ਮੀਂਹ ਕਾਰਨ ਪੇਂਡੂ ਸੰਪਰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ
ਕਰਮਜੀਤ ਸਿੰਘ ਚਿੱਲਾ
ਬਨੂੜ, 7 ਜੁਲਾਈ
ਇਨ੍ਹੀਂ ਦਿਨੀਂ ਪਏ ਮੀਂਹ ਨੇ ਇਸ ਖੇਤਰ ਦੀਆਂ ਕਈ ਪੇਂਡੂ ਸੰਪਰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣਾ ਦਿੱਤੀ ਹੈ। ਸੜਕਾਂ ਵਿੱਚ ਡੂੰਘੇ ਪਏ ਹੋਏ ਹਨ। ਮੀਂਹ ਦੇ ਪਾਣੀ ਕਾਰਨ ਇਨ੍ਹਾਂ ਵਿੱਚ ਪਾਣੀ ਭਰ ਗਿਆ ਹੈ ਤੇ ਰਾਤ ਦੇ ਹਨੇਰੇ ਵਿੱਚ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਰੜਾ ਤੋਂ ਕੁਰੜੀ ਨੂੰ ਹੋ ਕੇ ਬੜੀ (ਏਅਰਪੋਰਟ ਰੋਡ) ਨੂੰ ਜਾਣ ਵਾਲੀ ਸੜਕ ਦੀ ਹਾਲਤ ਪਿਛਲੇ ਕਈਂ ਵਰ੍ਹਿਆਂ ਤੋਂ ਬੇਹੱਦ ਖਰਾਬ ਹੈ। ਇਸ ਸੜਕ ਤੋਂ ਚੱਲਦੀ ਬੱਸ ਸੇਵਾ ਵੀ ਖਰਾਬ ਸੜਕ ਕਾਰਨ ਕਾਫ਼ੀ ਸਮੇਂ ਤੋਂ ਬੰਦ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਠ-ਨੌਂ ਸਾਲ ਪਹਿਲਾਂ ਅਕਾਲੀ ਸਰਕਾਰ ਸਮੇਂ ਇਸ ਸੜਕ ਉੱਤੇ ਪ੍ਰੀਮਿਕਸ ਪਾਈ ਗਈ ਸੀ। ਇਸ ਮਗਰੋਂ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਅਤੇ ਪੌਣੇ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਉੱਤੋਂ ਦਰਜਨਾਂ ਪਿੰਡਾਂ ਦੇ ਵਸਨੀਕ ਰੋਜ਼ਾਨਾ ਮੁਹਾਲੀ, ਚੰਡੀਗੜ੍ਹ ਤੇ ਜ਼ੀਰਕਪੁਰ ਆਦਿ ਨੂੰ ਜਾਣ ਲਈ ਲੰਘਦੇ ਹਨ। ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਕੁਰੜਾ ਤੋਂ ਸੇਖਨਮਾਜਰਾ ਹੋ ਕੇ ਬਨੂੜ-ਜ਼ੀਰਕਪੁਰ ਕੌਮੀ ਮਾਰਗ ’ਤੇ ਪਿੰਡ ਕਰਾਲਾ ਤੱਕ ਜਾਂਦੀ ਸੜਕ ਤੇ ਕੁਰੜੀ ਤੋਂ ਸੇਖਨਮਾਜਰਾ ਨੂੰ ਜਾਂਦੀ ਦੀ ਵੀ ਅਜਿਹੀ ਹੀ ਹਾਲਤ ਹੈ। ਇਵੇਂ ਹੀ ਬਨੂੜ ਤੋਂ ਕਲੌਲੀ ਨੂੰ ਹੋ ਕੇ ਗੀਗੇਮਾਜਰਾ ਤੇ ਮਾਣਕਪੁਰ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਰਾਬ ਹੈ। ਪਿੰਡ ਖਾਨਪੁਰ ਬੰਗਰ ਤੋਂ ਮੀਂਢੇਮਾਜਰਾ, ਗੀਗੇਮਾਜਰਾ ਨੂੰ ਜਾਂਦੀ ਸੜਕ ਦੀ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਉੱਤੇ ਡੂੰਘੇ ਟੋਏ ਰਾਹਗੀਰਾਂ ਲਈ ਅੜਿੱਕਾ ਬਣ ਰਹੇ ਹਨ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਇਨ੍ਹਾਂ ਖਸਤਾ ਹਾਲਤ ਸੜਕਾਂ ਨੂੰ ਸੰਵਾਰਨ ਲਈ ਹੁਕਮਰਾਨ ਧਿਰ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਦਰਜਨਾਂ ਵਾਰ ਮੰਗ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਪਿੰਡਾਂ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਸੜਕਾਂ ਦੀ ਹਾਲਤ ਠੀਕ ਕਰਵਾਈ ਜਾਵੇ ਅਤੇ ਨਵੇਂ ਸਿਰਿਉਂ ਪ੍ਰੀਮਿਕਸ ਪਾਈ ਜਾਵੇ।