ਮੰਗਾਂ ਨਾ ਮੰਨੇ ਜਾਣ ਕਾਰਨ ਚੌਥਾ ਦਰਜਾ ਕਾਮੇ ਖਫ਼ਾ
ਪੱਤਰ ਪ੍ਰੇਰਕ
ਪਟਿਆਲਾ, 8 ਜੁਲਾਈ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਸਿੱਖਿਆ ਵਿਭਾਗ ਦੇ ਪ੍ਰਧਾਨ ਰਾਮ ਪ੍ਰਸ਼ਾਦ ਸਹੋਤਾ ਨੇ ਅੱਜ ਇੱਥੇ ਕਿਹਾ ਕਿ ਭਗਵੰਤ ਮਾਨ ਦੀ ‘ਆਪ ਸਰਕਾਰ’ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਅੱਖੋ-ਪਰੋਖੇ ਕਰਕੇ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ। ਅੱਜ ਮੀਟਿੰਗ ਦੌਰਾਨ ਮਜ਼ਦੂਰਾਂ ਨੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਨੂੰ ਬਣਦੀਆਂ ਮੰਗਾਂ ਲਾਗੂ ਕਰਨ ਬਾਰੇ ਆਖਿਆ ਗਿਆ।
ਪ੍ਰਧਾਨ ਸਹੋਤਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਪਿਛਲੇ 25-30 ਸਾਲਾਂ ਤੋਂ ਕੰਮ ਕਰ ਰਹੇ ਪਾਰਟ ਟਾਈਮ ਕਾਮੇ, ਪੀਟੀਏ ਫੰਡ ਕਾਮੇ ਤੇ ਮਿਡ-ਡੇਅ ਮੀਲ ਕਾਮੇ ਸਰਕਾਰ ਦੀ ਬੇਧਿਆਨੀ ਦਾ ਸ਼ਿਕਾਰ ਹਨ। ਉਨ੍ਹਾਂ ਮੰਗ ਰੱਖੀ ਕਿ ਮਿਡ-ਡੇਅ ਮੀਲ ਵਰਕਰਾਂ ਦੀ ਤਨਖ਼ਾਹ ਵਿੱਚ ਵਾਧਾ ਕੀਤਾ ਜਾਵੇ, ਮਿਡ-ਡੇਅ ਮੀਲ ਵਰਕਰਾਂ ਨੂੰ ਬਿਮਾਰੀ ਦੀ ਛੁੱਟੀ ਅਤੇ ਜਣੇਪਾ ਛੁੱਟੀ, ਵਰਕਰਾਂ ਨੂੰ ਮੌਸਮ ਮੁਤਾਬਿਕ ਵਰਦੀਆਂ ਦਿੱਤੀਆਂ ਜਾਣ। ਇਸ ਮੌਕੇ ਚੌਥਾ ਦਰਜਾ ਕਾਮਿਆਂ ਵੱਲੋਂ ਸਾਥੀ ਦਰਸ਼ਨ ਸਿੰਘ ਲੁਬਾਣਾ ਨੂੰ ਪੰਜਵੀਂ ਵਾਰ ਪੰਜਾਬ ਦੇ ਪ੍ਰਧਾਨ ਬਣਨ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ।