ਪ੍ਰਦੂਸ਼ਣ ਕਾਰਨ ਲੋਕਾਂ ਵਿੱਚ ਸਾਹ ਨਾਲ ਸਬੰਧਤ ਸਮੱਸਿਆਵਾਂ ਵਧੀਆਂ
ਨਵੀਂ ਦਿੱਲੀ, 25 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਅੱਜ ਧੂੰਏਂ ਦੀ ਪਰਤ ਨਾਲ ਘਿਰ ਗਈ ਹੈ ਅਤੇ ਲੋਕਾਂ ਨੂੰ ਸਾਹ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕ ਮਾਸਕ ਲਾ ਕੇ ਘਰੋਂ ਬਾਹਰ ਨਿਕਲਣ ਲੱਗੇ ਹਨ। ਅੱਜ ਸਵੇਰੇ 8 ਵਜੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 283 ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਆਨੰਦ ਵਿਹਾਰ ਵਿੱਚ ਅੱਜ ਏਕਿਊਆਈ 218, ਪੰਜਾਬੀ ਬਾਗ ਵਿੱਚ 245, ਇੰਡੀਆ ਗੇਟ ’ਤੇ 276 ਅਤੇ ਝਿਲਮਿਲ ਉਦਯੋਗਿਕ ਖੇਤਰ ਵਿੱਚ 288 ਦਰਜ ਕੀਤਾ ਗਿਆ।
200 ਤੋਂ 300 ਵਿਚਾਲੇ ਏਕਿਊਆਈ ਨੂੰ ਖ਼ਰਾਬ ਮੰਨਿਆ ਜਾਂਦਾ ਹੈ। ਇਸ ਦੌਰਾਨ ਇੰਡੀਆ ਗੇਟ ’ਤੇ ਆਏ ਇੱਕ ਵਿਅਕਤੀ ਸ੍ਰੀ ਕ੍ਰਿਸ਼ਨਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਪ੍ਰਦੂਸ਼ਣ ਵਿੱਚ ਕਾਫੀ ਵਾਧਾ ਹੋਇਆ ਹੈ। ਉਸ ਨੇ ਕਿਹਾ, ‘ਪਿਛਲੇ ਕੁੱਝ ਦਿਨਾਂ ਵਿੱਚ ਪ੍ਰਦੂਸ਼ਣ ਕਾਫੀ ਵਧਿਆ ਹੈ। ਸਾਹ ਲੈਂਦੇ ਸਮੇਂ ਤੁਹਾਨੂੰ ਹਮੇਸ਼ਾ ਹਵਾ ਵਿੱਚ ਧੂੜ ਮਹਿਸੂਸ ਹੁੰਦੀ ਹੈ। ਦੀਵਾਲੀ ਅਤੇ ਸਰਦੀਆਂ ਦੌਰਾਨ ਇਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ। ਦਿੱਲੀ ਅਤੇ ਕੇਂਦਰ ਸਰਕਾਰ ਇਸ ਬਾਰੇ ਕੁੱਝ ਨਹੀਂ ਕਰ ਰਹੀ। ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ।’
ਇੰਡੀਆ ਗੇਟ ’ਤੇ ਆਏ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਲੋਕਾਂ ਅਤੇ ਸਰਕਾਰ ਵਿਚ ਤਾਲਮੇਲ ਦੀ ਘਾਟ ਕਾਰਨ ਅਜਿਹਾ ਹੋ ਰਿਹਾ ਹੈ। ਉਸ ਨੇ ਕਿਹਾ, ‘ਇਥੋਂ ਦੇ ਹਾਲਾਤ ਲਈ ਲੋਕ ਅਤੇ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਦੋਵਾਂ ਵਿਚਾਲੇ ਕੋਈ ਤਾਲਮੇਲ ਨਹੀਂ ਹੈ। ਅਸੀਂ ਹਰ ਰੋਜ਼ ਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਾਂ। ਇਸ ਬਾਰੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ।’ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਇਸ ਪੱਧਰ ਤੱਕ ਵੱਧ ਜਾਵੇਗਾ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਣਗੇ। ਉਸ ਨੇ ਕਿਹਾ, ‘ਇੱਕ-ਦੋ ਦਿਨਾਂ ਵਿੱਚ ਪ੍ਰਦੂਸ਼ਣ ਇੰਨਾ ਵੱਧ ਜਾਵੇਗਾ ਕਿ ਅਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਾਂਗੇ। ਪ੍ਰਦੂਸ਼ਣ ਕਾਰਨ ਅਸੀਂ ਬਹੁਤ ਪ੍ਰੇਸ਼ਾਨ ਹਾਂ।’ -ਏਐੱਨਆਈ
ਤਿਉਹਾਰ ਨੇੜੇ ਹੋਣ ਕਾਰਨ ਨਦੀਆਂ ਸਾਫ਼ ਕਰਨ ਦੀ ਮੰਗ
ਦਿੱਲੀ ਦੀ ਵਸਨੀਕ ਕਲਿਆਣੀ ਤਿਵਾੜੀ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਹੈ। ਉਸ ਨੇ ਕਿਹਾ, ‘ਪ੍ਰਦੂਸ਼ਣ ਕਾਰਨ ਮੈਨੂੰ ਸਿਰ ਦਰਦ ਅਤੇ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਨਦੀਆਂ ਸਫਾਈ ਕਰਨ ਦੀ ਲੋੜ ਹੈ। ਛੱਠ ਪੂਜਾ ਅਤੇ ਹੋਰ ਤਿਉਹਾਰ ਨੇੜੇ ਹੋਣ ਕਰਕੇ ਸਰਕਾਰ ਨੂੰ ਇਸ ਬਾਰੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।’ ਇੱਕ ਹੋਰ ਵਿਅਕਤੀ ਰਾਕੇਸ਼ ਕੁਮਾਰ ਨੇ ਵੀ ਪ੍ਰਦੂਸ਼ਣ ਬਾਰੇ ਚਿੰਤਾ ਜ਼ਾਹਰ ਕੀਤੀ। ਉਸ ਨੇ ਕਿਹਾ, ‘ਜੇ ਦੀਵਾਲੀ ਤੋਂ ਪਹਿਲਾਂ ਇਹ ਹਾਲਾਤ ਹਨ ਤਾਂ ਦੀਵਾਲੀ ਤੋਂ ਬਾਅਦ ਕੀ ਹਾਲ ਹੋਵੇਗਾ। ਇੱਥੇ ਦਿਨੋਂ-ਦਿਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਸਰਕਾਰ ਨੂੰ ਇਸ ਬਾਰੇ ਕਾਰਵਾਈ ਕਰਨ ਦੀ ਲੋੜ ਹੈ।’