For the best experience, open
https://m.punjabitribuneonline.com
on your mobile browser.
Advertisement

ਭਰਵੇਂ ਮੀਂਹ ਕਾਰਨ ਟ੍ਰਾਈਸਿਟੀ ਹਾਲੋਂ-ਬੇਹਾਲ

06:53 AM Aug 12, 2024 IST
ਭਰਵੇਂ ਮੀਂਹ ਕਾਰਨ ਟ੍ਰਾਈਸਿਟੀ ਹਾਲੋਂ ਬੇਹਾਲ
ਚੰਡੀਗੜ੍ਹ ਵਿੱਚ ਮੀਂਹ ਕਾਰਨ ਸੜਕ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਅਗਸਤ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਤੜਕੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਦੂਜੇ ਪਾਸੇ, ਮੀਂਹ ਲੋਕਾਂ ਲਈ ਆਫ਼ਤ ਵੀ ਬਣ ਗਿਆ ਹੈ। ਮੀਂਹ ਨੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਅੱਜ ਦੁਪਹਿਰੇ ਲਗਾਤਾਰ ਤਿੰਨ-ਚਾਰ ਘੰਟੇ ਪਏ ਮੀਂਹ ਨੇ ਸਾਰੀਆਂ ਮੁੱਖ ਸੜਕਾਂ ’ਤੇ ਦੋ ਤੋਂ ਤਿੰਨ ਫੁੱਟ ਤਕ ਪਾਣੀ ਭਰ ਦਿੱਤਾ। ਸੜਕਾਂ ’ਤੇ ਪਾਣੀ ਹੋਣ ਕਰ ਕੇ ਕਈ ਵਾਹਨ ਪਾਣੀ ਵਿਚਕਾਰ ਹੀ ਬੰਦ ਹੋ ਗਏ। ਕਈ ਥਾਵਾਂ ’ਤੇ ਸੜਕਾਂ ਧਸ ਵੀ ਗਈਆਂ। ਇਸ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਕਲੋਨੀਆਂ ਵਿਚ ਸਥਿਤ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ। ਇੰਡਸਟਰੀਅਲ ਏਰੀਆ ਵਿੱਚ ਕਈ ਉਦਯੋਗਿਕ ਇਮਾਰਤਾਂ ਵਿੱਚ ਪਾਣੀ ਵੜ ਗਿਆ। ਸੈਕਟਰ-29 ਵਿੱਚ ਸਥਿਤ ਲੋਹਾ ਮਾਰਕੀਟ ਵਾਲੀ ਸੜਕ ਪਾਣੀ ਵਿੱਚ ਡੁੱਬ ਗਈ।
ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਤੇ ਨਗਰ ਨਿਗਮ ਵੱਲੋਂ ਮੌਨਸੂਨ ਸੀਜ਼ਨ ਦੀ ਆਮਦ ਤੋਂ ਪਹਿਲਾਂ ਲੱਖਾਂ ਰੁਪਏ ਖ਼ਰਚ ਕਰ ਕੇ ਸ਼ਹਿਰ ਦੀਆਂ ਰੋਡ ਗਲੀਆਂ ਸਾਫ਼ ਕਰਨ ਦਾ ਦਾਅਵਾ ਕੀਤਾ ਗਿਆ ਸੀ। ਅੱਜ ਦੇ ਭਰਵੇਂ ਮੀਂਹ ਨੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਮੀਂਹ ਕਰ ਕੇ ਸੈਕਟਰ-31 ਤੋਂ 47 ਵਾਲੀ ਸੜਕ ਇੱਕ ਥਾਂ ਤੋਂ ਧਸ ਗਈ ਜਿੱਥੇ ਸਕੂਲ ਬੱਸ ਫਸ ਗਈ। ਇਸ ਸੜਕ ਨੂੰ ਪੁਲੀਸ ਨੇ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ। ਮੌਲੀ ਜੱਗਰਾਂ ਵਿੱਚ ਰੇਲਵੇ ਅੰਡਰਪਾਸ ਵਿੱਚ ਪਾਣੀ ਭਰ ਗਿਆ, ਜਿੱਥੇ ਇਕ ਕਾਰ ਪਾਣੀ ਵਿੱਚ ਫਸ ਗਈ। ਇਸ ਤੋਂ ਇਲਾਵਾ ਸੈਕਟਰ-43 ਵਿੱਚ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਸਾਹਮਣੇ ਵਾਲੀ ਸੜਕ, ਸੈਕਟਰ-38-40 ਤੋਂ ਸੈਕਟਰ-38 ਵੈਸਟ ਤੇ 39 ਵਾਲੀ ਸੜਕ, ਸੈਕਟਰ-38 ਵੈਸਟ-39 ਵੈਸਟ ਤੋਂ ਡੱਡੂਮਾਜਰਾ ਲਾਈਟ ਪੁਆਇੰਟ ਤੱਕ, ਸੈਕਟਰ-36-37 ਵਾਲਾ ਲਾਈਟ ਪੁਆਇੰਟ, ਕਲੋਨੀ ਨੰਬਰ-4 ਤੋਂ ਏਲਾਂਤੇ ਮਾਲ ਵਾਲੀ ਸੜਕ, ਸੈਕਟਰ-20-30 ਲਾਈਟ ਪੁਆਇੰਟ, ਸੈਕਟਰ-42-43 ਵਾਲੀ ਸੜਕ ਸਣੇ ਸ਼ਹਿਰ ਦੀਆਂ ਕਈ ਹੋਰ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ।
ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਤੋਂ ਰਾਜਧਾਨੀ ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੌਰਾਨ ਅੱਜ ਸ਼ਾਮ 5.30 ਵਜੇ ਤੱਕ 158.6 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 5.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 25.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 1.1 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਗਿਆਨੀਆਂ ਨੇ 12, 13, 14 ਤੇ 15 ਅਗਸਤ ਨੂੰ ਵੀ ਸ਼ਹਿਰ ਵਿੱਚ ਬੱਦਲਵਾਈ ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਨਿਗਮ ਅਧਿਕਾਰੀਆਂ ਨੇ ਨਿਕਾਸ ਪ੍ਰਬੰਧਾਂ ਦਾ ਜਾਇਜ਼ਾ ਲਿਆ

