ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਹੋ ਰਹੇ ਨੇ ਖੁਆਰ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 28 ਜੁਲਾਈ
ਇੱਥੇ ਸਿਵਲ ਹਸਪਤਾਲ ਗੜਸ਼ੰਕਰ ਜੋ ਸ਼ਹਿਰ ਦੇ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਹੈ, ਵਿੱਚ ਡਾਕਟਰਾਂ ਦੀਆਂ ਪੋਸਟਾਂ ਸਣੇ ਹੋਰ ਮੈਡੀਕਲ ਢਾਂਚੇ ਦੀ ਘਾਟ ਕਾਰਨ ਇੱਥੇ ਰੋਜ਼ਾਨਾ ਮਰੀਜ਼ ਖੱਜਲ ਖੁਆਰ ਹੋ ਰਹੇ ਹਨ। ਮਰੀਜ਼ਾਂ ਦੀਆਂ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਬਾਅਦ ਦੁਪਹਿਰ ਤੱਕ ਹਸਪਤਾਲ ਵਿੱਚ ਧੱਕੇ ਮੁੱਕੀ ਦਾ ਮਾਹੌਲ ਬਣਿਆ ਰਹਿੰਦਾ ਹੈ। 52 ਬਿਸਤਰਿਆਂ ਦੇ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫਸਰਾਂ ਦੀਆਂ ਸੱਤ ਪੋਸਟਾਂ ਮੰਨਜ਼ੂਰ ਹਨ ਜਿਨ੍ਹਾਂ ਵਿੱਚੋਂ ਸਿਰਫ ਇੱਕ ਅਸਾਮੀ ਭਰੀ ਹੋਈ । ਜ਼ਿਕਰਯੋਗ ਹੈ ਕਿ ਹਸਪਤਾਲ ਵਿੱਚ ਪਿਛਲੇ ਲਗਪਗ 15 ਸਾਲਾਂ ਤੋਂ ਮੈਡੀਕਲ ਅਫਸਰਾਂ, ਲੈਬ ਟੈਕਨੀਸ਼ੀਅਨ, ਸਟਾਫ ਨਰਸਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਵੱਡੀ ਪੱਧਰ ’ਤੇ ਘਾਟ ਚਲੀ ਆ ਰਹੀ ਹੈ। ਚੋਣਾਂ ਦੌਰਾਨ ਇਹ ਮੁੱਦਾ ਉੱਭਰਦਾ ਦਾ ਹੈ ਫੇਰ ਮੁੜ ਠੰਢੇ ਬਸਤੇ ਵਿੱਚ ਚਲੇ ਜਾਂਦਾ ਹੈ। ਹਸਪਤਾਲ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ ,ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਵੀ ਲੰਮੇ ਚਿਰ ਤੋਂ ਖਾਲੀ ਹਨ। ਹਸਪਤਾਲ ਵਿੱਚ ਸਟਾਫ ਨਰਸਾਂ ਦੀਆਂ ਪੰਜ ਅਸਾਮੀਆਂ ਸਣੇ ਲੈਬੋਰੇਟਰੀ ਅਤੇ ਫਾਰਮੇਸੀ ਦੇ ਸੰਚਾਲਕਾਂ ਦੀਆਂ ਵੀ ਚਾਰ ਅਸਾਮੀਆਂ ਖਾਲੀ ਚੱਲੀਆਂ ਆ ਰਹੀਆਂ ਹਨ । ਪੈਥੋਲੋਜਿਸਟ ਦੀ ਪੋਸਟ ਵੀ ਖਾਲੀ ਹੈ ਜਿਸ ਕਰਕੇ ਹਸਪਤਾਲ ਦਾ ਬਲੱਡ ਬੈਂਕ ਬੰਦ ਰਹਿੰਦਾ ਹੈ।
ਕਾਬਲੇਗੌਰ ਹੈ ਕਿ ਸਾਬਕਾ ਐੱਮਪੀ ਮਨੀਸ਼ ਤਿਵਾੜੀ ਵੱਲੋਂ ਕਰੀਬ ਪੰਜ ਸਾਲ ਪਹਿਲਾਂ ਆਪਣੇ ਅਖਤਿਆਰੀ ਫੰਡ ਵਿੱਚੋਂ ਹਸਪਤਾਲ ਨੂੰ ਡਾਇਲਸਿਸ ਮਸ਼ੀਨ ਭੇਟ ਕੀਤੀ ਗਈ ਸੀ ਪਰ ਸਬੰਧਤ ਸਟਾਫ ਅਤੇ ਤਕਨੀਸ਼ੀਅਨ ਦੀ ਪੋਸਟ ਨਾ ਭਰੀ ਜਾਣ ਕਰਕੇ ਇਹ ਮਸ਼ੀਨ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ। ਇਸੇ ਤਰ੍ਹਾਂ ਦਰਜਾ ਚਾਰ ਮੁਲਾਜ਼ਮਾਂ ਦੀਆਂ ਪੋਸਟਾਂ ਵੀ ਵੱਡੀ ਪੱਧਰ ’ਤੇ ਘੱਟ ਹਨ। ਗੜਸ਼ੰਕਰ ਦੇ ਇਲਾਕਾ ਬੀਤ ਵਿੱਚ ਪਿਛਲੀ ਅਕਾਲੀ ਸਰਕਾਰ ਸਮੇਂ 22 ਬਿਸਤਰਿਆਂ ਦਾ ਇੱਕ ਵੱਖਰਾ ਹਸਪਤਾਲ ਤਿਆਰ ਕੀਤਾ ਗਿਆ ਸੀ ਪਰ ਉੱਥੇ ਵੀ ਲਗਪਗ 90 ਫੀਸਦੀ ਪੋਸਟਾਂ ਖਾਲੀ ਹੋਣ ਕਾਰਨ ਹਸਪਤਾਲ ਨੂੰ ਜਿੰਦਰਾ ਲਾਉਣ ਦੀ ਨੌਬਤ ਆ ਗਈ ਹੈ।
ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਿਆ ਹੈ: ਐੱਸਐਮਓ
ਐੱਸਐੱਮਓ ਡਾ. ਸੰਤੋਖ ਰਾਮ ਨੇ ਕਿਹਾ ਕਿ ਪੋਸਟਾਂ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਿਆ ਵੀ ਜਾ ਚੁੱਕਿਆ ਹੈ।