ਘੱਗਰ ’ਚ ਪਾੜ ਪੈਣ ਕਾਰਨ ਮੂਨਕ ’ਚ ਹੜ੍ਹ, ਪਟਿਆਲਾ ’ਚ ਵੱਡੀ ਨਦੀ ’ਚ ਪਾਣੀ ਘਟਿਆ
ਗੁਰਦੀਪ ਸਿੰਘ ਲਾਲੀ/ ਪੰਜਾਬ ਟ੍ਰਿਬਿਊਨ ਵੈੱਬ ਡੈੱਸਕ
ਸੰਗਰੂਰ/ਚੰਡੀਗੜ੍ਹ, 12 ਜੁਲਾਈ
ਘੱਗਰ ਵਿੱਚ ਤਿੰਨ ਪਾੜ ਪੈਣ ਕਾਰਨ ਸੰਗਰੂਰ ਦੇ ਮੂਨਕ ਵਿੱਚ ਹੜ੍ਹ ਆ ਗਿਆ, ਜਦ ਕਿ ਪ੍ਰਸ਼ਾਸਨ ਨੇ ਇਕ ਪਾੜ ਨੂੰ ਪੂਰ ਦਿੱਤਾ ਹੈ। ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਵੱਲੋਂ ਮਕੋਰੜ ਸਾਹਿਬ ਵਿਖੇ ਕਿਸ਼ਤੀ ’ਚ ਬੈਠ ਕੇ ਇਲਾਕੇ ਦਾ ਜਾਇਜ਼ਾ ਲਿਆ। ਮਕੋਰੜ ਸਾਹਿਬ ਵਿਖੇ ਸਵੇਰ ਤੋਂ ਹੀ ਪਾੜ ਪੂਰਨ ਦੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਵਿਧਾਇਕ ਲਹਿਰਾਗਾਗਾ ਦੇ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਇਥੇ ਮੌਜੂਦ ਹੈ। ਮੰਡਵੀ ਵਿਚ ਪਿਆ ਪਾੜ ਪੂਰ ਦਿੱਤਾ ਗਿਆ ਹੈ ਅਤੇ ਬਾਕੀ ਦੋ ਥਾਵਾਂ ਤੇ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ਉੱਤੇ ਕੰਮ ਜਾਰੀ ਹਨ।ਇਸ ਤੋਂ ਪਹਿਲਾਂ ਸੰਗਰੂਰ ਦੇ ਡੀਸੀ ਨੇ ਚਿਤਾਵਨੀ ਦਿੱਤੀ ਸੀ ਕਿ ਘੱਗਰ ’ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਇਸ ਦਾ ਪਾਣੀ ਜ਼ਿਲ੍ਹੇ ਦੇ ਪਿੰਡਾਂ ’ਚ ਦਾਖਲ ਹੋ ਸਕਦਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਪਾੜ ਘੱਗਰ ਦੇ ਬੰਨ੍ਹ ਦੀ ਮੁਰੰਮਤ ਨਾ ਹੋਣ ਕਾਰਨ ਪਏ ਹਨ। ਇਸ ਕਾਰਨ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਇਸ ਦੌਰਾਨ ਪਟਿਆਲਾ ਦੀਆਂ 6 ਕਲੋਨੀਆਂ, ਜਿੱਥੇ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਸੀ, ਦੇ ਵਾਸੀਆਂ ਨੂੰ ਰਾਹਤ ਮਿਲੀ ਹੈ। ਵੱਡੀ ਨਦੀ ਵਿੱਚ ਪਾਣੀ ਦਾ ਪੱਧਰ 17.5 ਤੋਂ 13.6 ਤੱਕ ਹੇਠਾਂ ਆ ਗਿਆ ਹੈ। ਜਲੰਧਰ 'ਚ ਸ਼ਾਹਕੋਟ ਦੇ ਪਿੰਡ ਨਸੀਰਪੁਰ 'ਚ ਧੁੱਸੀ ਬੰਨ੍ਹ 'ਚ ਪਾੜ 300 ਫੁੱਟ ਤੱਕ ਚੌੜਾ ਹੋ ਗਿਆ ਹੈ ਪਰ ਇਸ ਦੇ ਨੇੜੇ ਪਾਣੀ ਦਾ ਵਹਾਅ ਮੱਠਾ ਪੈ ਗਿਆ ਹੈ। ਫਿਲੌਰ ਵਿੱਚ ਪੁਲੀਸ ਟਰੇਨਿੰਗ ਅਕੈਡਮੀ ਦੇ ਨੇੜੇ 100 ਫੁੱਟ ਦੇ ਇੱਕ ਹੋਰ ਪਾੜ ਕਾਰਨ ਇਲਾਕੇ ਵਿੱਚ ਪਾਣੀ ਭਰ ਗਿਆ।