ਮੋਹਲੇਧਾਰ ਮੀਂਹ ਕਾਰਨ ਬਲਾਚੌਰ ਨਾਲੋਂ ਕਈ ਪਿੰਡਾਂ ਦਾ ਸੰਪਰਕ ਟੁੱਟਿਆ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 9 ਜੁਲਾਈ
ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਮੋਹਲੇਧਾਰ ਬਾਰਿਸ਼ ਨੇ ਪੂਰੇ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਬਣਾ ਦਿੱਤੀ ਹੈ। ਭਾਰੀ ਮੀਂਹ ਕਾਰਨ ਬੀਤੀ ਰਾਤ ਇਲਾਕੇ ਦੇ ਲਗਪਗ ਸਾਰੇ ਪਿੰਡਾਂ ਦੀ ਬਿਜਲੀ ਗੁੱਲ ਰਹੀ, ਜਿਸ ਦੇ ਸਿੱਟੇ ਵਜੋਂ ਇਲਾਕੇ ਦੇ ਕੰਢੀ, ਬੇਟ ਅਤੇ ਢਾਹੇ ਦੇ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸਦੇ ਰਹੇ। ਭਾਰੀ ਮੀਂਹ ਕਾਰਨ ਰੱਤੇਵਾਲ, ਗਹੂੰਣ, ਕਾਠਗੜ੍ਹ ਅਤੇ ਇਲਾਕੇ ਦੇ ਸਾਰੇ ਚੋਆਂ ਵਿੱਚ ਪਾਣੀ ਭਰਨ ਕਾਰਨ ਲਾਗਲੇ ਪਿੰਡਾਂ ਦੇ ਨੀਵੇਂ ਘਰਾਂ ਵਿੱਚ 3-3 ਫੁੱਟ ਪਾਣੀ ਜਾ ਵੜਿਆ। ਬਲਾਚੌਰ-ਗਹੂੰਣ ਸੜਕ ’ਤੇ ਪੈਂਦੇ ਚੋਅ ਦੇ ਪਾਣੀ ਨੇ ਗਹੂੰਣ ਅਤੇ ਲੋਹਟਾਂ ਆਦਿ ਪਿੰਡਾਂ ਦਾ ਬਲਾਚੌਰ ਸ਼ਹਿਰ ਨਾਲ ਲਿੰਕ ਤੋੜ ਦਿੱਤਾ, ਇਸੇ ਤਰ੍ਹਾਂ ਥੋਪੀਆ ਲਿੰਕ ਸੜਕ ਵਿੱਚ ਪਾੜ ਪੈਣ ਕਾਰਨ ਥੋਪੀਆ ਦਾ ਬਲਾਚੌਰ ਸ਼ਹਿਰ ਨਾਲੋਂ ਲਿੰਕ ਟੁੱਟ ਗਿਆ। ਗਹੂੰਣ ਚੋਅ ਦੇ ਪਾਣੀ ਨਾਲ ਬਲਾਚੌਰ ਸ਼ਹਿਰ ਦੇ ਸ਼ਮਸ਼ਾਨਘਾਟ ਦੀ ਕੰਧ ਟੁੱਟਣ ਕਾਰਨ ਆਲੇ ਦੁਆਲੇ ਦੇ ਵਾਰਡਾਂ ਦੇ ਸਾਰੇ ਘਰਾਂ ਵਿੱਚ ਪਾਣੀ ਜਾ ਵੜਿਆ। ਬੇਟ ਏਰੀਏ ਦੇ ਕਈ ਪਿੰਡਾਂ ਵਿੱਚ ਹਾਲਾਤ ਨਾਜ਼ੁਕ ਬਣੇ ਹੋਏ ਹਨ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਰਾਣਾ ਕਰਨ ਸਿੰਘ ਨੇ ਕਿਹਾ ਕਿ ਬੇਟ ਅਤੇ ਕੰਢੀ ਏਰੀਏ ਵਿੱਚ ਪਿਛਲੇ ਸਮੇਂ ਦੌਰਾਨ ਹੋਈ ਗੈਰਕਾਨੂੰਨੀ ਮਾਈਨਿੰਗ ਕਾਰਨ, ਕੁਝ ਥਾਵਾਂ ’ਤੇ ਬਰਸਾਤੀ ਚੋਆਂ ਦੇ ਕੁਦਰਤੀ ਵਹਾਅ ਨੂੰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਰੋਕਣ ਕਾਰਨ ਇਲਾਕੇ ਦੇ ਹਾਲਾਤ ਤੁਰੰਤ ਹੜ੍ਹ ਵਰਗੇ ਬਣ ਗਏ ਹਨ।
