For the best experience, open
https://m.punjabitribuneonline.com
on your mobile browser.
Advertisement

ਮੀਂਹ ਪੈਣ ਕਾਰਨ ਘੱਗਰ ’ਚ ਪਾਣੀ ਦਾ ਪੱਧਰ ਮੁੜ ਵਧਿਆ

07:20 AM Jul 23, 2023 IST
ਮੀਂਹ ਪੈਣ ਕਾਰਨ ਘੱਗਰ ’ਚ ਪਾਣੀ ਦਾ ਪੱਧਰ ਮੁੜ ਵਧਿਆ
ਡੀਸੀ ਹਿਮਾਂਸ਼ੂ ਅਗਰਵਾਲ ਕਰਤਾਰਪੁਰ ਲਾਂਘੇ ਦੀ ਟੁੱਟੀ ਹੋਈ ਸੜਕ ਦੇਖਦੇ ਹੋਏ। -ਫੋਟੋ: ਸੱਖੋਵਾਲੀਆ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 22 ਜੁਲਾਈ
ਪੰਜਾਬ ਅਤੇ ਹਰਿਆਣਾ ਦੇ ਨਾਲ ਲਗਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਮੈਦਾਨਾਂ ’ਚ ਰਹਿੰਦੇ ਲੋਕਾਂ ’ਚ ਸਹਿਮ ਦਾ ਮਾਹੌਲ ਮੁੜ ਪੈਦਾ ਹੋ ਗਿਆ ਹੈ। ਘੱਗਰ ਵਿੱਚ ਪਾਣੀ ਵੱਧਣ ਕਰਕੇ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਲੋਕ ਦਹਿਸ਼ਤ ’ਚ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਭਲਕੇ ਤੋਂ 26 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਕੁਝ ਸ਼ਹਿਰਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣਾ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ’ਚ 85 ਐੱਮਐੱਮ, ਫਰੀਦਕੋਟ ’ਚ 41.5, ਫਿਰੋਜ਼ਪੁਰ ’ਚ 74, ਜਲੰਧਰ ’ਚ 54.5, ਮੋਗਾ ’ਚ 45.5, ਨਵਾਂਸ਼ਹਿਰ ’ਚ 8, ਮੁਹਾਲੀ ’ਚ 4 ਅਤੇ ਚੰਡੀਗੜ੍ਹ ਵਿੱਚ 5 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪਟਿਆਲਾ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਹੋਰ ਇਲਾਕਿਆਂ ਵਿੱਚ ਵੀ ਮੀਂਹ ਪਿਆ ਹੈ। ਇਸ ਦੌਰਾਨ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅਜੇ ਦੋ ਹੋਰ ਦਨਿ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ’ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਉਧਰ ਭਾਖੜਾ, ਰਣਜੀਤ ਸਾਗਰ ਅਤੇ ਪੌਂਗ ਡੈਮਾਂ ਵਿੱਚ ਵੀ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ। ਭਾਖੜਾ ਡੈਮ ਵਿੱਚ ਅੱਜ ਬਾਅਦ ਦੁਪਹਿਰ ਪਾਣੀ ਦਾ ਪੱਧਰ 1652.25 ਫੁੱਟ ’ਤੇ ਪਹੁੰਚ ਗਿਆ ਜੋ ਅਜੇ ਖ਼ਤਰੇ ਦੇ ਨਿਸ਼ਾਨ ਤੋਂ 28 ਫੁੱਟ ਹੇਠਾਂ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਦਾ ਦੇਖ ਕੇ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਰਹਿੰਦੇ ਲੋਕਾਂ ਨੂੰ ਘਰ ਖਾਲੀ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 31 ਜੁਲਾਈ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1650 ਫੁੱਟ ਦੇ ਕਰੀਬ ਦਰਜ ਕੀਤਾ ਗਿਆ ਸੀ ਪਰ ਇਸ ਵਾਰ 10 ਦਨਿ ਪਹਿਲਾਂ ਹੀ ਪਾਣੀ ਦਾ ਪੱਧਰ 1650 ਫੁੱਟ ਤੋਂ ਪਾਰ ਚਲਾ ਗਿਆ ਹੈ। ਪੌਂਗ ਡੈਮ ਵਿੱਚ ਪਾਣੀ 1375 ਫੁੱਟ ’ਤੇ ਪਹੁੰਚ ਗਿਆ ਹੈ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 524.54 ਮੀਟਰ ਦਰਜ ਕੀਤਾ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 3 ਮੀਟਰ ਹੇਠਾਂ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਸਰਹੱਦੀ ਖੇਤਰਾਂ ਵਿੱਚ ਹਾਲਾਤ ਹੋਰ ਮਾੜੇ ਹੁੰਦੇ ਜਾ ਰਹੇ ਹਨ। ਘੱਗਰ ਕਾਰਨ ਸਰਦੂਲਗੜ੍ਹ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੋਕ ਪਾਣੀ ਦੀ ਮਾਰ ਝੱਲ ਰਹੇ ਹਨ।
ਹਰਿਆਣਾ ਦੇ ਸਿਰਸਾ ’ਚ ਘੱਗਰ ਦਰਿਆ ’ਚ ਇਕ ਹੋਰ ਪਾੜ ਪੈਣ ਕਰਕੇ ਲੋਕਾਂ ਦੀ ਸੈਂਕੜੇ ਏਕੜ ਫ਼ਸਲ ਡੁੱਬ ਗਈ ਹੈ। ਸਿਰਸਾ ’ਚ ਪਾਣੀ ਅੱਗੇ ਵਧਦਾ ਦੇਖਦਿਆਂ ਲੋਕਾਂ ਵੱਲੋਂ ਥਾਂ-ਥਾਂ ਬੰਨ੍ਹ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਖੇਤੀਬਾੜੀ ਵਿਭਾਗ ਵੱਲੋਂ ਲੋਕਾਂ ਨੂੰ ਝੋਨੇ ਮੁੜ ਲਾਉਣ ਲਈ ਲੋੜੀਂਦੀ ਪਨੀਰੀ ਅਤੇ ਬੀਜਾਂ ਦਾ ਪ੍ਰਬੰਧ ਕਰਕੇ ਦਿੱਤਾ ਜਾ ਰਿਹਾ ਹੈ।

