ਨਹਿਰ ਵਿੱਚ ਪਾੜ ਕਾਰਨ ਝੋਨੇ ਦੀ ਫ਼ਸਲ ’ਚ ਪਾਣੀ ਭਰਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ’ਚੋਂ ਲੰਘਦੀ ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਪੱਕੀ ਪਈ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ। ਇਹ ਨਹਿਰ ਅੱਜ ਦੁਪਹਿਰ ਸਮੇਂ ਟੁੱਟੀ ਦੱਸੀ ਗਈ ਹੈੈ। ਪੀੜਤ ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰ ਦੀ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ। ਨਹਿਰ ਦੇ ਪਾੜ ਨੂੰ ਪੂਰਨ ਦੇ ਲਈ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਯਤਨ ਕੀਤੇ ਗਏ, ਜਦੋਂ ਕਿ ਨਹਿਰੀ ਮਹਿਕਮੇ ਦੇ ਅਧਿਕਾਰੀ ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਲਈ ਰੁੱਝੇ ਹੋਏ ਸਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਨੰਗਲ ਕਲਾਂ ਵਿਖੇ ਇਹ ਨਹਿਰ ਢਾਬ ਵਾਲੇ ਮੋਘੇ ਕੋਲ ਟੁੱਟੀ ਹੈ। ਉਨ੍ਹਾਂ ਦੱਸਿਆ ਕਿ ਨਹਿਰ ’ਚ 20 ਫੁੱਟ ਪਾੜ ਪੈ ਗਿਆ ਅਤੇ 6 ਘੰਟਿਆਂ ਦੀ ਵੱਡੀ ਮੁਸ਼ੱਕਤ ਤੋਂ ਬਾਅਦ ਕਿਸਾਨਾਂ ਨੇ ਜੇਸੀਬੀ ਮੰਗਵਾਕੇ ਪੂਰਿਆ। ਉਨ੍ਹਾਂ ਦੱਸਿਆ ਕਿ ਝੋਨੇ ਦੇ ਜਿਹੜੇ ਖੇਤਾਂ ਵਿੱਚ ਟੁੱਟੀ ਨਹਿਰ ਦਾ ਪਾਣੀ ਭਰਿਆ ਹੈ, ਉਨ੍ਹਾਂ ਵਿੱਚ ਕੱਲ੍ਹ ਨੂੰ ਵਾਢੀ ਲਈ ਕੰਬਾਈਨ ਲੱਗਣੀ ਸੀ। ਉਨ੍ਹਾਂ ਕਿਹਾ ਕਿ ਇਹ ਫ਼ਸਲ ਛੋਟੇ ਕਿਸਾਨਾਂ ਦੀ ਸੀ, ਜਿਨ੍ਹਾਂ ਕੋਲ ਖੇਤੀ ਤੋਂ ਸਿਵਾਏ ਹੋਰ ਕੋਈ ਆਮਦਨ ਦਾ ਵਸੀਲਾ ਨਹੀਂ ਹੈ।
ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਇਸੇ ਦੌਰਾਨ ਹੀ ਪਿੰਡ ਖਿੱਲਣ ਵਿੱਚ ਇੱਕ ਕੱਸੀ ਟੁੱਟ ਗਈ, ਜਿਸ ਨੂੰ ਕਿਸਾਨਾਂ ਨੇ ਆਪਣੀ ਹਿੰਮਤ ਨਾਲ ਹੀ ਬੰਦ ਕੀਤਾ। ਇਸੇ ਦੌਰਾਨ ਪਿੰਡ ਨੰਗਲ ਕਲਾਂ ਦੇ ਪੀੜਤ ਕਿਸਾਨ ਸੁਖਵਿੰਦਰ ਸਿੰਘ, ਜੱਸਾ ਸਿੰਘ, ਭੋਲਾ ਸਿੰਘ ਅਤੇ ਵਿੱਕੀ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਨਹਿਰਾਂ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰਾਂ ਦੀ ਸਫ਼ਾਈ ਤੁਰੰਤ ਕਰਵਾਈ ਜਾਵੇ।