For the best experience, open
https://m.punjabitribuneonline.com
on your mobile browser.
Advertisement

ਆੜ੍ਹਤੀਆਂ ਤੇ ਗੱਲਾ ਮਜ਼ਦੂਰਾਂ ਦੇ ਬਾਈਕਾਟ ਕਾਰਨ ਮੰਡੀਆਂ ਦਾ ਕੰਮਕਾਜ ਠੱਪ

08:03 AM Oct 06, 2024 IST
ਆੜ੍ਹਤੀਆਂ ਤੇ ਗੱਲਾ ਮਜ਼ਦੂਰਾਂ ਦੇ ਬਾਈਕਾਟ ਕਾਰਨ ਮੰਡੀਆਂ ਦਾ ਕੰਮਕਾਜ ਠੱਪ
ਜਗਰਾਉਂ ਮੰਡੀ ਵਿੱਚ ਧਰਨੇ ’ਤੇ ਬੈਠੇ ਹੋਏ ਆੜ੍ਹਤੀ ਤੇ ਗੱਲਾ ਮਜ਼ਦੂਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਅਕਤੂਬਰ
ਆਪਣੀਆਂ ਮੰਗਾਂ ਬਾਰੇ ਆੜ੍ਹਤੀ ਤੇ ਗੱਲਾ ਮਜ਼ਦੂਰ ਪਿਛਲੇ ਪੰਜ ਦਿਨਾਂ ਤੋਂ ਹੜਤਾਲ ’ਤੇ ਹਨ। ਉਨ੍ਹਾਂ ਮੰਡੀਆਂ ਵਿੱਚ ਖਰੀਦ ਤੇ ਚੁਕਾਈ ਕਰਨ ਦਾ ਬਾਈਕਾਟ ਕੀਤਾ ਹੋਇਆ ਹੈ ਜਿਸ ਕਰਕੇ ਮੰਡੀਆਂ ’ਚ ਸਾਰਾ ਕੰਮਕਾਜ ਠੱਪ ਪਿਆ ਹੈ। ਸਰਕਾਰ ਨੇ ਭਾਵੇਂ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਸੀ ਪਰ ਹੜਤਾਲ ਕਰਕੇ ਹਾਲੇ ਤਕ ਖਰੀਦ ਸ਼ੁਰੂ ਨਹੀਂ ਹੋਈ। ਆੜ੍ਹਤੀ ਐਸੋਸੀਏਸ਼ਨ ਅਤੇ ਗੱਲਾ ਮਜ਼ਦੂਰ ਯੂਨੀਅਨ ਨੇ ਅੱਜ ਵੀ ਇਥੇ ਨਵੀਂ ਦਾਣਾ ਮੰਡੀ ਦੇ ਸ਼ੈੱਡ ਹੇਠਾਂ ਭਰਵੀਂ ਇਕੱਤਰਤਾ ਕਰਕੇ ਮੰਗਾਂ ਵੱਲ ਧਿਆਨ ਨਾ ਦੇਣ ਲਈ ਸਰਕਾਰ ਦੀ ਆਲੋਚਨਾ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਗੁਰਮੀਤ ਸਿੰਘ, ਜਤਿੰਦਰ ਸਿੰਘ ਚਚਰਾੜੀ, ਭੂਸ਼ਣ ਕੁਮਾਰ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਦੇਵਰਾਜ ਤੇ ਜਗਤਾਰ ਸਿੰਘ ਤਾਰੀ ਨੇ ਕਿਹਾ ਕਿ ਆੜ੍ਹਤੀ ਵਰਗ ਦੀ ਆੜ੍ਹਤ ਪ੍ਰਤੀ ਕੁਇੰਟਲ 46 ਰੁਪਏ ਕਰਵਾਉਣ ਲਈ ਉਹ ਪੰਜ ਦਿਨ ਤੋਂ ਧਰਨੇ ’ਤੇ ਹਨ। ਇਸੇ ਤਰ੍ਹਾਂ ਗੱਲਾ ਮਜ਼ਦੂਰਾਂ ਦੀ ਮਜ਼ਦੂਰੀ ’ਚ ਪੱਚੀ ਫ਼ੀਸਦ ਵਾਧੇ ਲਈ ਵੀ ਇਹ ਵਰਗ ਮੰਡੀਆਂ ਦਾ ਬਾਈਕਾਟ ਕਰਕੇ ਹੜਤਾਲ ’ਚ ਸ਼ਾਮਲ ਹੈ। ਪਰ ਝੋਨੇ ਦਾ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਸਰਕਾਰ ਅੜੀ ਹੋਈ ਹੈ। ਧਰਨੇ ਦੌਰਾਨ ਸ਼ੈਲਰਾਂ ’ਚ ਪਿਛਲੇ ਸੀਜ਼ਨ ਦੇ ਪਏ ਚੌਲ ਚੁੱਕਣ ਅਤੇ ਅਗਲੇ ਸੀਜ਼ਨ ਲਈ ਥਾਂ ਖਾਲੀ ਕਰਨ, ਪੱਕੀਆਂ ਕੱਚੀਆਂ ਮੰਡੀਆਂ ’ਚ ਸੁੱਰਖਿਆ ਦਾ ਪੱਕਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ। ਪੱਲੇਦਾਰ ਆਗੂਆਂ ਨੇ ਕਿਹਾ ਕਿ ਗੱਲਾ ਮਜ਼ਦੂਰ ਪਿਛਲੇ ਚਾਰ ਸਾਲਾਂ ਤੋਂ ਮਜ਼ਦੂਰੀ ਰੇਟਾਂ ’ਚ ਵਾਧੇ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਮੰਨਣ ਦੇ ਬਾਵਜੂਦ ਮਸਲਾ ਹੱਲ ਨਹੀਂ ਕਰ ਰਹੀ। ਮੰਗਾਂ ਨਾ ਮੰਨਣ ’ਤੇ ਧਰਨਾਕਾਰੀਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।