ਚੀਫ ਇੰਜਨੀਅਰ ਐੱਨਪੀ ਸ਼ਰਮਾ ਤੇ ਐੱਸਈ ਹਰਜੀਤ ਸਿੰਘ ਪਾਣੀ ਕੱਢਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।

ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਵਿੱਚ ਅੱਜ ਹੋਈ ਭਾਰੀ ਬਰਸਾਤ ਦੌਰਾਨ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਬਰਸਾਤ ਦੇ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਤੇ ਨਿਕਾਸੀ ਦੇ ਕੰਮਾਂ ਦਾ ਜਾਇਜ਼ਾ ਲਿਆ। ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ ਦੀ ਅਗਵਾਈ ਹੇਠ ਨਿਗਮ ਦੇ ਇੰਜਨੀਅਰਿੰਗ ਵਿਭਾਗ ਦੀਆਂ ਟੀਮਾਂ ਨੇ ਮਸ਼ੀਨਰੀ ਅਤੇ ਮੁਲਾਜ਼ਮਾਂ ਸਣੇ ਵੱਖ-ਵੱਖ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਅਤੇ ਸੜਕਾਂ ਤੋਂ ਡਿੱਗੇ ਦਰੱਖਤਾਂ ਨੂੰ ਹਟਾਇਆ ਗਿਆ। ਇਸ ਦੌਰਾਨ ਨਿਗਮ ਵੱਲੋਂ ਸਥਾਪਿਤ ਕੰਟਰੋਲ ਸੈਂਟਰ ਵੀ ਚਾਲੂ ਰਹੇ ਤੇ ਨਾਗਰਿਕਾਂ ਵੱਲੋਂ ਸ਼ਿਕਾਇਤ ਕਰਨ ’ਤੇ ਨਿਗਮ ਦੀਆਂ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਨਿਕਾਸੀ ਦੇ ਪ੍ਰਬੰਧ ਕੀਤੇ। ਮੌਨਸੂਨ ਦੌਰਾਨ ਸ਼ਹਿਰ ਵਿੱਚ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਨਿਗਮ ਨੇ ਸੱਤ ਕੰਟਰੋਲ ਕੇਂਦਰ ਸਥਾਪਤ ਕੀਤੇ ਹਨ ਜੋ 24 ਘੰਟੇ ਚਾਲੂ ਰਹਿੰਦੇ ਹਨ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਬਰਸਾਤ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਮੂਹ ਟੀਮ ਆਗੂ ਲੋੜੀਂਦੇ ਵਰਕਰਾਂ ਦਾ ਪ੍ਰਬੰਧ ਕਰਨਗੇ ਅਤੇ ਟੀਮਾਂ ਵਿਭਾਗੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੀ ਕੰਮ ਕਰਨਗੀਆਂ।

