For the best experience, open
https://m.punjabitribuneonline.com
on your mobile browser.
Advertisement

ਮੀਂਹ ਪੈਣ ਨਾਲ ਸੜਕਾਂ ’ਤੇ ਭਰੇ ਪਾਣੀ ਨੇ ਲੋਕਾਂ ਦੀ ਕਰਵਾਈ ‘ਤੌਬਾ’

08:57 AM Jul 06, 2023 IST
ਮੀਂਹ ਪੈਣ ਨਾਲ ਸੜਕਾਂ ’ਤੇ ਭਰੇ ਪਾਣੀ ਨੇ ਲੋਕਾਂ ਦੀ ਕਰਵਾਈ ‘ਤੌਬਾ’
ਜਲੰਧਰ ਦੇ ਲੰਬਾ ਪਿੰਡ ਚੌਕ ਵਿੱਚ ਬੁੱਧਵਾਰ ਨੂੰ ਮਂੀਂਹ ਪੈਣ ਕਾਰਨ ਸਡ਼ਕ ’ਤੇ ਖਡ਼੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਸਰਬਜੀਤ ਸਿੰਘ
Advertisement

ਹਤਿੰਦਰ ਮਹਿਤਾ/ਜਗਤਾਰ ਸਿੰਘ ਲਾਂਬਾ
ਜਲੰਧਰ/ਅੰਮ੍ਰਿਤਸਰ, 5 ਜੁਲਾਈ
ਸਵੇਰ ਤੋਂ ਜ਼ਿਲ੍ਹੇ ਅੰਦਰ ਪੈ ਰਹੇ ਤੇਜ਼ ਮੀਂਹ ਨਾਲ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਅੱਜ ਤਾਪਮਾਨ ਕੱਲ੍ਹ ਨਾਲੋਂ 6 ਤੋਂ 7 ਡਿਗਰੀ ਘੱਟ ਰਿਹਾ। ਸ਼ਹਿਰ ਦੇ ਦੋਮੋਰੀਆਂ ਪੁਲ, ਇਕਹਰੀ ਪੁਲੀ, ਮਾਈਹੀਰਾਂ ਗੇਟ, ਰਾਮਾਂਮੰਡੀ ਤੋਂ ਪੀਏਪੀ ਮੁੱਖ ਮਾਰਗ, ਬੱਸ ਸਟੈਂਡ, ਨਕੋਦਰ ਰੋਡ, ਚੁਗਿੱਟੀ, ਲੰਮਾ ਪਿੰਡ, ਸੰਤੋਖਪੁਰਾ ਤੇ ਹੋਰ ਕਈ ਥਾਵਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਦੇ ਸਫਰ ਵਿੱਚ ਅੜਿੱਕਾ ਆਇਆ। ਰਾਮਾਂਮੰਡੀ ਤੋਂ ਪੀਏਪੀ ਜੀਟੀ ਰੋਡ ਨੇ ਤਾਂ ਝੀਲ ਦਾ ਰੂਪ ਧਾਰ ਲਿਆ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ। ਪੀਏਪੀ ਚੌਕ ਨੇੜੇ ਸਲਿੱਪ ਹੋਣ ਕਾਰਨ ਦੋ ਕਾਰਾਂ ਦੀ ਟੱਕਰ ਹੋ ਗਈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਰੈਣਕ ਬਾਜ਼ਾਰ ਵਿਚ ਬਿਜਲੀ ਦੇ ਟਰਾਂਸਫਾਰਮਰ ਵਿਚ ਅੱਗਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਤੇ ਅੱਗ ਦੇ ਚਿੰਗਿਆੜੇ ਸੜਕ ਵਿਚਕਾਰ ਡਿੱਗਣ ਕਾਰਨ ਡਰ ਵਜੋਂ ਨੇੜਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਇਸੇ ਤਰ੍ਹਾਂ ਮੋਤਾ ਸਿੰਘ ਨਗਰ ਵਿਚ ਇੱਕ ਘਰ ਦੇ ਮੀਟਰ ਸ਼ਾਰਟਸਰਕਟ ਹੋਣ ਕਾਰਣ ਅੱਗ ਲੱਗ ਗਈ ਤੇ ਤੇਜ਼ ਹਵਾ ਚੱਲਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਬਿਜਲੀ ਬੰਦ ਕਰ ਕੇ ਅੱਗ ’ਤੇ ਕਾਬੂ ਪਾਇਆ। ਇਸੇ ਤਰ੍ਹਾਂ ਇਥੇ ਇੱਕ ਸ਼ੈੱਡ ਡਿੱਗਣ ਕਾਰਨ ਕਾਰ ਨੁਕਸਾਨੀ ਗਈ। ਉਥੇ ਹੀ ਨਕੋਦਰ, ਆਦਮਪੁਰ, ਲਾਂਬੜਾ, ਕਠਾਰ, ਕਿਸ਼ਨਗੜ੍ਹ, ਜਡਿਆਲਾ, ਨੂਰਮਹਿਲ, ਰਾਮਾਂਮੰਡੀ, ਅਲਾਵਲਪੁਰ ਤੇ ਹੋਰ ਇਲਾਕਿਅਾਂ ਦੇ ਖੇਤਾਂ ਵਿਚ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਇਸ ਨਾਲ ਕਿਸਾਨ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਦੇਸੀ ਮੱਕੀ ਦੀ ਫਸਲ ਮੀਂਹ ਕਾਰਨ ਵਿੱਛ ਗਈ ਹੈ।
ਉਥੇ ਹੀ ਅੰਮ੍ਰਿਤਸਰ ਵਿੱਚ ਅੱਜ ਤੜਕੇ ਸ਼ੁਰੂ ਹੋਈ ਭਾਰੀ ਬਾਰਿਸ਼ ਨਾਲ ਸ਼ਹਿਰ ਜਲ-ਥਲ ਹੋ ਗਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਇਸ ਕਾਰਨ ਐਲੀਵੇਟਿਡ ਰੋਡ ’ਤੇ ਇਕ ਕਾਰ ਵੀ ਹਾਦਸਾਗ੍ਰਸਤ ਹੋਈ। ਭਾਰੀ ਬਾਰਿਸ਼ ਦੇ ਕਾਰਨ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਵੀ ਪਾਣੀ ਨਾਲ ਭਰ ਗਈ। ਸ਼ਹਿਰ ਦੇ ਐਲੀਵੇਟਿਡ ਰੋਡ, ਕੁਈਨਜ਼ ਰੋਡ, ਲਾਰੈਂਸ ਰੋਡ, ਟੇਲਰ ਰੋਡ, ਮਦਨ ਮੋਹਨ ਮਾਲਵੀਆ ਰੋਡ ਤੇ ਕਈ ਹੋਰ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆਸ, ਜਿਸ ਕਾਰਨ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਹੋਰ ਸਕੂਲ ਅਮਲੇ ਨੂੰ ਭਾਰੀ ਮੁਸ਼ਕਿਲ ’ਚੋਂ ਲੰਘਣਾ ਪਿਆ। ਇਸ ਦੌਰਾਨ ਟਰੈਫਿਕ ਪੁਲੀਸ ਵੱਲੋਂ ਵੀ ਭਾਰੀ ਮੀਂਹ ਕਾਰਨ ਆਵਾਜਾਈ ਨੂੰ ਠੀਕ ਢੰਗ ਨਾਲ ਸੰਚਾਲਿਤ ਕਰਨ ਲਈ ਯਤਨ ਕੀਤੇ ਗਏ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਰਿਸ਼ ਦਾ ਇਹ ਸਿਲਸਿਲਾ ਅਗਲੇ ਕੁਝ ਦਿਨ ਹੋਰ ਜਾਰੀ ਰਹੇਗਾ। ਇਸ ਦੌਰਾਨ ਖੇਤੀਬਾੜੀ ਵਿਭਾਗ ਨੇ ਇਸ ਬਾਰਿਸ਼ ਨੂੰ ਝੋਨੇ ਦੀ ਲਵਾਈ ਲਈ ਲਾਹੇਵੰਦ ਦੱਸਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿੱਚ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Advertisement

