ਪ੍ਰਦੂਸ਼ਣ ਕਾਰਨ ਰਾਜਧਾਨੀ ਵਿੱਚ ਧੂੰਏਂ ਦਾ ਗੁਬਾਰ ਚੜ੍ਹਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਨਵੰਬਰ
ਦੀਵਾਲੀ ਦੇ ਜਸ਼ਨਾਂ ਤੋਂ ਦੋ ਦਿਨ ਮਗਰੋਂ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਧੂੰਏਂ ਦੀ ਮੋਟੀ ਪਰਤ ਛਾ ਗਈ ਅਤੇ ਸ਼ਨਿਚਰਵਾਰ ਨੂੰ ਸਵੇਰੇ 7 ਵਜੇ 296 ਦੀ ਰੀਡਿੰਗ ਨਾਲ ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) ਮਾੜੀ ਹਾਲਤ ਵਿੱਚ ਦਰਜ ਕੀਤਾ ਗਿਆ।
ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ ਇਹ ਬੀਤੇ ਦਿਨਾਂ ਦਾ ਅਸਰ ਹੈ। ਦਿੱਲੀ ਦੇ ਜ਼ਿਆਦਾ ਪ੍ਰਦੂਸ਼ਣ ਵਾਲੇ ਖੇਤਰਾਂ ਵਿੱਚ ਆਨੰਦ ਵਿਹਾਰ, ਆਰਕੇ ਪੁਰਮ, ਦਵਾਰਕਾ ਅਤੇ ਹੋਰ ਖੇਤਰਾਂ ਵਿੱਚ ਏਕਿਊਆਈ ਹੋਰ ਵੀ ਖਰਾਬ ਹੋ ਗਿਆ। ਸਵੇਰੇ 7 ਵਜੇ ਤੱਕ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਏਕਿਊਆਈ ਦਾ ਪੱਧਰ ਆਨੰਦ ਵਿਹਾਰ ਵਿੱਚ 380 (ਬਹੁਤ ਮਾੜਾ) ਆਈਟੀਓ 253 (ਮਾੜਾ)
ਆਰਕੇ ਪੁਰਮ 346 (ਬਹੁਤ ਮਾੜਾ), ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਿਖੇ ਹਵਾਈ ਅੱਡਾ ਟੀ3 ਉਪਰ 342 (ਬਹੁਤ ਮਾੜਾ) ਏਕਿਊਆਈ ਦਰਜ ਕੀਤਾ ਗਿਆ। ਦਵਾਰਕਾ ਸੈਕਟਰ 8 ਵਿੱਚ 308 (ਬਹੁਤ ਮਾੜਾ) ਰਿਹਾ।
ਇੰਡੀਆ ਗੇਟ ਦੇ ਨੇੜੇ ਸਾਈਕਲ ਸਵਾਰ ਨੇ ਇਸ ਗੰਭੀਰ ਹਵਾ ਪ੍ਰਦੂਸ਼ਣ ਬਾਰੇ ਤਜਰਬਾ ਸਾਂਝਾ ਕੀਤਾ ਕਿ ਲੋਕਾਂ ਲਈ ਆਪਣੇ ਘਰਾਂ ਤੋਂ ਬਾਹਰ ਆਉਣਾ ਮੁਸ਼ਕਲ ਹੋ ਗਿਆ ਹੈ, ਖਾਸ ਕਰਕੇ ਸਵੇਰ ਵੇਲੇ ਅਤੇ ਸਾਈਕਲਿੰਗ ਅਤੇ ਜੌਗਿੰਗ ਵਰਗੀਆਂ ਸਰਗਰਮੀਆਂ ਅਸੰਭਵ ਹੋ ਜਾਂਦੀਆਂ ਹਨ। ਇੱਕ ਹੋਰ ਸਾਈਕਲ ਸਵਾਰ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਦੀ ਉਮੀਦ ਹੈ, ਜਿਸ ਵਿੱਚ ਸੁਧਾਰ ਦੀ ਬਹੁਤ ਘੱਟ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਅਗਲੇ 2-3 ਦਿਨਾਂ ਵਿੱਚ ਪ੍ਰਦੂਸ਼ਣ ਹੋਰ ਵਿਗੜ ਜਾਵੇਗਾ। ਕੋਈ ਰਾਹਤ ਨਜ਼ਰ ਨਹੀਂ ਆ ਰਹੀ, ਇਹ ਵਧਣ ਵਾਲਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦੀਵਾਲੀ ਦੇ ਜਸ਼ਨ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਸ਼ਹਿਰ ਦੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਰਾਜਧਾਨੀ ਦੇ ਜ਼ਿਆਦਾਤਰ ਖੇਤਰਾਂ ਵਿੱਚ ਹਵਾ ਗੁਣਵਤਾ ਸੂਚਕਾਂਕ 350 ਤੋਂ ਵੱਧ ਦਰਜ ਕੀਤਾ ਗਿਆ, ਜਿਸ ਨਾਲ ਇੱਥੋਂ ਦੇ ਵਾਸੀਆਂ ਦੀਆਂ ਸਿਹਤ ਪ੍ਰਤੀ ਚਿੰਤਾਵਾਂ ਵਧੀਆਂ ਹਨ। ਸਵੇਰੇ 7 ਵਜੇ ਦੇ ਕਰੀਬ ਆਨੰਦ ਵਿਹਾਰ ਦਾ ਏਕਿਊਆਈ 395, ਅਯਾ ਨਗਰ 352, ਜਹਾਂਗੀਰਪੁਰੀ 390 ਅਤੇ ਦਵਾਰਕਾ 376 ’ਤੇ ਪਹੁੰਚ ਗਿਆ। ਇਨ੍ਹਾਂ ਸਾਰੇ ਖੇਤਰਾਂ ਵਿੱਚ ‘ਬਹੁਤ ਮਾੜੀ’ ਹਵਾ ਦੀ ਗੁਣਵੱਤਾ ਦੀ ਰਿਪੋਰਟ ਕੀਤੀ।
ਐੱਨਸੀਆਰ ਵਿੱਚ ਵੀ ਲੋਕਾਂ ਨੂੰ ਸਾਹ ਲੈਣਾ ਹੋਇਆ ਮੁਸ਼ਕਲ
ਫਰੀਦਾਬਾਦ (ਪੱਤਰ ਪ੍ਰੇਰਕ): ਦਿੱਲੀ ਦੇ ਨਾਲ ਨਾਲ ਐੱਨਸੀਆਰ ਦੇ ਇਲਾਕਿਆਂ ਵਿੱਚ ਵੀ ਪ੍ਰਦੂਸ਼ਿਤ ਹਵਾ ਵਿੱਚ ਲੋਕ ਸਾਹ ਲੈਣ ਲਈ ਮਜਬੂਰ ਹੋ ਰਹੇ ਹਨ। ਦਿੱਲੀ ਦੇ ਸਨਅਤੀ ਇਕਾਈਆਂ ਦੇ ਨਾਲ-ਨਾਲ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ ਤੇ ਸੋਨੀਪਤ, ਪਲਵਲ, ਬੱਲਭਗੜ੍ਹ, ਬਹਾਦਰਗੜ੍ਹ ਦੇ ਕਾਰਖਾਨਿਆਂ ਵਿੱਚ ਪ੍ਰਦੂਸ਼ਣ ਨਾਲ ਜੁੜੀਆਂ ਸਰਗਰਮੀਆਂ ਜਾਰੀ ਹੋਣ ਕਰਕੇ ਪ੍ਰਦੂਸ਼ਣ ਦੀ ਮਾਰ ਇਨ੍ਹਾਂ ਖੇਤਰਾਂ ਵਿੱਚ ਵੀ ਦੇਖੀ ਜਾ ਸਕਦੀ ਹੈ। ਹਾਲਾਂ ਕਿ ਐੱਨਸੀਆਰ ਵਿੱਚ ਵੀ ਸਮੌਗ ਗੰਨਾਂ ਵਰਤੀਆਂ ਜਾ ਰਹੀਆਂ ਹਨ ਜੋ ਪ੍ਰਦੂਸ਼ਣ ਦੀ ਮਾਰ ਨੂੰ ਠੱਲ੍ਹਿਆ ਜਾ ਸਕੇ ਪਰ ਇਸ ਦੇ ਬਾਵਜੂਦ ਇੱਥੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਜਾਪ ਰਿਹਾ ਸੀ।
ਰਾਜਧਾਨੀ ਵਿੱਚ ਹਵਾ ਗੁਣਵਤਾ ਵਿੱਚ ਮਾਮੂਲੀ ਸੁਧਾਰ
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਹਵਾਵਾਂ ਚੱਲਣ ਕਾਰਨ ਹਵਾ ਗੁਣਵਤਾ ਵਿੱਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ। ਰਾਜਧਾਨੀ ਵਿੱਚ ਸ਼ਨਿਚਰਵਾਰ ਨੂੰ ਘੱਟੋ ਘੱਟ ਤਾਪਮਾਨ 17.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਆਮ ਤਾਪਮਾਨ ਤੋਂ ਦੋ ਡਿਗਰੀ ਵੱਧ ਹੈ। ਇੱਥੇ ਸਵੇਰੇ ਸਾਢੇ ਅੱਠ ਵਜੇ ਨਮੀ ਦਾ ਪੱਧਰ 88 ਫ਼ੀਸਦ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਰਾਜਧਾਨੀ ਵਿੱਚ ਅਸਮਾਨ ਸਾਫ਼ ਰਹਿਣ ਅਤੇ ਵੱਧ-ਵੱਧ ਤੋਂ ਤਾਪਮਾਨ 33 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਪ੍ਰਗਟਾਈ। -ਪੀਟੀਆਈ