For the best experience, open
https://m.punjabitribuneonline.com
on your mobile browser.
Advertisement

ਰਾਣਾ ਗੁਰਜੀਤ ਤੇ ਰਾਣਾ ਇੰਦਰ ਪ੍ਰਤਾਪ ਦੀਆਂ ਸਰਗਰਮੀਆਂ ਕਾਰਨ ਕਾਂਗਰਸੀਆਂ ’ਚ ਹਲਚਲ

10:29 AM Apr 22, 2024 IST
ਰਾਣਾ ਗੁਰਜੀਤ ਤੇ ਰਾਣਾ ਇੰਦਰ ਪ੍ਰਤਾਪ ਦੀਆਂ ਸਰਗਰਮੀਆਂ ਕਾਰਨ ਕਾਂਗਰਸੀਆਂ ’ਚ ਹਲਚਲ
ਟਕਸਾਲੀ ਕਾਂਗਰਸੀਆਂ ਨਾਲ ਮੀਟਿੰਗ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ।
Advertisement

ਮਿਹਰ ਸਿੰਘ
ਕੁਰਾਲੀ, 21 ਅਪਰੈਲ
ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੇ ਇਛੁੱਕ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀਆਂ ਸਰਗਰਮੀਆਂ ਨੇ ਹਲਕੇ ਵਿੱਚ ਹਲਚਲ ਛੇੜ ਦਿੱਤੀ ਹੈ। ਦੋਵੇਂ ਵਿਧਾਇਕ ਪਿਓ-ਪੁੱਤਰਾਂ ਵੱਲੋਂ ਹਲਕੇ ਵਿੱਚ ਟਕਸਾਲੀ ਕਾਂਗਰਸੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਜਿਸ ਨੂੰ ਟਿਕਟ ਮਿਲਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ’ਤੇ ਇਸ ਵੇਲੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਪਰ ਇੱਥੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨਣ ਕਾਰਨ ਕਾਂਗਰਸ ਪਾਰਟੀ ਵੱਲੋਂ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਨਵੇਂ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਕਾਂਗਰਸ ਪਾਰਟੀ ਦੀ ਟਿਕਟ ਦੇ ਚਾਹਵਾਨਾਂ ਵਿੱਚ ਭਾਵੇਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਅੰਗਦ ਸਿੰਘ, ਰਾਣਾ ਕੇਪੀ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਦੇ ਨਾਂ ਵੀ ਚਰਚਾ ਵਿੱਚ ਹਨ। ਬਲਬੀਰ ਸਿੰਘ ਸਿੱਧੂ, ਰਾਣਾ ਕੇਪੀ ਸਿੰਘ ਅਤੇ ਅੰਗਦ ਸਿੰਘ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨਾਲ ਹੀ ਸਬੰਧਤ ਹੋਣ ਕਾਰਨ ਲਗਾਤਾਰ ਟਿਕਟ ਦਾ ਦਾਅਵਾ ਠੋਕ ਰਹੇ ਹਨ। ਪਰ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਹਲਕੇ ਵਿੱਚ ਸਗਰਮੀਆਂ ਲਗਾਤਾਰ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ‘ਆਪ’ ਦੀ ਹਨੇਰੀ ਦੌਰਾਨ ਵੀ ਆਪਣੀ ਸੀਟ ਬਚਾਉਣ ਵਿੱਚ ਸਫ਼ਲ ਰਹੇ ਸਨ, ਉੱਥੇ ਉਨ੍ਹਾਂ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਜਿੱਤ ਦਰਜ ਕੀਤੀ ਸੀ।

Advertisement

ਕੁਰਾਲੀ ਦੇ ਟਕਸਾਲੀ ਕਾਂਗਰਸ ਪਰਿਵਾਰ ਨਾਲ ਕੀਤੀ ਮੀਟਿੰਗ

ਰਾਣਾ ਗੁਰਜੀਤ ਸਿੰਘ ਤੇ ਪੁੱਤਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸ਼ਹਿਰ ਦੇ ਟਕਸਾਲੀ ਕਾਂਗਰਸੀ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਕੌਂਸਲਰ ਨੇਤਰ ਮਣੀ ਗੌਤਮ ਦੇ ਪਰਿਵਾਰ ਨਾਲ ਮੀਟਿੰਗ ਕੀਤੀ। ਇਸ ਮੌਕੇ ਸਿਟੀ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੌਤਮ, ਹਰਦੇਵ ਗੌਤਮ, ਹਰੀਸ਼ ਗੌਤਮ ਅਤੇ ਅਮਿਤ ਗੌਤਮ, ਰਾਣਾ ਸੁਖਵੀਰ ਸਿੰਘ, ਹਰਬੰਸ ਸਿੰਘ ਬੰਨ੍ਹਮਾਜਰਾ, ਹਰਨੇਕ ਸਿੰਘ ਮੁਗਲਮਾਜਰੀ, ਸਾਧੂ ਰਾਮ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਸਬੰਧੀ ਵੀ ਚਰਚਾ ਹੋਈ। ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਦੇ ਸਮੂਹ ਕਾਂਗਰਸੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।

Advertisement
Author Image

sukhwinder singh

View all posts

Advertisement
Advertisement
×