Advertisement

ਛਤਰੀਆਂ ਲੈ ਕੇ ਸੜਕਾਂ ’ਤੇ ਡਟੀ ਟਰੈਫਿਕ ਪੁਲੀਸ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਭਾਰੀ ਮੀਂਹ ਪੈਣ ਕਾਰਨ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਚੁਣੌਤੀਪੂਰਨ ਹੋ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਏਡੀਸੀਪੀ ਟਰੈਫਿਕ ਅਮਨਦੀਪ ਕੌਰ ਵਲੋਂ ਅੱਜ ਭਾਰੀ ਮੀਂਹ ਦੌਰਾਨ ਸੜਕਾਂ ’ਤੇ ਉਤਰ ਕੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਵੱਖ-ਵੱਖ ਪੁਆਇੰਟਾਂ ਹਾਲ ਗੇਟ, ਬੱਸ ਸਟੈਂਡ, ਰੇਲਵੇ ਸਟੇਸ਼ਨ, ਨਾਵਲਟੀ ਚੌਕ, ਫੋਰ.ਐੱਸ ਚੌਕ, ਕਸਟਮ ਚੌਕ, ਕਚਹਿਰੀ ਚੌਕ, ਬਾਈਪਾਸ ਵਾਲੇ ਚੌਕ ਆਦਿ ’ਤੇ ਤਾਇਨਾਤ ਟਰੈਫਿਕ ਪੁਲੀਸ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਅਤੇ ਛਤਰੀਆਂ ਵੀ ਵੰਡੀਆਂ ਤਾਂ ਜੋ ਉਹ ਭਾਰੀ ਮੀਂਹ ਦੀ ਪਰਵਾਹ ਕੀਤੇ ਬਗੈਰ ਟਰੈਫਿਕ ਨੂੰ ਰੈਗੂਲੇਟ ਕਰ ਸਕਣ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਬਾਰਿਸ਼ ਦੌਰਾਨ ਉਹ ਕਾਰਾਂ ਸਹੀ ਜਗ੍ਹਾ ’ਤੇ ਪਾਰਕ ਕਰਨ ਤਾਂ ਜੋ ਸੜਕਾਂ ’ਤੇ ਜ਼ਿਆਦਾ ਗਿਣਤੀ ਵਿੱਚ ਆਈਆਂ ਕਾਰਾਂ ਕਾਰਨ ਟਰੈਫਿਕ ਜਾਮ ਨਾ ਲੱਗੇ। ਉਨਾਂ ਕਿਹਾ ਕਿ ਬਰਸਾਤੀ ਮੌਸਮ ਪੈਦਲ ਚੱਲਣ ਵਾਲਿਆਂ ਲਈ ਸਾਈਡਵਾਕ ਅਤੇ ਕ੍ਰਾਸਵਾਕ ’ਤੇ ਸੁਰੱਖਿਅਤ ਢੰਗ ਨਾਲ ਨੈਵੀਗੇਟ ਕਰਨਾ ਚੁਣੌਤੀਪੂਰਨ ਬਣਾ ਸਕਦਾ ਹੈ। ਅਮਨਦੀਪ ਕੌਰ ਨੇ ਕਿਹਾ ਕਿ ਟਰੈਫਿਕ ਪੁਲੀਸ ਅਧਿਕਾਰੀ ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਵੀ ਮਦਦ ਕਰਦੇ ਰਹੇ, ਖਾਸ ਤੌਰ ’ਤੇ ਜਦੋਂ ਮੀਂਹ ਕਾਰਨ ਦਿੱਖਣਾ ਘੱਟ ਜਾਂਦਾ ਹੈ।

