ਪੁਲ ਬਣਨ ਕਾਰਨ ਸੜਕ ਬੰਦ, ਲੋਕਾਂ ਨੂੰ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ
ਪੱਤਰ ਪ੍ਰੇਰਕ
ਕਾਲਾਂਵਾਲੀ, 29 ਜੁਲਾਈ
ਪਿੰਡ ਹੱਸੂ ਤੋਂ ਨੌਰੰਗ ਵੱਲ ਜਾਣ ਵਾਲੀ ਸੜਕ ’ਤੇ ਡੱਬਵਾਲੀ ਰਜਵਾਹੇ ਦਾ ਨਵਾਂ ਪੁਲ ਬਣਾਇਆ ਜਾ ਰਿਹਾ ਹੈ। ਇਸ ਸੜਕ ’ਤੇ ਲੋਕਾਂ ਨੂੰ ਹੱਸੂ ਤੋਂ ਨੌਰੰਗ ਤੱਕ ਜਾਣ ਲਈ ਰਜਵਾਹੇ ਵਿੱਚ ਮਿੱਟੀ ਪਾ ਕੇ ਇੱਕ ਆਰਜ਼ੀ ਪੁਲ ਬਣਾਇਆ ਗਿਆ ਸੀ ਤਾਂ ਜੋ ਲੋਕ ਰਾਮਾਂ ਮੰਡੀ ਅਤੇ ਬਠਿੰਡਾ ਤੇ ਕਿਸਾਨ ਆਪਣੇ ਖੇਤਾਂ ਵਿੱਚ ਜਾ ਸਕਣ, ਪਰ ਸਿੰਜਾਈ ਵਿਭਾਗ ਵੱਲੋਂ ਰਜਵਾਹੇ ਵਿੱਚ ਪਾਣੀ ਛੱਡਣ ਕਾਰਨ ਠੇਕੇਦਾਰ ਦੇ ਕਰਿੰਦਿਆਂ ਨੇ ਜੇਸੀਬੀ ਨਾਲ ਇਸ ਆਰਜ਼ੀ ਪੁਲ ਤੋਂ ਮਿੱਟੀ ਕੱਢ ਦਿੱਤੀ ਜਿਸ ਕਾਰਨ ਇਹ ਰਸਤਾ ਬੰਦ ਹੋ ਗਿਆ। ਇਸ ਰਸਤੇ ਰਾਹੀਂ ਬਠਿੰਡਾ, ਤਲਵੰਡੀ ਸਾਬੋ, ਰਾਮਾਂ ਮੰਡੀ ਆਦਿ ਜਾਣ ਵਾਲੇ ਲੋਕਾਂ ਅਤੇ ਖੇਤਾਂ ਵਿੱਚ ਜਾਣ ਵਾਲੇ ਕਿਸਾਨਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਸੜਕ ਦੇ ਬੰਦ ਹੋਣ ਕਾਰਨ ਲੋਕਾਂ ਦਾ ਸ਼ਹਿਰਾਂ ਅਤੇ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ। ਇਸ ਸਮੱਸਿਆ ਨੂੰ ਲੈ ਕੇ ਪਿੰਡ ਹੱਸੂ, ਨੌਰੰਗ ਅਤੇ ਦੇਸੂ ਮਲਕਾਣਾ ਦੇ ਲੋਕਾਂ ਨੇ ਇਸ ਪੁਲ ’ਤੇ ਇਕੱਠੇ ਹੋ ਕੇ ਰੋਸ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਦੋਂ ਤੱਕ ਇਹ ਪੁਲ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਆਰਜ਼ੀ ਪੁਲ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਪਿੰਡ ਦੇ ਸਾਬਕਾ ਪੰਚ ਲੀਲਾ ਸਿੰਘ, ਗੁਰਰਾਜ ਸਿੰਘ ਐਡਵੋਕੇਟ, ਤਰਸੇਮ ਸਿੰਘ, ਅਵਤਾਰ ਸਿੰਘ, ਛੋਟੂ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਹਰਵਿੰਦਰ ਗਿੱਲ, ਅਜੈਬ ਸਿੰਘ ਦੇਸੂ ਮਲਕਾਣਾ ਅਤੇ ਪਿੰਡ ਵਾਸੀ ਹਾਜ਼ਰ ਸਨ। ਠੇਕੇਦਾਰ ਦੇ ਮੁਨਸ਼ੀ ਬਿੱਟੂ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਆਰਜ਼ੀ ਪੁਲ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਕਿਉਂਕਿ ਇਸ ਤੋਂ ਪਹਿਲਾਂ ਮੌਜਗੜ੍ਹ ਰਜਵਾਹਾ ’ਤੇ ਆਰਜ਼ੀ ਪੁਲ ਬਣਾਇਆ ਗਿਆ ਸੀ, ਜਿਸ ਕਾਰਨ ਪੁਲ ਦੇ ਹੇਠਾਂ ਘਾਹ-ਫੂਸ ਫਸ ਗਿਆ ਸੀ, ਜਿਸ ਪਿੱਛੇ ਪਾਣੀ ਦਾ ਦਬਾਅ ਵਧਣ ਕਾਰਨ ਰਜਵਾਹਾ ਟੁੱਟ ਗਿਆ। ਜੇ ਵਿਭਾਗ ਵੱਲੋਂ ਮਨਜ਼ੂਰੀ ਦਿੱਤੀ ਗਈ ਤਾਂ ਪੁਲ ਬਣਾਉਣ ਲਈ ਤਿਆਰ ਹਨ।