ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ’ਤੇ ਪਾਣੀ ਭਰਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਗਸਤ
ਇੱਥੇ ਸਾਰੀ ਰਾਤ ਅਤੇ ਸਵੇਰੇ ਪਏ ਮੀਂਹ ਕਾਰਨ ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਇਸ ਨਾਲ ਅੱਜ ਸਵੇਰੇ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋਈ। ਥਾਂ-ਥਾਂ ਪਾਣੀ ਭਰਨ ਕਾਰਨ ਗੱਡੀਆਂ ਦੀ ਰਫ਼ਤਾਰ ਸੁਸਤ ਹੋ ਗਈ ਅਤੇ ਰੁਝੀਆਂ ਰਹਿਣ ਵਾਲੀਆਂ ਸੜਕਾਂ ’ਤੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਦੋਪਹੀਆ ਵਾਹਨ ਚਾਲਕਾਂ ਨੂੰ ਵੀ ਵੀ ਪ੍ਰੇਸ਼ਾਨੀ ਝੱਲਣੀ ਪਈ ਅਤੇ ਕਈਆਂ ਦੇ ਸਕੂਟਰਾਂ ਤੇ ਮੋਟਰਸਾਈਕਲਾਂ ਵਿੱਚ ਪਾਣੀ ਭਰ ਗਿਆ। ਐੱਨਸੀਆਰ ਖੇਤਰ ਵਿੱਚ ਵੀ ਕਈ ਥਾਈਂ ਪਾਣੀ ਸੜਕਾਂ ’ਤੇ ਨਦੀ ਵਾਂਗ ਵਹਿ ਰਿਹਾ ਸੀ।
ਭਾਰਤੀ ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਤੋਂ ਤਿੰਨ ਡਿਗਰੀ ਘੱਟ ਹੈ। ਸਵੇਰੇ 8.30 ਵਜੇ ਨਮੀ ਦਾ ਪੱਧਰ 100 ਫ਼ੀਸਦੀ ਸੀ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਸੀ। ਰਾਸ਼ਟਰੀ ਰਾਜਧਾਨੀ ਲਈ ਪ੍ਰਤੀਨਿਧੀ ਅੰਕੜੇ ਮਾਪਣ ਲਈ ਮੰਨੇ ਜਾਂਦੇ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਵਿੱਚ ਵੀਰਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 77.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਲੋਧੀ ਰੋਡ ਆਬਜ਼ਰਵੇਟਰੀ ਵਿੱਚ 92.2 ਮਿਲੀਮੀਟਰ, ਰਿਜ ਵਿੱਚ 18.2 ਮਿਲੀਮੀਟਰ, ਪਾਲਮ ਵਿੱਚ 54.5 ਮਿਲੀਮੀਟਰ ਅਤੇ ਅਯਾਨਗਰ ਵਿੱਚ 62.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਆਈਐੱਮਡੀ ਨੇ ਦਿਨ ਦੌਰਾਨ ਮੱਧਮ ਮੀਂਹ ਜਾਂ ਗਰਜ ਨਾਲ ਮੀਂਹ ਦੇ ਨਾਲ ਬੱਦਲਵਾਈ ਦੀ ਭਵਿੱਖਬਾਣੀ ਕੀਤੀ ਸੀ ਤੇ ਸ਼ਾਮ ਨੂੰ ਵੀ ਮੀਂਹ ਪਿਆ। ਇਸ ਦੌਰਾਨ ਐਕਸ ’ਤੇ ਪੋਸਟਾਂ ਵਿੱਚ ਪੁਲੀਸ ਨੇ ਪਾਣੀ ਭਰੀਆਂ ਸੜਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਯਾਤਰੀਆਂ ਨੂੰ ਉਸ ਅਨੁਸਾਰ ਯਾਤਰਾ ਦੀ ਯੋਜਨਾ ਬਣਾਉਣ ਲਈ ਕਿਹਾ ਟਰੈਫਿਕ ਪੁਲੀਸ ਨੇ ਦੱਸਿਆ ਕਿ ਜੀਟੀਕੇ ਰੋਡ ’ਤੇ ਮਕਬਰਾ ਚੌਕ ਤੋਂ ਆਜ਼ਾਦਪੁਰ ਚੌਕ ਵੱਲ ਅਤੇ ਇਸ ਦੇ ਉਲਟ ਜੀਟੀਕੇ ਡਿਪੂ ਦੇ ਕੋਲ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਐੱਮਬੀ ਰੋਡ ’ਤੇ, ਖਾਨਪੁਰ ਤੋਂ ਸ਼ੂਟਿੰਗ ਰੇਂਜ ਟੀ-ਪੁਆਇੰਟ ਵੱਲ ਅਤੇ ਰੋਹਤਕ ਰੋਡ ਦੇ ਨੰਗਲੋਈ ਤੋਂ ਟਿੱਕਰੀ ਬਾਰਡਰ ਸੜਕ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਜੀਜੀਆਰ, ਪੀਡੀਆਰ ਅੰਡਰਪਾਸ ਅਤੇ ਧੌਲਾ ਕੂੰਆਂ ਫਲਾਈਓਵਰ ਦੇ ਹੇਠਾਂ ਰਿੰਗ ਰੋਡ ਦੇ ਨੇੜੇ ਪਾਣੀ ਭਰਨ ਕਾਰਨ, ਰਿੰਗ ਰੋਡ, ਵੰਦੇ ਮਾਤਰਮ ਮਾਰਗ ਅਤੇ ਐਨਐਚ 48 ’ਤੇ ਆਵਾਜਾਈ ਅਸਰ ਹੇਠ ਰਹੀ।
ਦਿੱਲੀ ਸਰਕਾਰ ਅਤੇ ਨਗਰ ਨਿਗਮ ਦੀ ਆਲੋਚਨਾ
ਸਾਰੀ ਰਾਤ ਮੀਂਹ ਪੈਣ ਕਾਰਨ ਕਈ ਥਾਈਂ ਪਾਣੀ ਖੜ੍ਹਨ ਕਾਰਨ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ। ਕਈ ਸੜਕਾਂ ’ਤੇ ਸਵੇਰੇ ਵੱਡੇ-ਵੱਡੇ ਜਾਮ ਲੱਗਣ ਕਾਰਨ ਲੋਕਾਂ ਨੂੰ ਦਫ਼ਤਰ ਜਾਣ ਅਤੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹਨ ਕਾਰਨ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਲਾਚਾਰ ਦਿਖਾਈ ਦਿੱਤੇ। ਇਸ ਕਾਰਨ ਲੋਕ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੀ ਆਲੋਚਨਾ ਕਰ ਰਹੇ ਸਨ। ਇਸ ਦੌਰਾਨ ਕਈ ਅੰਡਰਪਾਸਾਂ ’ਚ ਪਾਣੀ ਭਰ ਗਿਆ। ਆਵਾਜਾਈ ’ਚ ਵਿਘਨ ਪੈਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹੇ। ਲੋਕ ਸਰਕਾਰ ਅਤੇ ਨਗਰ ਨਿਗਮ ਨੂੰ ਕੋਸਦੇ ਰਹੇ।