ਨਹਿਰਾਂ ਤੇ ਰਜਵਾਹਿਆਂ ਦੀ ਸਫਾਈ ਨਾ ਹੋਣ ਕਾਰਨ ਕਿਸਾਨ ਔਖੇ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 3 ਅਗਸਤ
ਮਾਨਸਾ ਜ਼ਿਲ੍ਹੇ ਵਿਚ ਨਹਿਰਾਂ, ਸੂਏ, ਕੱਸੀਆਂ ਅਤੇ ਖਾਲਾਂ ਆਦਿ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਖੇਤੀ ਲਈ ਪੂਰਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਰਜਵਾਹੇ ਟੁੱਟਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਇਸ ਵਾਰ ਮੌਨਸੂਨ ਕੁੱਝ ਮੱਠਾ ਹੋਣ ਕਰ ਕੇ ਵੀ ਖੇਤੀ ਨੂੰ ਯੋਗ ਪਾਣੀ ਨਹੀਂ ਮਿਲ ਸਕਿਆ। ਕਿਸਾਨ ਇਸ ਨੂੰ ਲੈ ਕੇ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਟੇਲਾਂ ’ਤੇ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਇਸ ਦੀ ਹਕੀਕਤ ਕੁਝ ਹੋਰ ਹੈ। ਕਿਸਾਨਾਂ ਨੇ ਕਿਹਾ ਨਹਿਰੀ ਵਿਭਾਗ ਦੇ ਪਟਵਾਰੀਆਂ ਨੂੰ ਵੀ ਇਸ ਦੇ ਝੂਠੇ ਅੰਕੜੇ ਪੇਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂਕਿ ਨਹਿਰੀ ਦੇ ਅਧਿਕਾਰੀ ਅਤੇ ਕਰਮਚਾਰੀ, ਠੇਕੇਦਾਰ ਕਾਗਜ਼ਾਂ ਵਿੱਚ ਹੀ ਨਹਿਰਾਂ, ਸੂਏ ਕੱਸੀਆਂ ਦੀ ਸਫਾਈ ਕਰਵਾ ਕੇ ਖਾਨਾਪੂਰਤੀ ਕਰ ਦਿੰਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾਈ ਆਗੂ ਮੱਖਣ ਸਿੰਘ ਭੇਣੀਬਾਘਾ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਨਹਿਰਾਂ, ਸੂਏ, ਕੱਸੀਆਂ ਦੇ ਕਿਨਾਰਿਆਂ ਤੇ ਪੰਜ-ਪੰਜ ਫੁੱਟ ਸਰਕੜਾ, ਘਾਹ ਅਤੇ ਝਾੜੀਆਂ ਉਗ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਪੂਰਾ ਪਾਣੀ ਨਹੀਂ ਪਹੁੰਚਦਾ। ਪਾਣੀ ਰੁਕਣ ਕਰਕੇ ਇਨ੍ਹਾਂ ਦੇ ਕਿਨਾਰੇ ਟੁੱਟ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਕੋਲ ਪੰਜਾਬ ਸਰਕਾਰ ਵੱਲੋਂ ਸੂਏ ਰਜਾਹਿਆਂ ਤੇ ਨਹਿਰਾਂ ਆਦਿ ਦੀ ਸਫਾਈ ਭੇਜੇ ਕਰੋੜਾਂ ਰੁਪਏ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਵਿੱਚ ਬੇਲਦਾਰ ਅਤੇ ਮੇਟ ਦੀ ਪੱਕੀ ਭਰਤੀ ਕਰਕੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ।