ਝੋਨੇ ਦੇ ਮਾੜੇ ਖ਼ਰੀਦ ਪ੍ਰਬੰਧਾਂ ਕਾਰਨ ਕਣਕ ਦੀ ਬਿਜਾਈ ਪਛੜੀ
ਕਰਮਜੀਤ ਸਿੰਘ ਚਿੱਲਾ
ਬਨੂੜ, 16 ਨਵੰਬਰ
ਇਲਾਕੇ ਵਿੱਚ ਕਈ ਕਿਸਾਨਾਂ ਨੇ ਝੋਨਾ ਵੇਚਣ ਵਿੱਚ ਆਈਆਂ ਦਿੱਕਤਾਂ ਕਾਰਨ ਆਪਣੇ ਖੇਤਾਂ ਵਿੱਚ ਖੜ੍ਹਾ ਝੋਨਾ ਦੇਰੀ ਨਾਲ ਵੱਢਿਆ ਸੀ। ਇਸ ਕਾਰਨ ਜ਼ਮੀਨਾਂ ਨੂੰ ਪਾਣੀ ਦੇਣ ਵਿੱਚ ਵੀ ਦੇਰੀ ਹੋ ਗਈ। ਦੀਵਾਲੀ ਤੋਂ ਬਾਅਦ ਵਧੇ ਪ੍ਰਦੂਸ਼ਣ ਕਾਰਨ ਧੁੱਪ ਚੰਗੀ ਤਰ੍ਹਾਂ ਨਹੀਂ ਨਿਕਲ ਰਹੀ। ਇਸ ਕਾਰਨ ਕਿਸਾਨਾਂ ਦੇ ਕਣਕ ਬੀਜਣ ਲਈ ਪਾਣੀ ਨਾਲ ਸਿੰਜੇ ਹੋਏ ਖੇਤ ਵੱਤਰਰ ਨਹੀਂ ਆ ਰਹੇ। ਇਸ ਨਾਲ ਕਣਕ ਦੀ ਬਿਜਾਈ ਪਛੜਨ ਲੱਗੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਵੀ ਨਾ ਮਿਲਣ ਕਾਰਨ ਹੋਰਨਾਂ ਖਾਦਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਵਾਰ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਝੋਨੇ ਤੋਂ ਵਿਹਲੀ ਹੋਈ ਜ਼ਮੀਨ ਪਾਣੀ ਦੇ ਕੇ ਸਿੰਜਣੀ ਪਈ ਹੈ। ਧੁੱਪ ਨਾ ਪੈਣ ਕਾਰਨ ਕਿਸਾਨਾਂ ਦੇ ਪਾਣੀ ਨਾਲ ਸਿੰਜੇ ਖੇਤ ਸੁੱਕ ਨਹੀਂ ਰਹੇ ਜਿਸ ਕਰ ਕੇ ਬਿਜਾਈ ਲੇਟ ਹੋ ਰਹੀ ਹੈ।
ਬਨੂੜ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਅੱਧੀ ਦੇ ਕਰੀਬ ਬਿਜਾਈ ਬਾਕੀ ਪਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧੁੱਪ ਵਾਲੇ ਦਿਨਾਂ ਵਿੱਚ ਜਿਹੜੇ ਖੇਤ ਨੇ ਚਾਰ-ਪੰਜ ਦਿਨਾਂ ਬਾਅਦ ਵੱਤਰ ਆਉਣਾ ਹੁੰਦਾ ਹੈ ਹੁਣ ਧੁੱਪ ਨਾ ਹੋਣ ਕਾਰਨ ਦਸ-ਦਸ ਦਿਨਾਂ ਤੋਂ ਵੱਤਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਗਿੱਲੇ ਖੇਤ ਨੂੰ ਵਾਹਿਆ ਨਹੀਂ ਜਾ ਸਕਦਾ ਤੇ ਨਾ ਹੀ ਕਣਕ ਬੀਜੀ ਜਾ ਸਕਦੀ ਹੈ।
ਕਿਸਾਨਾਂ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਪਹਿਲੀ ਤੋਂ ਪੰਦਰਾਂ ਨਵੰਬਰ ਤੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਲੰਘ ਚੁੱਕਾ ਹੈ ਤੇ ਜੇ ਮੌਸਮ ਅਜਿਹਾ ਹੀ ਰਹਿੰਦਾ ਹੈ ਤੇ ਧੁੱਪ ਨਾ ਨਿਕਲੀ ਤਾਂ ਕਣਕ ਬੀਜਣ ਲਈ ਹੋਰ ਹਫ਼ਤਾ ਭਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੇ ਪੱਕਣ ਸਮੇਂ ਪਾਣੀ ਨਾਲ ਸਿੰਜੀ ਹੋਈ ਜ਼ਮੀਨ ਵਿੱਚ ਕਣਕ ਬਹੁਤ ਘੱਟ ਜੰਮ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਪਛੜਨ ਦਾ ਅਸਰ ਕਣਕ ਦੇ ਝਾੜ ’ਤੇ ਵੀ ਪੈ ਸਕਦਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਲੋੜੀਂਦੀ ਡੀਏਪੀ ਖ਼ਾਦ ਮੁਹੱਈਆ ਕਰਾਏ ਜਾਣ ਦੀ ਮੰਗ ਵੀ ਕੀਤੀ।