Advertisement

ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜਿਆ

ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਸ਼ਹਿਰ ਅਤੇ ਛਾਉਣੀ ਵਿਚ ਸਵੇਰ ਤੋਂ ਜ਼ਬਰਦਸਤ ਮੀਂਹ ਪੈਣ ਕਾਰਨ ਸ਼ਹਿਰਾਂ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਹੈ। ਨਗਰ ਨਿਗਮ ਦਾ ਦਫ਼ਤਰ ਵੀ ਮੀਂਹ ਦੇ ਪਾਣੀ ਨਾਲ ਡੁੱਬਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਸਵੇਰੇ ਸਾਢੇ 8 ਤੋਂ ਢਾਈ ਵਜੇ ਤੱਕ ਇੱਥੇ 71 ਐਮਐਮ ਬਾਰਸ਼ ਪਈ ਹੈ। ਅੰਬਾਲਾ ਵਿੱਚ ਹੜ੍ਹ ਵਰਗੇ ਹਾਲਤ ਬਣ ਗਏ ਹਨ। ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ। ਸ਼ਹਿਰ ਦੀ ਕੱਪੜਾ ਮਾਰਕੀਟ ਨਦੀ ਦਾ ਰੂਪ ਧਾਰਨ ਕਰ ਗਈ ਹੈ। ਸੈਕਟਰ-9 ਅੰਬਾਲਾ ਸ਼ਹਿਰ ਵਾਸੀ ਸੀਨੀਅਰ ਐਡਵੋਕੇਟ ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ ਸੈਕਟਰ 8, 9 ਅਤੇ 10 ਦੀ ਬੁਰੀ ਹਾਲਤ ਹੈ। ਪਾਣੀ ਘਰਾਂ ਵਿਚ ਵੜ ਗਿਆ ਹੈ ਅਤੇ ਨਿਕਾਸ ਦਾ ਕੋਈ ਇੰਤਜਾਮ ਨਹੀਂ ਹੈ। ਕਈ ਲੋਕਾਂ ਦਾ ਸਮਾਨ ਪਾਣੀ ਨਾਲ ਖ਼ਰਾਬ ਹੋ ਗਿਆ ਹੈ। ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ ਮਲੌਰ ਨੇ ਪਾਰਟੀ ਵਰਕਰਾਂ ਨਾਲ ਟਰੈਕਟਰ ’ਤੇ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਅੰਬਾਲਾ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਲਿਆਂ ਦੀ ਸਫ਼ਾਈ ਦੇ ਨਾਂ ’ਤੇ ਭਾਜਪਾ ਨੇਤਾ ਅਤੇ ਮੇਅਰ ਕੇਵਲ ਫੋਟੋ ਸੈਸ਼ਨ ਤੱਕ ਹੀ ਸੀਮਤ ਹਨ। ਉਨ੍ਹਾਂ ਨੇ ਡੀਸੀ ਅਤੇ ਨਿਗਮ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ।

ਜ਼ੀਰਕਪੁਰ ਵਿੱਚ ਸੜਕਾਂ ’ਤੇ ਜਾਮ ਲੱਗੇ

ਜ਼ੀਰਕਪੁਰ (ਹਰਜੀਤ ਸਿੰਘ): ਸ਼ਹਿਰ ਵਿੱਚ ਅੱਜ ਪਏ ਭਰਵੇਂ ਮੀਂਹ ਨੇ ਸਾਲ 2023 ਮੌਨਸੂਨ ਦੌਰਾਨ ਹੜ੍ਹਾਂ ਵਰਗੇ ਹਲਾਤ ਪੈਦਾ ਕਰ ਦਿੱਤੇ। ਅੱਜ ਕਈ ਰਿਹਾਇਸ਼ੀ ਕਲੋਨੀਆਂ ਅਤੇ ਮਾਰਕੀਟਾਂ ਵਿੱਚ ਪਾਣੀ ਭਰ ਗਿਆ। ਸ਼ਹਿਰ ਵਿੱਚੋਂ ਲੰਘ ਰਹੀ ਸੜਕਾਂ ਨੇ ਛੱਪੜ ਦਾ ਰੂਪ ਧਾਰ ਲਿਆ। ਇਸ ਕਾਰਨ ਚੰਡੀਗੜ੍ਹ ਅੰਬਾਲਾ ਸ਼ਾਹਰਾਹ, ਪਟਿਆਲਾ ਸੜਕ ਅਤੇ ਪੰਚਕੂਲਾ ਸੜਕ ’ਤੇ ਪਾਣੀ ਭਰਨ ਕਾਰਨ ਲੱਗੇ ਜਾਮ ਵਿੱਚ ਰਾਹਗੀਰ ਘੰਟਿਆਂਬੱਧੀ ਫਸੇ ਰਹੇ। ਮੀਂਹ ਕਾਰਨ ਸ਼ਹਿਰ ਦੇ ਬਲਟਾਣਾ ਅਤੇ ਢਕੌਲੀ ਖੇਤਰ ਵਿੱਚ ਕਈ ਕਲੋਨੀਆਂ ਵਿੱਚ ਪਾਣੀ ਭਰ ਗਿਆ। ਬਲਟਾਣਾ ਵਿੱਚ ਚੰਡੀਗੜ੍ਹ ਤੋਂ ਆ ਰਹੇ ਸੁਖਨਾ ਚੋਅ ਵਿੱਚ ਪਾਣੀ ਖ਼ਤਰੇ ਤੋਂ ਨਿਸ਼ਾਨ ਤੋਂ ਉੱਤੇ ਵਗ ਰਿਹਾ ਸੀ। ਇਸੇ ਤਰਾਂ ਢਕੋਲੀ ਦੀ ਸਵਾਮੀ ਐਨਕਲੇਵ ਤੇ ਵਧਾਵਾ ਨਗਰ ਵਿੱਚ ਪਾਣੀ ਭਰ ਗਿਆ। ਢਕੋਲੀ ਸੜਕ ਅਤੇ ਰੇਲਵੇ ਲਾਈਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ। ਵੀਆਈਪੀ ਰੋਡ ’ਤੇ ਕਈਂ ਸੁਸਾਇਟੀਆਂ ਵਿੱਚ ਪਾਣੀ ਭਰਨ ਕਾਰਨ ਪੰਪ ਲਾ ਕੇ ਪਾਣੀ ਨੂੰ ਬਾਹਰ ਕੱਢਣਾ ਪਿਆ।