Advertisement

ਮੰਡੀਆਂ ’ਚ ਫਸਲ ਦੀ ਰਾਖੀ ਬੈਠੇ ਕਿਸਾਨ ਚਿੰਤਤ

ਮਾਛੀਵਾੜਾ (ਪੱਤਰ ਪ੍ਰੇਰਕ): ਇਥੋਂ ਦੀ ਅਨਾਜ ਮੰਡੀ ਵਿੱਚ ਫਸਲ ਲੈ ਕੇ ਬੈਠੇ ਹੋਏ ਕਿਸਾਨ ਦਿਨ ਪ੍ਰਤੀ ਦਿਨ ਚਿੰਤਾ ਵਿੱਚ ਡੁੱਬਦੇ ਜਾ ਰਹੇ ਹਨ ਤੇ ਹੌਲੀ ਹੌਲੀ ਉਨ੍ਹਾਂ ਦੇ ਸਬਰ ਦਾ ਬੰਨ੍ਹ ਵੀ ਹੁਣ ਟੁੱਟਦਾ ਜਾਪ ਰਿਹਾ ਹੈ। ਮਾਛੀਵਾੜਾ ਅਨਾਜ ਮੰਡੀ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਫਸਲ ਵੇਚਣ ਦੀ ਉਡੀਕ ਵਿੱਚ ਬੈਠੇ ਜੋਗਾ ਸਿੰਘ ਕਾਉਂਕੇ, ਗੁਰਮੇਲ ਸਿੰਘ ਕਾਉਂਕੇ, ਜਸਦੇਵ ਸਿੰਘ ਟਾਂਡਾ ਕੁਸ਼ਲ ਸਿੰਘ, ਬਲਦੇਵ ਸਿੰਘ ਕਾਉਂਕੇ, ਗਿਆਨ ਸਿੰਘ ਤੇ ਜੰਗ ਸਿੰਘ ਲੁਬਾਣਗੜ੍ਹ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮੰਡੀ ਵਿੱਚ ਫਸਲ ਵਿਕਣ ਦੀ ਉਡੀਕ ਕਰ ਰਹੇ ਹਨ। ਫਸਲ ਦੀ ਰਾਖੀ ਕਰਦਿਆਂ ਉਨ੍ਹਾਂ ਨੂੰ ਦਿਨ ਰਾਤ ਖੱਜਲ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਜਿਥੇ ਰਾਤ ਨੂੰ ਖੁੱਲ੍ਹੇ ਅਸਮਾਨ ਹੇਠ ਉਨ੍ਹਾਂ ਨੂੰ ਮੱਛਰ ਸੌਣ ਨਹੀਂ ਦਿੰਦੇ ਉਥੇ ਹੀ ਦਿਨ ਵੇਲੇ ਹੜਤਾਲ ਤੱਸ ਤੋਂ ਮੱਸ ਨਾ ਹੁੰਦੀ ਵੇਖ ਉਨ੍ਹਾਂ ਨੂੰ ਫਿਕਰ ਵੱਢ ਵੱਢ ਖਾਣ ਲੱਗ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਆੜ੍ਹਤੀਆਂ, ਮਜ਼ਦੂਰਾਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਇਹ ਹੜਤਾਲ ਖਤਮ ਕਰਵਾਏ ਤਾਂ ਜੋ ਉਹ ਆਪਣੀਆਂ ਫਸਲਾਂ ਵੇਚ ਕੇ ਸੁਰਖਰੂ ਹੋ ਸਕਣ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਛੇਤੀ ਹੀ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਮਜਬੂਰੀ ਵਿੱਚ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਏਗਾ।

Advertisement

Advertisement
Author Image

Advertisement