For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਸੜਕਾਂ ’ਤੇ ਉੱਤਰੇ ਆੜ੍ਹਤੀ ਤੇ ਮਜ਼ਦੂਰ

11:19 AM Oct 11, 2024 IST
ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਸੜਕਾਂ ’ਤੇ ਉੱਤਰੇ ਆੜ੍ਹਤੀ ਤੇ ਮਜ਼ਦੂਰ
ਚਮਕੌਰ ਸਾਹਿਬ ਸੜਕ ’ਤੇ ਧਰਨਾ ਦਿੰਦੇ ਹੋਏ ਆੜ੍ਹਤੀ ਤੇ ਮਜ਼ਦੂਰ।
Advertisement

ਸੰਜੀਵ ਬੱਬੀ
ਚਮਕੌਰ ਸਾਹਿਬ, 10 ਅਕਤੂਬਰ
ਚਮਕੌਰ ਸਾਹਿਬ ਅਧੀਨ ਪੈਂਦੀਆਂ ਅਨਾਜ ਮੰਡੀਆਂ ਦੇ ਆੜ੍ਹਤੀਆਂ ਵੱਲੋਂ ਹਾਈਬ੍ਰਿਡ ਝੋਨੇ ਦੀ ਖ਼ਰੀਦ ਨਾ ਕਰਨ ਅਤੇ ਕੁਝ ਕਿਸਾਨ ਯੂਨੀਅਨਾਂ ਵੱਲੋਂ ਦਖ਼ਲਅੰਦਾਜ਼ੀ ਕਰਨ ’ਤੇ ਇੱਥੇ ਅਨਾਜ ਮੰਡੀ ਸਾਹਮਣੇ ਸੜਕ ’ਤੇ ਪ੍ਰਦਰਸ਼ਨ ਕਰਕੇ ਆਵਾਜਾਈ ਠੱਪ ਕੀਤੀ ਗਈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ , ਸ਼ੈੱਲਰ ਯੂਨੀਅਨ ਦੇ ਚੌਧਰੀ ਜਸਵੀਰ ਸਿੰਘ, ਮਨਜੀਤ ਸਿੰਘ ਕੰਗ ਅਤੇ ਉੱਜਲ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਅਨਾਜ ਮੰਡੀਆਂ ਵਿੱਚ ਹਾਈਬ੍ਰਿਡ ਝੋਨੇ ਦੀ ਖ਼ਰੀਦ ਨੂੰ ਲੈ ਕੇ ਬੀਤੇ ਦਿਨ ਬੇਲਾ ਮੰਡੀ ਵਿੱਚ ਵੀ ਵਿਰੋਧ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਕੁੱਝ ਕਿਸਾਨਾਂ ਵੱਲੋਂ ਇੱਥੋਂ ਦੀ ਮੰਡੀ ਵਿੱਚ ਧੱਕੇ ਨਾਲ ਮਜ਼ਦੂਰਾਂ ਤੋਂ ਹਾਈਬ੍ਰਿਡ ਝੋਨੇ ਦੀ ਤੁਲਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਸੜਕ ’ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਸਰਕਾਰ ਉਕਤ ਝੋਨੇ ਆਪ ਖ਼ਰੀਦ ਕਰਕੇ ਆਪਣੇ ਕੋਲ ਭੰਡਾਰ ਕਰੇ, ਕਿਉਂਕਿ ਉਕਤ ਝੋਨਾ ਇੱਕ ਕੁਇੰਟਲ ਦੀ ਬਜਾਏ 62 ਕਿੱਲੋ ਨਿਕਲ ਰਿਹਾ ਹੈ, ਜਿਸ ਕਾਰਨ ਆੜ੍ਹਤੀ ਹੋਰ ਪਿਛਲੇ ਸਾਲ ਤੋਂ ਵੀ ਘਾਟੇ ਵਿੱਚ ਚਲੇ ਜਾਣਗੇ। ਕੁੱਝ ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਝੋਨਾ ਲੈ ਕੇ ਮੰਡੀਆਂ ਵਿੱਚ ਰੁਲ ਰਹੇ ਹਨ ਪਰ ਉਨ੍ਹਾਂ ਦੇ ਝੋਨੇ ਨੂੰ ਹਾਈਬ੍ਰਿਡ ਦੱਸ ਕੇ ਖ਼ਰੀਦਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਖ਼ਰੀਦ ਨਾ ਹੋਣ ਤੋਂ ਕਾਫ਼ੀ ਦੁਖੀ ਤੇ ਪ੍ਰੇਸ਼ਾਨ ਹਨ।
ਧਰਨੇ ਦੌਰਾਨ ਪਹੁੰਚੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਆੜ੍ਹਤੀਆਂ ਨੂੰ ਸਮਝਾਇਆ ਕਿ ਉਹ ਧਰਨਾ ਸਮਾਪਤ ਕਰ ਦੇਣ ਪਰ ਆੜ੍ਹਤੀ ਵੱਲੋਂ ਕਿਹਾ ਗਿਆ ਕਿ ਉਹ ਉਦੋਂ ਤੱਕ ਹਾਈਬ੍ਰਿਡ ਝੋਨੇ ਦੀ ਖ਼ਰੀਦ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

Advertisement

ਐੱਸਡੀਐੱਮ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

ਐੱਸਡੀਐੱਮ ਅਮਰੀਕ ਸਿੰਘ ਸਿੱਧੂ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਤਿੰਨ ਦਿਨਾਂ ਅੰਦਰ ਉਕਤ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ। ਆੜ੍ਹਤੀਆਂ ਵੱਲੋਂ ਉਕਤ ਭਰੋਸਾ ਮਿਲਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਹੋ ਗਈ। ਜ਼ਿਕਰਯੋਗ ਹੈ ਕਿ ਕੱਲ੍ਹ ਵੀ ਦੇਰ ਰਾਤ ਤੱਕ ਨਹਿਰ ਸਰਹਿੰਦ ਦੇ ਪੁਲ ’ਤੇ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਸੀ।

