਗ
ਨਥਾਣਾ, 9 ਨਵੰਬਰ
ਕਣਕ ਅਤੇ ਆਲੂ ਦੀ ਬਿਜਾਈ ਵਾਸਤੇ ਡੀਏਪੀ ਖਾਦ ਦੀ ਵੱਡੀ ਕਿੱਲਤ ਹੈ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਕੁਝ ਸਮਾਂ ਪਹਿਲਾਂ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਕਰਕੇ ਕੇਂਦਰ ਵੱਲੋਂ ਉਥੇ ਖਾਦ ਵਧੇਰੇ ਮਾਤਰਾ ’ਚ ਭੇਜੀ ਗਈ ਅਤੇ ਹੁਣ ਪੰਜਾਬ ਵਿੱਚ ਜ਼ਿਮਨੀ ਚੋਣਾਂ ਵਾਲੇ ਖੇਤਰਾਂ ’ਚ ਡੀਏਪੀ ਭੇਜ ਕੇ ਬਾਕੀ ਥਾਵਾਂ ’ਤੇ ਕਾਣੀ ਵੰਡ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਕਿੱਲਤ ਦੇ ਡਰੋਂ ਡੀਏਪੀ ਦਾ ਵਧੇਰੇ ਸਟਾਕ ਜਮ੍ਹਾਂ ਕਰ ਰਹੇ ਹਨ ਜੋ ਸੰੰਕਟ ਦਾ ਮੁੱਖ ਕਾਰਨ ਹੈ। ਸਰਕਾਰ ਅਤੇ ਖੇਤੀ ਮਾਹਿਰ ਡੇਪੀਏ ਖਾਦ ਦੇ ਬਦਲ ਵਜੋਂ ਐੱਨਪੀਕੇ ਸਿੰਗਲ ਸੁਪਰਫਾਸਫੇਟ ਅਤੇ ਟੀਐੱਸਪੀ ਖਾਦਾਂ ਵਰਤਣ ਦੀ ਸਲਾਹ ਦੇ ਰਹੇ ਹਨ ਜਦਕਿ ਕਿਸਾਨਾਂ ਦਾ ਭਰੋਸਾ ਡੀਏਪੀ ਖਾਦ ’ਤੇ ਬੱਝਿਆ ਹੋਇਐ। ਝਾੜ ਘਟਣ ਦੇ ਡਰੋਂ ਕਿਸਾਨ ਹੋਰ ਖਾਦਾਂ ਵਰਤਣ ਤੋਂ ਝਿਜਕਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਸੂਬੇ ’ਚ ਲੋੜ ਅਨੁਸਾਰ ਡੀਏਪੀ ਦਾ ਕੋਟਾ ਨਹੀਂ ਮੰਗਵਾਇਆ। ਉਨ੍ਹਾਂ ਕਿਹਾ ਕਿ ਹੁਣ ਤੱਕ ਉਕਤ ਖਾਦਾਂ ਦਾ ਚਾਲੀ ਫੀਸਦੀ ਕੋਟਾ ਹੀ ਪੁੱਜਿਆ ਹੈ। ਇਸੇ ਤਰ੍ਹਾਂ ਇਹ ਕਿੱਲਤ ਕਿਸੇ ਵੀ ਹਾਲਤ ਵਿੱਚ ਦੂਰ ਨਹੀਂ ਹੋ ਸਕੇਗੀ। ਖੇਤੀ ਮਾਹਿਰਾਂ ਅਨੁਸਾਰ 15 ਨਵੰਬਰ ਤੋਂ ਬਾਅਦ ਕਣਕ ਦੀ ਬਿਜਾਈ ਲੇਟ ਹੋਣ ਨਾਲ ਪੈਦਾਵਾਰ ਤੇ ਅਸਰ ਪੈਦਾ ਹੈ। ਸੂਤਰਾਂ ਅਨੁਸਾਰ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਚੱਲ ਰਹੀ ਜੰਗ ਕਾਰਨ ਸਮੁੰਦਰੀ ਰਸਤੇ ਪੁੱਜਣ ਵਾਲੀ ਖਾਦ ਦਾ ਕੰਮ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ।