ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਨੇ ਨਰਮਾ ਵਾਹਿਆ
ਪਰਮਜੀਤ ਸਿੰਘ
ਫ਼ਾਜ਼ਿਲਕਾ, 24 ਜੁਲਾਈ
ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ’ਤੇ ਸ਼ੁਰੂਆਤੀ ਦੌਰ ਵਿੱਚ ਹੀ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਨਜ਼ਰ ਆ ਰਿਹਾ ਹੈ। ਪਿੰਡ ਬੁਰਜ ਹਨੂੰਮਾਨਗੜ੍ਹ ਦੇ ਕਿਸਾਨ ਹੈਪੀ ਚਹਿਲ ਨੇ ਆਪਣੇ ਖੇਤ ਵਿੱਚ ਬੀਜਿਆ 4 ਕਿਲਿਆਂ ਤੋਂ ਜ਼ਿਆਦਾ ਨਰਮਾ ਅੱਜ ਵਾਹ ਦਿੱਤਾ। ਦੱਸ ਦੇਈਏ ਕਿ ਨਰਮੇ ਦੀ ਫ਼ਸਲ ਦਾ ਕੱਦ 5-5 ਫੁੱਟ ਸੀ ਅਤੇ ਫ਼ਸਲ ਨੂੰ ਕਾਫ਼ੀ ਵੱਡੀ ਮਾਤਰਾ ਵਿੱਚ ਫ਼ਲ ਵੀ ਲੱਗ ਗਿਆ ਸੀ ਜੋ ਆਉਣ ਵਾਲੇ ਦਨਿਾਂ ਵਿੱਚ ਖਿੜ੍ਹਨ ਵਾਲੀ ਸੀ ਅਤੇ ਚੁਗਾਈ ਵੀ ਅਗਸਤ ਜਾਂ ਸਤੰਬਰ ਵਿੱਚ ਹੀ ਸ਼ੁਰੂ ਹੋ ਜਾਣੀ ਸੀ। ਕਿਸਾਨ ਹੈਪੀ ਚਹਿਲ ਨੇ ਦੱਸਿਆ ਕਿ ਇਹ ਕਿਸਾਨਾਂ ਲਈ ਇਹ ਸ਼ਾਇਦ ਮਾੜਾ ਵੇਲਾ ਹੈ। ਉਸ ਨੇ ਕਿਹਾ ਕਿ ਹੁਣ ਤੱਕ ਕਾਫ਼ੀ ਖਰਚ ਹੋ ਗਿਆ ਸੀ। ਦੱਸ ਦੇਈਏ ਕਿ ਹੁਣ ਤੱਕ ਕਿਸਾਨਾਂ ਵੱਲੋਂ ਨਰਮੇ ਦੀ ਭਰਵੀਂ ਫ਼ਸਲ ਦੀ ਉਮੀਦ ਲੈ ਕੇ ਖਰਚ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਬੀਜ ’ਤੇ ਸਬਸਿਡੀ ਮੁਹੱਈਆ ਕਰਵਾਈ ਗਈ ਹੈ, ਪਰ ਫਿਰ ਵੀ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਬਿਜਾਈ ਤੋਂ ਬਾਅਦ ਕਿਸਾਨਾਂ ਨੇ ਦੋ ਵਾਰ ਨਦੀਨਾਂ ਦੀ ਗੁਡਾਈ ਅਤੇ ਸਪਰੇਆਂ ਤੱਕ ਕਰ ਦਿੱਤੀਆਂ ਹਨ।