Advertisement

ਸੜਕ ਧਸਣ ਕਾਰਨ ਕਰਤਾਰਪੁਰ ਲਾਂਘਾ ਦੋ ਹੋਰ ਦਨਿਾਂ ਲਈ ਬੰਦ

ਕਰਤਾਰਪੁਰ ਲਾਂਘੇ ਨੇੜੇ ਭਾਰੀ ਮੀਂਹ ਕਾਰਨ ਧਸੀ ਹੋਈ ਜ਼ਮੀਨ ਨੂੰ ਦੇਖਦੇ ਹੋਏ ਲੋਕ। -ਫੋਟੋ: ਸੱਖੋਵਾਲੀਆ

ਡੇਰਾ ਬਾਬਾ ਨਾਨਕ/ਗੁਰਦਾਸਪੁਰ (ਦਲਬੀਰ ਸੱਖੋਵਾਲੀਆ/ਕੇ ਪੀ ਸਿੰਘ): ਜ਼ਿਲ੍ਹਾ ਪ੍ਰਸ਼ਾਸਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਸੜਕ ਧਸਣ ਕਾਰਨ ਯਾਤਰਾ ਦੋ ਹੋਰ ਦਨਿ ਲਈ ਮੁਅੱਤਲ ਕਰ ਦਿੱਤੀ ਹੈ। ਅੱਜ ਸਵੇਰ ਤੋਂ ਇਲਾਕੇ ਵਿੱਚ ਭਾਰੀ ਮੀਂਹ ਪੈਣ ਕਾਰਨ ਕੰਡਿਆਲੀ ਤਾਰ ਕੋਲ ਫਿਰ ਤੋਂ ਪਾਣੀ ਚੜ੍ਹ ਗਿਆ ਹੈ। ਸੂਤਰਾਂ ਮੁਤਾਬਕ ਕਰਤਾਰਪੁਰ ਲਾਂਘੇ ਅੰਦਰ ਵੀ ਪਾਣੀ ਦਾਖ਼ਲ ਹੋ ਗਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਲੈਂਡ ਪੋਰਟ ਅਥਾਰਿਟੀ, ਬੀਐੱਸਐੱਫ, ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਹੋਰ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜ਼ਾ ਲਿਆ। ਇਸ ਮਗਰੋਂ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੋ ਹੋਰ ਦਨਿਾਂ ਲਈ ਮੁਲਤਵੀ ਕਰ ਦਿੱਤੀ ਗਈ। ਯਾਤਰਾ ਮੁੜ ਸ਼ੁਰੂ ਕਰਨ ਲਈ ਹੁਣ 24 ਜੁਲਾਈ ਸ਼ਾਮ ਨੂੰ ਸਮੀਖਿਆ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲਾ ਪੁਲ ਹਾਲੇ ਚਾਲੂ ਨਹੀਂ ਹੋਇਆ ਹੈ। ਧੁੱਸੀ ਬੰਨ੍ਹ ਕੋਲੋਂ ਬਣੀ ਸੜਕ ਰਾਹੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ। ਇਹ ਸੜਕ ਭਾਰੀ ਮੀਂਹ ਅਤੇ ਰਾਵੀ ਦਰਿਆ ਦੇ ਪਾਣੀ ਕਾਰਨ ਕੁਝ ਥਾਵਾਂ ਤੋਂ ਧੱਸ ਗਈ ਹੈ।
ਡੀਸੀ ਨੇ ਪਾਣੀ ਘੱਟ ਹੋਣ ’ਤੇ ਸੜਕ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਰਾਹੀਂ ਪਾਕਿਸਤਾਨੀ ਅਥਾਰਿਟੀ ਕੋਲੋਂ ਉਨ੍ਹਾਂ ਦੇ ਪਾਸੇ ਲਾਂਘੇ ਨੂੰ ਹੋਏ ਨੁਕਸਾਨ ਸਬੰਧੀ ਵੀ ਰਿਪੋਰਟ ਮੰਗੀ ਗਈ ਹੈ।

