ਅਨਾਜ ਮੰਡੀ ਭਵਾਨੀਗੜ੍ਹ ’ਚ ਢੋਆਈ ਰੁਕਣ ਕਾਰਨ ਕਣਕ ਦੇ ਅੰਬਾਰ ਲੱਗੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਅਪਰੈਲ
ਇਥੋਂ ਦੀ ਅਨਾਜ ਮੰਡੀ ਸਮੇਤ ਬਲਾਕ ਦੇ 18 ਖਰੀਦ ਕੇਂਦਰਾਂ ਵਿੱਚ ਖਰੀਦੀ ਗਈ ਕਣਕ ਦੀ ਢੋਆਈ ਸ਼ੁਰੂ ਨਾ ਹੋਣ ਕਾਰਨ ਕਣਕ ਦੇ ਭਰੇ ਥੈਲਿਆਂ ਦੇ ਅੰਬਾਰ ਲੱਗ ਗਏ ਹਨ। ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਰਿਕਾਰਡ ਅਨੁਸਾਰ 22 ਅਪਰੈਲ ਦੀ ਸ਼ਾਮ ਤੱਕ ਤੱਕ ਅਨਾਜ ਮੰਡੀ ਵਿੱਚ 4 ਲੱਖ 3400 ਕੁਇੰਟਲ ਕਣਕ ਖਰੀਦੀ ਗਈ ਹੈ ਅਤੇ ਖਰੀਦੀ ਗਈ ਕਣਕ ਵਿੱਚੋਂ ਸਿਰਫ਼ 68 ਹਜ਼ਾਰ ਕੁਇੰਟਲ ਕਣਕ ਦੀ ਢੋਆਈ ਹੋਈ ਹੈ, ਜਿਸ ਕਾਰਨ ਖਰੀਦੀ ਗਈ ਕਣਕ ਵਿੱਚੋਂ 3 ਲੱਖ 35 ਹਜ਼ਾਰ 100 ਕੁਇੰਟਲ ਕਣਕ ਅਜੇ ਮੰਡੀ ਵਿੱਚ ਪਈ ਹੈ। ਢੋਆਈ ਦਾ ਕੰਮ ਰੁਕਣ ਕਾਰਨ ਮੰਡੀ ਵਿੱਚ ਕਣਕ ਦੇ ਥੈਲਿਆਂ ਦੇ ਅੰਬਾਰ ਲੱਗ ਗਏ ਹਨ। ਜੇਕਰ ਢੋਆਈ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਮੰਡੀ ਵਿੱਚ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੂੰ ਥਾਂ ਦੀ ਵੱਡੀ ਦਿੱਕਤ ਖੜੀ ਹੋ ਜਾਵੇਗੀ। ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਮਜ਼ਦੂਰਾਂ ਦੀ ਹੜਤਾਲ ਖਤਮ ਹੋਣ ਕਾਰਨ ਅੱਜ ਢੋਆਈ ਦਾ ਕੰਮ ਸ਼ੁਰੂ ਹੋਣਾ ਸੀ ਪਰ ਅੱਜ ਸਵੇਰੇ ਹੀ ਮੀਂਹ ਪੈਣ ਕਾਰਨ ਢੋਆਈ ਵਿੱਚ ਦਿੱਕਤ ਖੜੀ ਹੋ ਗਈ। ਉਨ੍ਹਾਂ ਕਿਹਾ ਕਿ 24 ਅਪਰੈਲ ਨੂੰ ਢੋਆਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।