ਹੋਰ ਜ਼ਿਲ੍ਹਿਆਂ ’ਚੋਂ ਝੋਨਾ ਜਗਰਾਉਂ ਮੰਡੀ ਆਉਣ ਕਾਰਨ ਦਿੱਕਤ ਵਧੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਨਵੰਬਰ
ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ’ਚ ਝੋਨੇ ਦੇ ਅੰਬਾਰ ਹਾਲੇ ਤਕ ਲੱਗੇ ਪਏ ਹਨ। ਚੁਕਾਈ ਦੀ ਰਫ਼ਤਾਰ ਬੇਹੱਦ ਮੱਠੀ ਹੋਣ ਕਰਕੇ ਇਕ ਪਾਸੇ ਮੁੱਖ ਮੰਡੀ ਸਮੇਤ ਪੇਂਡੂ ਖੇਤਰ ਦੀਆਂ ਮੰਡੀਆਂ ’ਚ ਬੋਰੀਆਂ ਹੀ ਬੋਰੀਆਂ ਨਜ਼ਰ ਆ ਰਹੀਆਂ ਹਨ, ਤਾਂ ਦੂਜੇ ਪਾਸੇ ਝੋਨੇ ਦੀ ਆਮਦ ਹਾਲੇ ਵੀ ਜਾਰੀ ਹੈ। ਸਮੱਸਿਆ ਪਹਿਲਾਂ ਹੀ ਗੰਭੀਰ ਬਣੀ ਹੋਈ ਹੈ ਅਤੇ ਉਪਰੋਂ ਹੋਰਨਾਂ ਜ਼ਿਲ੍ਹਿਆਂ ’ਚੋਂ ਇਲਾਕੇ ਦੇ ਸ਼ੈਲਰਾਂ ‘ਚ ਆ ਰਹੇ ਝੋਨੇ ਨੇ ਸਮੱਸਿਆ ਨੂੰ ਉਲਝਾ ਦਿੱਤਾ ਹੈ। ਇਕ ਤਾਂ ਟਰੱਕਾਂ ਦੀ ਘਾਟ ਕਰਕੇ ਲਿਫਟਿੰਗ ਜੂੰ ਦੀ ਰਫ਼ਤਾਰ ਹੁੰਦੀ ਹੈ ਅਤੇ ਮਜ਼ਦੂਰਾਂ ਦੀ ਵੱਡੀ ਘਾਟ ਵੀ ਰੜਕਦੀ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਇਕ ਉੱਚ ਪੱਧਰੀ ਵਫ਼ਦ ਨੇ ਤਾਂ ਅੱਜ ਇਸ ਮੁੱਦੇ ’ਤੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ। ਇਸ ਗੱਲਬਾਤ ਦਾ ਸਿੱਟਾ ਇਹ ਹੋਇਆ ਕਿ ਮੁੱਲਾਂਪੁਰ ਇਲਾਕੇ ਦੇ ਸ਼ੈਲਰਾਂ ’ਚ ਬਾਹਰਲੇ ਜ਼ਿਲ੍ਹਿਆਂ ’ਚੋਂ ਝੋਨੇ ਦੇ ਆਉਣ ਵਾਲੇ ਟਰਾਲੇ ਇਕ ਹਫ਼ਤੇ ਲਈ ਰੋਕ ਦਿੱਤੇ ਗਏ ਹਨ। ਇਲਾਕੇ ਦੀਆਂ ਮੰਡੀਆਂ ’ਚੋਂ ਚੁਕਾਈ ਨੂੰ ਪਹਿਲ ਦੇਣ ਦੀ ਸਹਿਮਤੀ ਬਣ ਜਾਣ ਕਰਕੇ ਹੁਣ ਮੁੱਲਾਂਪੁਰ ਇਲਾਕੇ ਦੀਆਂ ਮੰਡੀਆਂ ’ਚੋਂ ਲਿਫਟਿੰਗ ਦਾ ਕੰਮ ਤੇਜ਼ੀ ਫੜਨ ਦੇ ਆਸਾਰ ਹਨ।
ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਤਾੜਨਾ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਅੱਜ ਮੰਡੀਆਂ ਦੇ ਦੌਰੇ ਮਗਰੋਂ ਕਿਹਾ ਕਿ ਪਿਛਲੇ 52 ਸਾਲਾਂ ’ਚ ਝੋਨੇ ਦੇ ਸੀਜ਼ਨ ਦੌਰਾਨ ਅਜਿਹੀ ਖੁਆਰੀ ਕਦੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂ ‘ਤੇ ਲੋਕ ਠੱਗੇ ਗਏ ਅਤੇ ਜੇਕਰ ਮੰਡੀਆਂ ਦੇ ਹਾਲਾਤ ਫੌਰੀ ਨਾ ਸੁਧਰੇ ਤਾਂ ਕਿਸਾਨ ਜਥੇਬੰਦੀਆਂ ਇਸ ਮੁੱਦੇ ’ਤੇ ਵੱਡਾ ਸੰਘਰਸ਼ ਵਿੱਢਣਗੀਆਂ। ਉਨ੍ਹਾਂ ਮਿਲੀਭੁਗਤ ਨਾਲ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਕੀਤੇ ਜਾਣ ਦਾ ਦੋਸ਼ ਵੀ ਲਾਇਆ।