ਸ਼ੇਰਾਂਵਾਲੀ ਨਹਿਰ ਦੀ ਸਫ਼ਾਈ ਕਾਰਨ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ
ਜਗਤਾਰ ਸਮਾਲਸਰ
ਏਲਨਾਬਾਦ, 10 ਜੂਨ
ਏਲਨਾਬਾਦ ਖੇਤਰ ਦੇ ਰਾਜਸਥਾਨ ਦੀ ਹੱਦ ਨਾਲ ਲੱਗਦੇ ਅੱਧੀ ਦਰਜਨ ਪਿੰਡਾਂ ਕਰਮਸ਼ਾਣਾ, ਮਿਠੁਨਪੁਰਾ, ਢਾਣੀ ਸ਼ੇਰਾ, ਢਾਣੀ ਸਿੱਧੂ, ਕਿਸ਼ਨਪੁਰਾ ਖਾਰੀ ਸੁਰੇਰਾ ਅਤੇ ਢਾਣੀਆਂ ਵਿੱਚ ਪਿਛਲੇ 20 ਦਿਨਾਂ ਤੋਂ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕ ਦੀ ਕਿੱਲਤ ਨਾਲ ਜੂਝ ਰਹੇ ਹਨ।
ਲੋਕਾਂ ਨੇ ਦੱਸਿਆ ਕਿ ਇੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਉਹ ਨਹਿਰੀ ਪਾਣੀ ’ਤੇ ਨਿਰਭਰ ਹਨ ਪਰ ਇੱਥੇ ਆਉਂਦੀ ਸ਼ੇਰਾਂਵਾਲੀ ਭਾਖੜਾ ਬਰਾਂਚ ਨਹਿਰ ਵਿੱਚ ਪਾਣੀ ਨਾ ਆਉਣ ਕਾਰਨ ਉਹ ਰਾਜਸਥਾਨ ਦੇ ਪਿੰਡਾਂ ’ਚੋਂ 1000 ਤੋਂ 1500 ਰੁਪਏ ਪ੍ਰਤੀ ਟੈਂਕਰ ਦੇ ਹਿਸਾਬ ਨਾਲ ਪਾਣੀ ਲਿਆਉਣ ਲਈ ਮਜਬੂਰ ਹਨ। ਨਹਿਰੀ ਵਿਭਾਗ ਅਨੁਸਾਰ 7 ਜੂਨ ਦੀ ਸ਼ਾਮ ਨੂੰ ਢਾਣੀ ਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ ਪਰ ਦੋ ਦਿਨ ਪਹਿਲਾਂ ਆਈ ਹਨੇਰੀ ਕਾਰਨ ਨਹਿਰ ਵਿੱਚ ਕਾਫੀ ਕਚਰਾ ਅਤੇ ਦਰੱਖਤ ਡਿੱਗ ਪਏ ਹਨ। ਹੁਣ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਜੇਸੀਬੀ ਮਸ਼ੀਨ ਦੀ ਮਦਦ ਨਾਲ ਭਾਖੜਾ ਨਹਿਰ ਵਿੱਚੋਂ ਕੂੜਾ ਕੱਢਣ ਵਿੱਚ ਲੱਗੇ ਹੋਏ ਹਨ।
ਇਸ ਦੌਰਾਨ ਨੌਜਵਾਨ ਕਿਸਾਨ ਆਗੂ ਕੁਲਦੀਪ ਮੁਦਲੀਆ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਜਾਈ ਦੇ ਪਾਣੀ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ ਪਰ ਕਿਸੇ ਵੀ ਸਰਕਾਰ, ਸਥਾਨਕ ਵਿਧਾਇਕ, ਸੰਸਦ ਮੈਂਬਰ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਹੁਣ ਪਾਣੀ ਨਾ ਆਉਣ ਕਾਰਨ ਜਲ ਘਰ ਦੀਆਂ ਡਿੱਗੀਆਂ ਖਾਲੀ ਪਈਆਂ ਹਨ। ਲੋਕ ਪਾਣੀ ਆਉਣ ਦੀ ਉਡੀਕ ਵਿੱਚ ਜਲ ਘਰ ਦੀਆਂ ਡਿੱਗੀਆਂ ਦੀ ਸਫ਼ਾਈ ਵੀ ਖੁਦ ਕਰ ਰਹੇ ਹਨ। ਇਸ ਦੌਰਾਨ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਿਕ ਜੇ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।