ਸੁਸਾਇਟੀਆਂ ਦੀਆਂ ਲਿਫਟਾਂ ਬੰਦ ਹੋਈਆਂ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਸਾਰਾ ਦਿਨ ਪਈ ਬਰਸਾਤ ਨੇ ਸ਼ਹਿਰ ਦਾ ਜਨ-ਜੀਵਨ ਠੱਪ ਕਰ ਦਿੱਤਾ। ਚੌਕਾਂ ਅਤੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ। ਤਵਾ ਚੌਕ, ਲੇਵਰ ਚੌਕ, ਸ਼ਕਤੀ ਭਵਨ ਚੌਕ, ਪਰਸ਼ੂਰਾਮ ਚੌਕ ਉੱਤੇ ਪਾਣੀ ਨਹਿਰਾਂ ਵਾਂਗ ਚੱਲ ਰਿਹਾ ਸੀ। ਸੈਕਟਰ-20 ਵਿੱਚ ਡਰੇਨ ਸਿਸਟਮ ਠੀਕ ਨਾ ਹੋਣ ਕਾਰਨ ਸੜਕਾਂ ਦਾ ਪਾਣੀ ਕਈ ਹਾਊਸਿੰਗ ਸੁਸਾਇਟੀਆਂ ਵਿੱਚ ਚਲਾ ਗਿਆ। ਇਸ ਕਾਰਨ ਸੁਸਾਇਟੀਆਂ ਦੀਆਂ ਲਿਫਟਾਂ ਬੰਦ ਹੋ ਗਈਆਂ। ਮਨੀਮਾਜਰਾ ਤੋਂ ਪੰਚਕੂਲਾ ਵੱਲ ਆਉਂਦਾ ਬਰਸਾਤੀ ਨਾਲਾ ਪੂਰੀ ਤਰ੍ਹਾਂ ਓਵਰਫਲੋਅ ਰਿਹਾ। ਪੰਚਕੂਲਾ ਤੇ ਬਰਵਾਲਾ ਰੋਡ ਉੱਤੇ ਕਈ ਦਰੱਖਤ ਡਿੱਗ ਗਏ। ਇਸੇ ਤਰ੍ਹਾਂ ਪੰਚਕੂਲਾ ਦੇ ਅੰਦਰਲੀਆਂ ਸੜਕਾਂ ਉੱਤੇ ਵੀ ਕਈ ਦਰੱਖਤ ਡਿੱਗ ਗਏ। ਸੈਕਟਰਾਂ ਦੇ ਬਾਜ਼ਾਰਾਂ ਵਿੱਚ ਵੀ ਪਾਣੀ ਖੜ੍ਹਾ ਰਿਹਾ। ਭਾਰੀ ਬਰਸਾਤ ਕਾਰਨ ਕਿਸੇ ਵੀ ਰੇਹੜੀ ਫੜ੍ਹੀ ਵਾਲੇ ਨੇ ਆਪਣਾ ਕਾਰੋਬਾਰ ਨਹੀਂ ਕੀਤਾ। ਘੱਗਰ ਨਦੀ, ਕੁਸੱਲਿਆ ਡੈਮ ਵਿੱਚ ਵੀ ਪਾਣੀ ਖ਼ਤਰੇ ਦੇ ਨਿਸਾਨ ਤੱਕ ਪਹੁੰਚ ਗਿਆ। ਪੰਚਕੂਲਾ ਦੇ ਸੈਕਟਰ-20 ਦੀ 105 ਅਤੇ 106 ਨੰਬਰ ਸੁਸਾਇਟੀ ਦੇ ਬਾਹਰ ਪਾਣੀ ਭਰਿਆ ਹੋਇਆ ਸੀ। ਇਸ ਤੋਂ ਇਲਾਵਾ ਕਾਲਕਾ, ਪਿਜੌਰ, ਮੋਰਨੀ ਅਤੇ ਬਰਵਾਲਾ ਵਿੱਚ ਵੀ ਭਾਰੀ ਬਰਸਾਤ ਹੋਈ।

ਨਦੀਆਂ ’ਚ ਪਾਣੀ ਵਧਿਆ

ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਇੱਥੇ ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਮੁੱਲਾਂਪੁਰ ਗਰੀਬਦਾਸ ਸਣੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ, ਕਲੋਨੀਆਂ ਆਦਿ ਵਿੱਚ ਪਾਣੀ ਭਰ ਗਿਆ ਹੈ। ਇਲਾਕੇ ਦੀਆਂ ਨਦੀਆਂ ਪੜੌਲ, ਪਟਿਆਲਾ ਕੀ ਰਾਉ ਤੇ ਮੁੱਲਾਂਪੁਰ ਗਰੀਬਦਾਸ ਦੀਆਂ ਨਦੀਆਂ ਭਰ ਕੇ ਵਗ ਰਹੀਆਂ ਹਨ।

Advertisement
Author Image

Advertisement
×