ਹਿਮਾਚਲ: ਢਿੱਗਾਂ ਡਿੱਗਣ ਕਾਰਨ ਨੇਪਾਲੀ ਜੋੜੇ ਦੀ ਮੌਤ; ਪੋਤੇ ਸਣੇ ਦਾਦਾ-ਦਾਦੀ ਰੁੜ੍ਹੇ

ਰੋਹੜੂ ’ਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਮਲਬੇ ਵਿੱਚ ਫਸੇ ਹੋਏ ਵਾਹਨ। -ਫੋਟੋ: ਪੀਟੀਆਈ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੇੜੇ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਨੇਪਾਲੀ ਜੋੜੇ ਦੀ ਮੌਤ ਹੋ ਗਈ, ਜਦਕਿ ਇੱਥੋਂ ਨੇੜਲੇ ਇੱਕ ਪਿੰਡ ਵਿੱਚ ਤਾਜ਼ਾ ਹੜ੍ਹ ਦੌਰਾਨ ਇੱਕ ਢਾਬਾ ਪਾਣੀ ਵਿੱਚ ਵਹਿ ਗਿਆ, ਜਿਸ ਕਾਰਨ ਇੱਕ ਬਿਰਧ ਜੋੜਾ ਅਤੇ ਉਨ੍ਹਾਂ ਦਾ ਪੋਤਾ ਵੀ ਪਾਣੀ ’ਚ ਰੁੜ੍ਹ ਗਏ। ਅਧਿਕਾਰੀ ਵੱਲੋਂ ਤਿੰਨਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਟਖਾਈ ਦੇ ਪਿੰਡ ਕਲਾਲਾ ਵਿੱਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਮਲਬੇ ਹੇਠ ਦੱਬ ਜਾਣ ਕਾਰਨ ਇੱਕ ਨੇਪਾਲੀ ਜੋੜੇ ਭੀਮ ਬਹਾਦੁਰ ਅਤੇ ਉਸ ਦੀ ਪਤਨੀ ਸ਼ੀਲਾ ਦੀ ਮੌਤ ਹੋ ਗਈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ ਅਤੇ ਕਲਾਲਾ ਵਿੱਚ ਮਜ਼ਦੂਰੀ ਕਰਦੇ ਸਨ। ਇਸੇ ਦੌਰਾਨ ਰੋਹੜੂ ਇਲਾਕੇ ਦੇ ਬਦੀਯਾਰਾ ਪਿੰਡ ਵਿੱਚ ਪਾਣੀ ’ਚ ਰੁੜੇ ਦਾਦਾ-ਦਾਦੀ ਅਤੇ ਪੋਤੇ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਜਿੱਥੇ ਲੈਲਾ ਨਦੀ ’ਚ ਅਚਾਨਕ ਹੜ੍ਹ ਆਉਣ ਦੀ ਸੂੁਚਨਾ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜੋੜੇ ਵਿੱਚ ਰੌਸ਼ਨ ਲਾਲ ਅਤੇ ਉਸ ਦੀ ਪਤਨੀ ਬਾਗਾ ਦੇਵੀ ਸ਼ਾਮਲ ਹਨ, ਜੋ ਪਿੰਡ ਵਿੱਚ ਇੱਕ ਢਾਬਾ ਚਲਾਉਂਦੇ ਹਨ ਅਤੇ ਉਨ੍ਹਾਂ ਦਾ ਪੋਤਾ ਕਾਰਤਿਕ ਉਨ੍ਹਾਂ ਨੂੰ ਮਿਲਣ ਲਈ ਢਾਬੇ ’ਤੇ ਆਇਆ ਸੀ। ਹੜ੍ਹ ਕਾਰਨ ਇਲਾਕੇ ਵਿੱਚ ਕਈ ਮਕਾਨ ਨੁਕਸਾਨੇ ਗਏ ਅਤੇ ਵੱਡੀ ਗਿਣਤੀ ਵਿੱਚ ਵਾਹਨ ਪਾਣੀ ’ਚ ਰੁੜ੍ਹ ਗਏ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਨੇਗੀ ਨੇ ਦੱਸਿਆ ਕਿ ਇਸੇ ਦੌਰਾਨ ਰੋਹੜੂ ਤੋਂ ਕਰੀਬ 30 ਕਿਲੋਮੀਟਰ ਦੂਰ ਇੱਥੋਂ ਦੀ ਕੋਟਖਾਈ ਤਹਿਸੀਲ ਵਿੱਚ ਖਲਤੂ ਨਾਲਾ ਵਿੱਚ ਬਾਜ਼ਾਰ ਰੋਡ ਦੇ ਨਾਲ ਇੱਕ ਮੀਟਰ ਡੂੰਘੀਆਂ ਦਰਾੜਾਂ ਪੈ ਗਈਆਂ, ਜਿਸ ਨੇ ਬਾਜ਼ਾਰ ਖੇਤਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ ਜਾ ਰਿਹਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×