ਡਰਾਈਵਰ ਨਾ ਹੋਣ ਕਾਰਨ ਖੰਨਾ ਕੌਂਸਲ ਦਾ ਪ੍ਰਧਾਨ ਸਕੂਟਰ ’ਤੇ
ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਅਕਤੂਬਰ
ਇਥੋਂ ਦੀ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਸਰਕਾਰੀ ਵਾਹਨ ਦਾ ਡਰਾਈਵਰ ਨਾ ਹੋਣ ਕਾਰਨ ਆਪਣੇ ਨਿੱਜੀ ਚੇਤਕ ਸਕੂਟਰ ’ਤੇ ਘੁੰਮਦੇ ਹਨ। ਕਰੀਬ 25 ਸਾਲਾਂ ਤੋਂ ਸਰਕਾਰੀ ਵਾਹਨ ਦੇ ਡਰਾਈਵਰ ਰਾਮ ਸਿੰਘ ਦੀ ਬਦਲੀ ਕਿਸੇ ਹੋਰ ਥਾਂ ਕਰ ਦਿੱਤੀ ਗਈ ਹੈ।
ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਦੋਸ਼ ਲਾਇਆ ਕਿ ਸਰਕਾਰੀ ਗੱਡੀ ਦੇ ਡਰਾਈਵਰ ਨੂੰ ਸੀਵਰਮੈਨ ਹੋਣ ਦੀ ਗੱਲ ਕਹਿ ਕੇ ਕਿਸੇ ਹੋਰ ਥਾਂ ਭੇਜ ਦਿੱਤਾ ਗਿਆ ਹੈ। ਉਸ ਦੀ ਥਾਂ ਕੋਈ ਹੋਰ ਡਰਾਈਵਰ ਨਹੀਂ ਦਿੱਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਈਓ ਸਮੇਤ ਹੋਰ ਅਧਿਕਾਰੀਆਂ ਲਈ ਸਰਕਾਰੀ ਗੱਡੀ ਦਾ ਡਰਾਈਵਰ ਵੀ ਸੀਵਰਮੈਨ ਹੈ। ਸਿਰਫ਼ ਉਸ ਦੇ ਕਾਰ ਡਰਾਈਵਰ ਨੂੰ ਜਾਣ-ਬੁੱਝ ਕੇ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਸਿਆਸੀ ਹਦਾਇਤਾਂ ’ਤੇ ਕੰਮ ਕਰ ਰਹੀ ਹੈ। ਇਸ ਸਬੰਧੀ ਉਨ੍ਹਾਂ 25 ਸਤੰਬਰ ਨੂੰ ਈਓ ਚਰਨਜੀਤ ਸਿੰਘ ਨੂੰ ਪੱਤਰ ਲਿਖਿਆ ਸੀ, ਜਿਸ ਦਾ ਜਵਾਬ ਅੱਜ ਤੱਕ ਨਹੀਂ ਮਿਲਿਆ।
ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਕੁਝ ਕੌਂਸਲਰਾਂ ਨਾਲ ਆਪਸੀ ਰੰਜਿਸ਼ ਸੀ, ਜਦੋਂ ਸਰਕਾਰ ਬਦਲੀ ਤਾਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਦੀ ਸਿਆਸੀ ਬਦਲਾਖੋਰੀ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖਣਗੇ।
ਛੇਤੀ ਡਰਾਈਵਰ ਭੇਜ ਦਿੱਤਾ ਜਾਵੇਗਾ: ਕਾਰਜਸਾਧਕ ਅਫਸਰ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੱਤਰ ਮਿਲ ਗਿਆ ਹੈ। ਉਹ ਅਗਲੀ ਕਾਰਵਾਈ ਲਈ ਐੱਮਈ ਸ਼ਾਖਾ ਨੂੰ ਭੇਜ ਦੇਣਗੇ ਅਤੇ ਪ੍ਰਧਾਨ ਨੂੰ ਜਲਦੀ ਹੀ ਡਰਾਈਵਰ ਭੇਜ ਦਿੱਤਾ ਜਾਵੇਗਾ।
ਕੀ ਕਹਿੰਦੇ ਨੇ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਇਸ ਨੂੰ ‘ਆਪ’ ਦੀ ਹੋਛੀ ਸਿਆਸਤ ਕਰਾਰ ਦਿੰਦਿਆਂ ਕਾਂਗਰਸ ਆਗੂ ਲੱਧੜ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ, ਕਈ ਵਾਰ ਨੋਟਿਸ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਉਨ੍ਹਾਂ ਦੇ ਵਾਹਨ ਦਾ ਡਰਾਈਵਰ ਹਟਾ ਦਿੱਤਾ ਹੈ।