Advertisement

ਆੜ੍ਹਤੀਆਂ ਵੱਲੋਂ ਮੁੜ ਹੜਤਾਲ ’ਤੇ ਜਾਣ ਦਾ ਐਲਾਨ

ਕੁਰਾਲੀ (ਮਿਹਰ ਸਿੰਘ): ਸ਼ਹਿਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦੀ ਫ਼ਸਲ ਦੀ ਚੁਕਾਈ (ਲਿਫਟਿੰਗ) ਨਾ ਹੋਣ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਚੁਕਾਈ ਨਾ ਹੋਣ ਕਾਰਨ ਸ਼ਹਿਰ ਦੇ ਆੜ੍ਹਤੀਆਂ ਨੇ ਇੱਕ ਵਾਰ ਫਿਰ ਸ਼ੁੱਕਰਵਾਰ ਤੋਂ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਤਿੰਨ ਦਿਨ ਪਹਿਲਾਂ ਭਾਵੇਂ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਵਲੋਂ ਕਿਸਾਨਾਂ ਤੇ ਆੜ੍ਹਤੀਆਂ ਦੇ ਰੋਸ ਪ੍ਰਦਰਸ਼ਨ ਤੇ ਚੱਕਾ ਜਾਮ ਤੋਂ ਬਾਅਦ ਸ਼ਹਿਰ ਦੀ ਅਨਾਜ ਮੰਡੀ ਵਿੱਚ ਖੁਦ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਸੀ। ਪਰ ਦੋ ਤਿੰਨ ਦਿਨਾਂ ਬਾਅਦ ਹੀ ਆੜ੍ਹਤੀ ਐਸੋਸੀਏਸ਼ਨ ਨੇ ਇੱਕ ਵਾਰ ਫਿਰ ਸ਼ੁੱਕਵਾਰ ਤੋਂ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਆੜ੍ਹਤੀ ਐਸੋਸਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸਿੰਘੁਪਰਾ, ਰਾਣਾ ਹਰਮੇਸ਼ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਮੰਡੀ ਵਿੱਚ ਭਾਰੀ ਮਾਤਰਾ ਵਿੱਚ ਝੋਨੇ ਦੀ ਫ਼ਸਲ ਆ ਰਹੀ ਹੈ ਪਰ ਪਿਛਲੇ ਦਿਨਾਂ ਵਿੱਚ ਹੋਈ ਭਾਰੀ ਖ਼ਰੀਦ ਦੇ ਬਾਵਜੂਦ ਇੱਕ ਵੀ ਬੋਰੀ ਝੋਨੇ ਦੀ ਚੁੱਕੀ ਨਹੀਂ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਖਰੀਦੀ ਫਸਲ ਦੀ ਲਿਫਟਿੰਗ ਨਾ ਹੋਣ ਤੱਕ ਉਹ ਹੜਤਾਲ ’ਤੇ ਰਹਿਣਗੇ ਅਤੇ ਮੰਡੀ ਵਿੱਚ ਖਰੀਦ ਦਾ ਕੰਮ ਠੱਪ ਰੱਖਣਗੇ। ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਲਿਫਟਿੰਗ ਦੀ ਸਮੱਸਿਆ ਸਬੰਧੀ ਦੱਸਿਆ ਕਿ ਗੋਦਾਮਾਂ ਵਿੱਚ ਪਹਿਲਾਂ ਤੋਂ ਕਣਕ ਦੀ ਫ਼ਸਲ ਪਈ ਹੋਣ ਕਾਰਨ ਤੇ ਸਪੈਸ਼ਲ ਨਾ ਲੱਗਣ ਅਤੇ ਸ਼ੈੱਲਰਾਂ ਦੀ ਅਲਾਟਮੈਂਟ ਨਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ।
ਰੂਪਨਗਰ (ਜਗਮੋਹਨ ਸਿੰਘ): ਰੂਪਨਗਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਮਸਲਾ ਦਿਨ ਪ੍ਰਤੀ ਦਿਨ ਉਲਝਦਾ ਹੀ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸ਼ੈੱਲਰ ਵਾ‌ਲਿਆਂ ਨੇ ਝੋਨੇ ਦੀਆਂ ਖ਼ਰੀਦੀਆਂ ਗਈਆਂ ਤਿੰਨ ਗੱਡੀਆਂ ਵਿੱਚੋਂ ਇੱਕ ਉਤਰਵਾ ਲਈ, ਜਦੋਂਕਿ ਦੋ ਵਾਪਸ ਮੋੜ ਦਿੱਤੀਆਂ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਨਾ ਹੋਈ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਇਸ ਸਬੰਧੀ ਡੀਐੱਫਐਸਸੀ ਰੂਪਨਗਰ ਡਾ. ਕਿੰਮੀ ਵਨੀਤ ਕੌਰ ਸੇਠੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਤੇ ਸ਼ੈੱਲਰ ਮਾਲਕਾਂ ਦੇ ਮਸਲੇ ਨੂੰ ਸੁਲਝਾਉਣ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਜਲਦੀ ਹੀ ਮਸਲੇ ਦਾ ਹੱਲ ਹੋਣ ਦੀ ਉਮੀਦ ਹੈ।

Advertisement
Author Image

sukhwinder singh

View all posts

Advertisement