For the best experience, open
https://m.punjabitribuneonline.com
on your mobile browser.
Advertisement

ਰਵਨੀਤ ਬਿੱਟੂ ਦੇ ਦਗ਼ੇ ਕਾਰਨ ਖੁਦ ਮੈਦਾਨ ਵਿੱਚ ਉਤਰਨਾ ਪਿਆ: ਰਾਜਾ ਵੜਿੰਗ

08:38 AM May 03, 2024 IST
ਰਵਨੀਤ ਬਿੱਟੂ ਦੇ ਦਗ਼ੇ ਕਾਰਨ ਖੁਦ ਮੈਦਾਨ ਵਿੱਚ ਉਤਰਨਾ ਪਿਆ  ਰਾਜਾ ਵੜਿੰਗ
ਨਾਨਕਸਰ ਵਿਖੇ ਨਤਮਸਤਕ ਹੋਣ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ। -ਫੋਟੋ: ਸ਼ੇਤਰਾ
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਣ ਉਪਰੰਤ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਇਸ ਸਮੇਂ ਉਨ੍ਹਾਂ ਦਰਬਾਰ ਸਾਹਿਬ ’ਚ ਜਾ ਕੇ ਅਰਦਾਸ ਕੀਤੀ ਅਤੇ ਨਾਨਕਸਰ ਸੰਪਰਦਾਇ ਦੇ ਵੱਖ-ਵੱਖ ਸੰਤਾਂ ਤੋਂ ਆਸ਼ੀਰਵਾਦ ਲਿਆ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸੰਜੇ ਤਲਵਾੜ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰੀਤਮ ਸਿੰਘ ਅਖਾੜਾ, ਹੈਪੀ ਖੇੜਾ, ਰਮਨ ਸੁਬਰਾਮਨੀਅਮ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਮੇਤ ਹੋਰ ਸੀਨੀਅਰ ਕਾਂਗਰਸੀ ਇਸ ਸਮੇਂ ਉਨ੍ਹਾਂ ਦੇ ਨਾਲ ਸਨ। ਉਪਰੰਤ ਜਗਰਾਉਂ ’ਚ ਪ੍ਰੈੱਸ ਕਾਨਫਰੰਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸਮੁੱਚੇ ਲੁਧਿਆਣਾ ਲੋਕ ਸਭਾ ਹਲਕੇ ’ਚ ਰੋਡ ਸ਼ੋਅ ਅਤੇ ਪ੍ਰਚਾਰ ਦੌਰਾਨ ਮਿਲੇ ਭਰਪੂਰ ਹੁੰਗਾਰੇ ਨੇ ਸਥਿਤੀ ਸਾਫ ਕਰ ਦਿੱਤੀ ਹੈ ਜਿਸ ਤਰ੍ਹਾਂ ਦਾ ਜ਼ਬਰਦਸਤ ਉਤਸ਼ਾਹ ਪਾਰਟੀ ਵਰਕਰਾਂ ’ਚ ਹੈ ਅਤੇ ਜਿਵੇਂ ਲੋਕ ਸਾਥ ਦੇ ਰਹੇ ਹਨ ਉਹ ਦਰਸਾਉਂਦਾ ਹੈ ਕਿ ਕਾਂਗਰਸ ਮਜ਼ਬੂਤ ਸਥਿਤੀ ’ਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨਾਲ ਮਿਲ ਕੇ ‘ਖੇਡ’ ਰਹੇ ਹਨ। ਇਹੋ ਕਾਰਨ ਹੈ ਕਿ ਲੁਧਿਆਣਾ ’ਚ ‘ਆਪ’ ਨੇ ਅਸ਼ੋਕ ਪਰਾਸ਼ਰ ਪੱਪੀ ਵਰਗਾ ਕਮਜ਼ੋਰ ਉਮੀਦਵਾਰ ਦਿੱਤਾ ਹੈ। ਮੀਡੀਆ ਨੇ ਜਦੋਂ ਉਲਟਾ ਉਨ੍ਹਾਂ ’ਤੇ ਕੁਝ ਹਲਕਿਆਂ ’ਚ ਕਮਜ਼ੋਰ ਉਮੀਦਵਾਰ ਦੇਣ ਦੇ ਦੋਸ਼ ਲੱਗਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸੱਚਾਈ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣ ਜਾ ਰਹੀ ਹੈ ਅਤੇ ਉਹ ਸਾਰੇ ਤੇਰਾਂ ਹਲਕਿਆਂ ’ਚ ਜਾ ਕੇ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸ਼ਾਇਦ ਉਹ ਲੋਕ ਸਭਾ ਚੋਣ ਨਾ ਲੜਦੇ ਪਰ ਰਵਨੀਤ ਬਿੱਟੂ ਵਲੋਂ ਕਮਾਏ ਦਗੇ ਅਤੇ ਪਾਰਟੀ ਦੀ ਪਿੱਠ ’ਚ ਮਾਰੇ ਛੁਰੇ ਕਰਕੇ ਉਹ ਮੈਦਾਨ ’ਚ ਨਿੱਤਰੇ ਹਨ। ਕਾਂਗਰਸ ਪਾਰਟੀ ਵੀ ‘ਧੋਖੇਬਾਜ਼ਾਂ’ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਅਤੇ ਲੋਕ ਵੀ ਇਸ ’ਚ ਲਾਜ਼ਮੀ ਸਾਥ ਦੇਣਗੇ। ਰਾਜਾ ਵੜਿੰਗ ਨੇ ਪੰਜਾਬ ’ਚ ਫੈਲੇ ਭ੍ਰਿਸ਼ਟਾਚਾਰ, ਸਨਅਤ ਦੇ ਹੋਰ ਸੂਬਿਆਂ ’ਚ ਜਾਣ, ਅਮਨ ਕਾਨੂੰਨੀ ਦੀ ਵਿਗੜੀ ਸਥਿਤੀ ਹੋਰ ਮੁੱਦਿਆਂ ’ਤੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਇਸ ਮੌਕੇ ਮਨਜੀਤ ਸਿੰਘ, ਨਵਦੀਪ ਗਰੇਵਾਲ, ਹਰਪ੍ਰੀਤ ਧਾਲੀਵਾਲ, ਅਮਨ ਕਪੂਰ ਬੌਬੀ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×