ਤੇਜ਼ ਹਨੇਰੀ ਕਾਰਨ ਦੋ ਘਰਾਂ ਦਾ ਨੁਕਸਾਨ ਹੋਇਆ
ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਰਾਣੀਪੁਰ ਬਾਸਾ ਵਿੱਚ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਦੋ ਭਰਾਵਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪੀੜਤ ਵਿਅਕਤੀ ਸ਼ਾਮ ਲਾਲ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਕਾਫੀ ਤੇਜ਼ ਹਨੇਰੀ ਆਈ, ਜਿਸ ਨਾਲ ਉਸ ਦੇ ਘਰ ਵਿੱਚ ਟੀਨਾਂ ਵਾਲਾ ਸ਼ੈੱਡ ਉਡ ਕੇ ਰਸੋਈ ਮੂਹਰੇ ਆ ਡਿੱਗਿਆ। ਉਸ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦੀ ਪਤਨੀ ਖਾਣਾ ਬਣਾ ਰਹੀ ਸੀ, ਜੋ ਵਾਲ-ਵਾਲ ਬਚ ਗਈ। ਤੇਜ਼ ਹਨੇਰੀ ਕਾਰਨ ਘਰ ਦੀ ਛੱਤ ’ਤੇ ਰੱਖੀ ਪਾਣੀ ਦੀ ਟੈਂਕੀ ਵੀ ਕਾਫੀ ਦੂਰ ਤੱਕ ਲੋਕਾਂ ਦੇ ਖੇਤਾਂ ਵਿੱਚ ਜਾ ਡਿੱਗੀ। ਉਸ ਦਾ ਕਹਿਣਾ ਸੀ ਕਿ ਇਸ ਹਨੇਰੀ ਨਾਲ ਉਸ ਦੇ ਭਰਾ ਦੇ ਘਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹੇ
ਤਰਨ ਤਾਰਨ (ਗੁਰਬਖਸ਼ਪੁਰੀ): ਅੱਜ ਜ਼ਿਲ੍ਹੇ ਭਰ ਵਿੱਚ ਭਰਵਾਂ ਮੀਂਹ ਪਿਆ ਹੈ। ਇਸ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਮੁੱਖ ਖੇਤੀਬਾੜੀ ਅਧਿਕਾਰੀ (ਸੀਏਓ) ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਇਹ ਬਾਰਿਸ਼ ਤਰਨ ਤਾਰਨ ਤਹਿਸੀਲ ਵਿੱਚ 49.5 ਐੱਮਐੱਮ, ਪੱਟੀ ਵਿੱਚ 20 ਅਤੇ ਖਡੂਰ ਸਾਹਿਬ ਵਿੱਚ 12 ਐੱਮਐੱਮ ਹੋਈ ਹੈ| ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਬਾਰਿਸ਼ ਨਾਲ ਕਿਧਰੋਂ ਵੀ ਕਿਸੇ ਕਿਸਮ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ| ਇਲਾਕੇ ਦੇ ਪਿੰਡ ਸਰਾਏ ਦੀਵਾਨਾ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਨੇ ਕਿਹਾ ਕਿ ਬਾਰਿਸ਼ ਨੇ ਤਾਂ ਝੋਨੇ ਦੇ ਖੇਤਾਂ ਨੂੰ ਪੂਰੀ ਤਰ੍ਹਾਂ ਨਾਲ ਭਰ ਦਿੱਤਾ ਹੈ ਅਤੇ ਕਈ ਖੇਤਾਂ ਦਾ ਪਾਣੀ ਦੂਸਰੇ ਖੇਤਾਂ ਤੱਕ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡ ਝਾਮਕੇ, ਨੂਰਪੁਰ, ਸ਼ੇਖ, ਪੱਧਰੀ, ਗੱਗੋਬੁਆ ਆਦਿ ਪਿੰਡਾਂ ਵਿੱਚ ਵੀ ਭਾਰੀ ਬਾਰਿਸ਼ ਹੋਈ ਹੈ| ਉਥੇ ਹੀ ਕਈ ਨੀਵਿਅਾਂ ਇਲਾਕਿਅਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Advertisement
Tags :
Author Image

sukhwinder singh

View all posts

Advertisement