ਚੁਕਾਈ ਨਾ ਹੋਣ ਕਾਰਨ ਮਾਲੇਰਕੋਟਲਾ ਮੰਡੀ ’ਚ ਝੋਨੇ ਦੇ ਲੱਗੇ ਅੰਬਾਰ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,4 ਨਵੰਬਰ
ਪ੍ਰਸ਼ਾਸਨ ਵੱਲੋਂ ਖ਼ਰੀਦੇ ਗਏ ਝੋਨੇ ਦੀ ਨਾਲੋ-ਨਾਲ ਲਿਫਟਿੰਗ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ ਪਰ ਲਿਫ਼ਟਿੰਗ ਨੂੰ ਲੈ ਕੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਸਥਾਨਕ ਦਾਣਾ ਮੰਡੀ ’ਚੋਂ ਵਿਕੇ ਝੋਨੇ ਦੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਲਿਫ਼ਟਿੰਗ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਸਥਾਨਕ ਦਾਣਾ ਮੰਡੀ ’ਚ ਜਿੱਥੇ ਵੀ ਨਜ਼ਰ ਮਾਰੋ ਝੋਨੇ ਦੀਆਂ ਬੋਰੀਆਂ ਹੀ ਬੋਰੀਆਂ ਨਜ਼ਰ ਆਉਂਦੀਆਂ ਹਨ। ਉੱਧਰ, ਝੋਨੇ ਦੀ ਕਟਾਈ ਜ਼ੋਰਾਂ ’ਤੇ ਚੱਲ ਰਹੀ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਢੇਰੀ ਕਰਨ ਲਈ ਮੰਡੀ ’ਚ ਜਗ੍ਹਾ ਨਹੀਂ ਲੱਭ ਰਹੀ। ਕਿਸਾਨਾਂ ਨੂੰ ਝੋਨੇ ਦੀ ਟਰਾਲੀ ਖ਼ਾਲੀ ਕਰਨ ਲਈ ਕਈ- ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਆੜ੍ਹਤੀਏ ਆਪਣੇ ਖ਼ਰਚੇ ’ਤੇ ਬੋਰੀਆਂ ਦੇ ਉੱਚੇ-ਉੱਚੇ ਚੱਕੇ ਲਗਵਾ ਕੇ ਕਿਸਾਨਾਂ ਦੀ ਫ਼ਸਲ ਢੇਰੀ ਕਰਨ ਲਈ ਫੜ੍ਹ ’ਤੇ ਜਗ੍ਹਾ ਬਣਵਾ ਰਹੇ ਹਨ। ਮੰਡੀ ਦੇ ਆਲੇ-ਦੁਆਲੇ ਜਿੱਥੇ ਵੀ ਥਾਂ ਮਿਲਦੀ ਹੈ, ਕਿਸਾਨ ਉੱਥੇ ਹੀ ਆਪਣੀ ਫ਼ਸਲ ਢੇਰੀ ਕਰ ਰਹੇ ਹਨ। ਲਿਫ਼ਟਿੰਗ ਨੂੰ ਲੈ ਕੇ ਕਿਸਾਨ ਅਤੇ ਆੜ੍ਹਤੀਏ ਦੋਵੇਂ ਹੀ ਪ੍ਰੇਸ਼ਾਨ ਹੋ ਰਹੇ ਹਨ। ਜੇ ਝੋਨੇ ਦੀ ਚੁਕਾਈ ਦੀ ਰਫ਼ਤਾਰ ਵਿੱਚ ਤੇਜ਼ੀ ਨਾ ਆਈ ਤਾਂ ਮੰਡੀ ’ਚ ਕਿਸਾਨਾਂ ਨੂੰ ਆਪਣੀ ਫ਼ਸਲ ਲਿਆਉਣ ਲਈ ਜਗ੍ਹਾ ਨਹੀਂ ਮਿਲਣੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਚਮਕੌਰ ਸਿੰਘ ਹਥਨ ਨੇ ਕਿਹਾ ਕਿ ਪ੍ਰਸ਼ਾਸਨ ਖ਼ਰੀਦੇ ਜਾ ਰਹੇ ਝੋਨੇ ਦੀ ਲਿਫ਼ਟਿੰਗ ਦੇ ਅੰਕੜੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ। ਪ੍ਰਸ਼ਾਸਨ ਅੰਕੜਿਆਂ ਨਾਲ ਬੁੱਤਾ ਸਾਰਨ ਦੀ ਬਜਾਏ ਖ਼ਰੀਦੇ ਜਾ ਚੁੱਕੇ ਝੋਨੇ ਦੀ ਚੁਕਾਈ ਵਿੱਚ ਤੇਜ਼ੀ ਲਿਆਏ, ਨਹੀਂ ਕਿਰਤੀ ਕਿਸਾਨ ਯੂਨੀਅਨ ਝੋਨੇ ਦੀ ਲਿਫ਼ਟਿੰਗ ਨੂੰ ਲੈ ਕੇ ਸੰਘਰਸ਼ ਵਿੱਢੇਗੀ।
ਮੰਡੀਆਂ ਵਿੱਚੋਂ 70,034 ਮੀਟਰਿਕ ਝੋਨੇ ਦੀ ਲਿਫ਼ਟਿੰਗ ਹੋਈ: ਡੀਸੀ
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ ਮੰਡੀਆਂ ਵਿੱਚੋਂ ਕਰੀਬ 70,034 ਮੀਟਰਿਕ ਝੋਨੇ ਦੀ ਲਿਫ਼ਟਿੰਗ ਕਰਵਾਈ ਜਾ ਚੁੱਕੀ ਹੈ ਅਤੇ ਖ਼ਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 337.41 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਡਾ. ਪੱਲਵੀ ਨੇ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਖ਼ਰੀਦਣ ਦੀ ਵਚਨਬੱਧਤਾ ਨੂੰ ਦੁਹਰਾਇਆ