ਖਲੈਹਰਾ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਖਲੈਹਰਾ ਵਿੱਚ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਿੰਡ ਦੇ ਵਸਨੀਕ ਜਸਬੀਰ ਸਿੰਘ ਖਲੈਹਰਾ ਤੇ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਭਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫ਼ਸਲਾਂ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਕਾਰਨ ਸੜਕਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ, ਜਿਸ ਕਾਰਨ ਆਵਾਜਾਈ ਦੀ ਵੀ ਸਮੱਸਿਆ ਆ ਰਹੀ ਹੈ। ਪਿੰਡ ਵਾਸੀਆਂ ਨੇ ਭਗਵੰਤ ਮਾਨ ਸਰਕਾਰ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋਂ ਮੰਗ ਕੀਤੀ ਕੇ ਉਨ੍ਹਾਂ ਦੀ ਇਸ ਮੁਸ਼ਕਲ ਦਾ ਕੋਈ ਪੱਕਾ ਹੱਲ ਕੀਤਾ ਜਾਵੇ।
ਪਾਣੀ ਵਿੱਚ ਕਾਰਾਂ ਦੀਆਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਲੱਥੀਆਂ
ਗੁਰਦਾਸਪੁਰ (ਕੇਪੀ ਸਿੰਘ): ਵਾਹਨਾਂ ਉੱਪਰ ਲੱਗਣ ਵਾਲੀਆਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਮਜ਼ਬੂਤੀ ਦੇ ਪੱਖੋਂ ਬੇਹੱਦ ਕਮਜ਼ੋਰ ਸਾਬਿਤ ਹੋ ਰਹੀਆਂ ਹਨ। ਸਨਿੱਚਰਵਾਰ ਜ਼ੋਰਦਾਰ ਮੀਂਹ ਦੌਰਾਨ ਸੜਕਾਂ ’ਤੇ ਇਕੱਠੇ ਹੋਏ ਪਾਣੀ ਵਿੱਚੋਂ ਲੰਘਣ ਵਾਲੀਆਂ ਬਹੁਤ ਸਾਰੀਆਂ ਕਾਰਾਂ ਦੀਆਂ ਅਗਲੀਆਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਵੱਖ ਹੋ ਕੇ ਪਾਣੀ ਵਿੱਚ ਵਗ ਗਈਆਂ, ਜਿਸ ਦਾ ਚਾਲਕ ਨੂੰ ਮੌਕੇ ’ਤੇ ਕੋਈ ਪਤਾ ਨਹੀਂ ਲੱਗਿਆ। ਵਾਹਨਾਂ ਦੇ ਮਾਲਕਾਂ ਨੂੰ ਇਸ ਗੱਲ ਦਾ ਪਤਾ ਕਾਫ਼ੀ ਦੇਰ ਬਾਅਦ ਲੱਗਿਆ। ਬਹੁਤ ਸਾਰੇ ਦੁਕਾਨਦਾਰਾਂ ਨੇ ਸਮਝਦਾਰੀ ਦਿਖਾਉਂਦਿਆਂ ਇਹ ਪਲੇਟਾਂ ਇਕੱਠੀਆਂ ਕਰ ਕੇ ਆਪਣੀਆਂ ਦੁਕਾਨਾਂ ਦੇ ਬਾਹਰ ਰੱਖ ਦਿੱਤੀਆਂ। ਗੁਰਦਾਸਪੁਰ ਦੇ ਹਰਦੀਪ ਸਿੰਘ ਨੇ ਦੱਸਿਆ ਕਿ 4-5 ਸੌ ਰੁਪਏ ਖ਼ਰਚ ਕੇ ਲਗਵਾਈਆਂ ਗਈਆਂ, ਸੁਰੱਖਿਆ ਦੀ ਨਜ਼ਰ ਤੋਂ ਮਜ਼ਬੂਤ ਦੱਸੀਆਂ ਜਾਣ ਵਾਲੀਆਂ ਇਹ ਪਲੇਟਾਂ ਕਾਫ਼ੀ ਕਮਜ਼ੋਰ ਸਾਬਤ ਹੋਈਆਂ ਹਨ।