For the best experience, open
https://m.punjabitribuneonline.com
on your mobile browser.
Advertisement

ਗਰੇਵਾਲ ਚੌਕ ਨੇੜੇ ਪਲਿੰਥਾਂ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੈ ਕੋਈ ਵੱਡਾ ਹਾਦਸਾ

07:21 AM Jul 01, 2024 IST
ਗਰੇਵਾਲ ਚੌਕ ਨੇੜੇ ਪਲਿੰਥਾਂ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੈ ਕੋਈ ਵੱਡਾ ਹਾਦਸਾ
ਪਲਿੰਥਾਂ ਨੇੜਿਓਂ ਲੰਘਦੇ ਵਾਹਨ ਤੇ ਪਿੱਛੇ ਸੜਕ ’ਤੇ ਦਿਖਾਈ ਦੇ ਰਹੇ ਮਿੱਟੀ ਦੇ ਢੇਰ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਜੂਨ
ਇੱਥੇ ਲੁਧਿਆਣਾ-ਸੰਗਰੂਰ ਰਾਜ ਮਾਰਗ-11 ਸਥਿਤ ਮਾਲੇਰਕੋਟਲਾ ਦੇ ਗਰੇਵਾਲ ਚੌਕ ਨੇੜੇ ਸੰਗਰੂਰ ਨੂੰ ਜਾਣ ਵਾਲੀ ਸੜਕ ’ਤੇ ਵੱਖ -ਵੱਖ ਸ਼ਹਿਰਾਂ ਲਈ ਦਿਸ਼ਾ ਅਤੇ ਦੂਰੀ ਦਰਸਾਉਂਦੇ ਟੁੱਟ ਚੁੱਕੇ ਬੋਰਡ ਦੀਆਂ ਸੜਕ ਦੇ ਦੋਵੇਂ ਕਿਨਾਰਿਆਂ ’ਤੇ ਸੜਕ ਤੋਂ ਕਰੀਬ ਦੋ ਫੁੱਟ ਉੱਚੀਆਂ ਅਤੇ ਤਿੰਨ ਫੁੱਟ ਲੰਮੀਆਂ-ਚੌੜੀਆਂ ਪਲਿੰਥਾਂ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਕਰੀਬ ਛੇ ਮਹੀਨੇ ਪਹਿਲਾਂ ਇਨ੍ਹਾਂ ਪਲਿੰਥਾਂ ’ਤੇ ਲੱਗਿਆ ਬੋਰਡ ਕਿਸੇ ਵਾਹਨ ਦੇ ਟਕਰਾਉਣ ਕਾਰਨ ਟੁੱਟ ਗਿਆ ਸੀ। ਲੋਕ ਨਿਰਮਾਣ ਵਿਭਾਗ ਨੇ ਬੋਰਡ ਦੇ ਲੋਹੇ ਦੇ ਥੰਮ੍ਹ ਤੇ ਚਾਦਰ ਆਦਿ ਤਾਂ ਇੱਥੋਂ ਚੁੱਕ ਲਏ ਸਨ ਪਰ ਬੋਰਡ ਦੀਆਂ ਸੜਕ ਕਿਨਾਰੇ ਖੜ੍ਹੀਆਂ ਪਲਿੰਥਾਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਇਨ੍ਹਾਂ ਪਲਿੰਥਾਂ ਨਾਲ ਰਾਤ-ਬਰਾਤੇ ਤਾਂ ਕੀ ਦਿਨ ਵੇਲੇ ਵੀ ਕਿਸੇ ਵਾਹਨ ਦੇ ਟਕਰਾਉਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਪਲਿੰਥਾਂ ਕੋਲ ਦੀ ਰੋਜ਼ਾਨਾ ਹੀ ਲੁਧਿਆਣਾ, ਸੰਗਰੂਰ, ਦਿੱਲੀ, ਪਟਿਆਲਾ, ਚੰਡੀਗੜ੍ਹ ਖੰਨਾ, ਸ਼ੇਰਪੁਰ, ਬਰਨਾਲਾ, ਬਠਿੰਡਾ ਆਉਣ-ਜਾਣ ਵਾਲੇ ਛੋਟੇ-ਵੱਡੇ ਵਾਹਨ ਲੰਘਦੇ ਹਨ। ਮਾਲੇਰਕੋਟਲਾ ਜ਼ਿਲ੍ਹਾ ਬਣਨ ਕਰਕੇ ਕਸਬਾ ਅਹਿਮਦਗੜ੍ਹ , ਅਮਰਗੜ੍ਹ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਦਫ਼ਤਰੀ ਕੰਮਾਂ ਅਤੇ ਰੁਝੇਵਿਆਂ ਲਈ ਸ਼ਹਿਰ ਲਈ ਆਉਣ-ਜਾਣ ਵੀ ਜ਼ਿਆਦਾਤਰ ਇਸ ਸੜਕ ’ਤੇ ਹੀ ਨਿਰਭਰ ਹੈ। ਗਰੇਵਾਲ ਚੌਕ ਵਿੱਚ ਹੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਖੜ੍ਹਦੀ ਹੈ, ਪੀਸੀਆਰ ਅਤੇ ਟਰੈਫ਼ਿਕ ਪੁਲੀਸ ਵੀ ਅਕਸਰ ਆ ਕੇ ਖੜ੍ਹਦੀ ਹੈ ਪਰ ਕਿਸੇ ਨੇ ਵੀ ਇਨ੍ਹਾਂ ਪਲਿੰਥਾਂ ਨੂੰ ਹਟਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਪਲਿੰਥਾਂ ਨੇੜੇ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਫੁੱਟ ਓਵਰਬ੍ਰਿਜ ਬਣਾਉਣ ਲਈ ਪੁੱਟੇ ਟੋਇਆਂ ਕਾਰਨ ਸੜਕ ਕਿਨਾਰੇ ਮਿੱਟੀ ਦੇ ਢੇਰ ਲੱਗੇ ਪਏ ਹਨ। ਫੁੱਟ ਓਵਰਬ੍ਰਿਜ ਬਣਾਉਣ ਦਾ ਕੰਮ ਵੀ ਬੰਦ ਪਿਆ ਹੈ। ਢੇਰਾਂ ਤੋਂ ਉੱਡਦੀ ਮਿੱਟੀ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਆਵਾਜਾਈ ਵਿੱਚ ਵਿਘਨ ਪਾ ਰਹੀ ਹੈ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਚਾਹਲ ਅਤੇ ਗੁਰਦੁਆਰਾ ਹਾਅ ਦਾ ਨਾਅਰਾ ਦੇ ਪ੍ਰਧਾਨ ਚਮਕੌਰ ਸਿੰਘ ਬੂਲਾਪੁਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਤੋਂ ਪਲਿੰਥਾਂ ਨੂੰ ਹਟਵਾਇਆ ਜਾਵੇ, ਫੁੱਟ ਓਵਰਬ੍ਰਿਜ ਦੀ ਉਸਾਰੀ ਜਲਦੀ ਮੁਕੰਮਲ ਕੀਤੀ ਜਾਵੇ ਅਤੇ ਵਿਭਾਗ ਦੇ ਅਰਾਮਘਰ ਨੇੜੇ ਬਰਮਾਂ ’ਤੇ ਮਿੱਟੀ ਪਾ ਕੇ ਬਰਮਾਂ ਨੂੰ ਪੱਧਰ ਕੀਤਾ ਜਾਵੇ।

Advertisement

ਪਲਿੰਥਾਂ ਨੂੰ ਚਾਰ ਦਿਨਾਂ ਵਿੱਚ ਹਟਾ ਦਿੱਤਾ ਜਾਵੇਗਾ: ਐਕਸੀਅਨ

ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਜਨੀਅਰ ਕਮਲਜੀਤ ਸਿੰਘ ਨੇ ਕਿਹਾ ਕਿ ਪਲਿੰਥਾਂ ਨੂੰ ਤਿੰਨ -ਚਾਰ ਦਿਨਾਂ ਵਿੱਚ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੁੱਟ ਓਵਰਬ੍ਰਿਜ ਦਾ ਕੰਮ ਮਹੀਨੇ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਸੜਕ ਕਿਨਾਰੇ ਬਰਮਾਂ ’ਤੇ ਦਸ ਦਿਨਾਂ ਵਿੱਚ ਮਿੱਟੀ ਪਾ ਕੇ ਪੱਧਰ ਕਰ ਦਿੱਤਾ ਜਾਵੇਗਾ।

Advertisement
Author Image

Advertisement
Advertisement
×