For the best experience, open
https://m.punjabitribuneonline.com
on your mobile browser.
Advertisement

ਦਿੱਲੀ-ਐੱਨਸੀਆਰ ’ਚ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਿਆ

07:31 AM Aug 11, 2024 IST
ਦਿੱਲੀ ਐੱਨਸੀਆਰ ’ਚ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਿਆ
ਦਿੱਲੀ ਇੰਡੀਆ ਗੇਟ ’ਤੇ ਮੀਂਹ ਦੌਰਾਨ ਘੁੰਮਦੇ ਹੋਏ ਸੈਲਾਨੀ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਦੂਜੇ ਦਿਨ ਭਾਰੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਕਾਰਨ ਸ਼ਨਿਚਰਵਾਰ ਨੂੰ ਪਾਣੀ ਭਰ ਗਿਆ ਅਤੇ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਦਵਾਰਕਾ ਵਿੱਚ ਇੱਕ ਦਰੱਖਤ ਡਿੱਗਣ ਤੋਂ ਬਾਅਦ ਇੱਕ ਸਕੂਲ ਦੀ ਕੰਧ ਡਿੱਗਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਭਾਰੀ ਮੀਂਹ ਕਾਰਨ ਦਿੱਲੀ ਵਿੱਚ ਪਾਣੀ ਭਰ ਗਿਆ। ਪੁਲੀਸ ਮੁਤਾਬਕ ਦਵਾਰਕਾ ਦੇ ਬਾਬਾ ਹਰੀਦਾਸ ਨਗਰ ’ਚ ਭਾਰੀ ਮੀਂਹ ਦੌਰਾਨ ਦਰੱਖਤ ਉਖੜ ਗਿਆ ਅਤੇ ਇਹ ਦਿੱਲੀ ਨਗਰ ਨਿਗਮ ਦੇ ਸਕੂਲ ਦੀ ਕੰਧ ’ਤੇ ਡਿੱਗ ਗਿਆ। ਨੇੜੇ ਹੀ ਆਸਰਾ ਲੈ ਰਹੇ ਦੋਵੇਂ ਵਿਅਕਤੀ ਦਰੱਖ਼ਤ ਅਤੇ ਮਲਬੇ ਹੇਠਾਂ ਫਸ ਗਏ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਭਾਰਤ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਪੂਰਬੀ ਦਿੱਲੀ, ਦੱਖਣ ਪੂਰਬੀ ਦਿੱਲੀ ਅਤੇ ਮੱਧ ਦਿੱਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ। ਦਿੱਲੀ ਟ੍ਰੈਫਿਕ ਪੁਲੀਸ ਨੇ ਸਲਾਹ ਦਿੱਤੀ ਕਿ ਰੋਹਤਕ ਰੋਡ ’ਤੇ ਨੰਗਲੋਈ ਤੋਂ ਟਿੱਕਰੀ ਬਾਰਡਰ ਵੱਲ ਕੈਰੇਜਵੇਅ ’ਤੇ ਟੋਇਆਂ ਅਤੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਹਵਾਈ ਅੱਡੇ ਦੇ ਕਾਰਗੋ ਖੇਤਰ ਵਿੱਚ ਪਾਣੀ ਭਰ ਗਿਆ। ਆਈਐਮਡੀਅਨੁਸਾਰ, ਲੋਧੀ ਰੋਡ ਆਬਜ਼ਰਵੇਟਰੀ ਨੇ ਸ਼ੁੱਕਰਵਾਰ ਰਾਤ 11.30 ਵਜੇ ਤੋਂ ਸ਼ਨਿਚਰਵਾਰ ਸਵੇਰੇ 2.30 ਵਜੇ ਦਰਮਿਆਨ 12 ਮਿਲੀਮੀਟਰ ਬਾਰਿਸ਼ ਦਰਜ ਕੀਤੀ। ਲਗਾਤਾਰ ਹੋ ਰਹੀ ਬਾਰਿਸ਼ ਨੇ ਦਿੱਲੀ ਦਾ ਘੱਟੋ-ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਤੱਕ ਹੇਠਾਂ ਲਿਆਂਦਾ ਜੋ ਮੌਸਮੀ ਔਸਤ ਤੋਂ 1.2 ਡਿਗਰੀ ਘੱਟ ਹੈ। ਹਰਿਆਣਾ ਵਿੱਚ ਮਾਨੇਸਰ, ਸੋਹਣਾ, ਰੇਵਾੜੀ, ਪਲਵਲ, ਨਾਰਨੌਲ, ਬਾਵਲ ਅਤੇ ਹੋਰ ਨੇੜਲੇ ਸਥਾਨਾਂ ’ਤੇ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਹੋਈ।
ਫਰੀਦਾਬਾਦ (ਪੱਤਰ ਪ੍ਰੇਰਕ): ਐੱਨਸੀਆਰ ਦੇ ਇਸ ਅਹਿਮ ਸਨਅਤੀ ਸ਼ਹਿਰ ਵਿੱਚ ਦਿਨ ਵੇਲੇ ਭਾਰੀ ਮੀਂਹ ਪਿਆ। ਬੀਤੀ ਰਾਤ ਵੀ ਖਾਸਾ ਮੀਂਹ ਪਿਆ ਸੀ, ਜਿਸ ਕਾਰਨ ਨੀਵੀਆਂ ਕਲੋਨੀਆਂ ਜਿਵੇਂ ਡਬੂਆ ਕਲੋਨੀ, ਸਾਰਨ, ਸੰਜੈ ਕਲੋਨੀ ਤੇ ਸੰਜੇ ਗਾਂਧੀ ਮੈਮੋਰੀਅਲ ਨਗਰ, ਸੈਕਟਰ-7,9, 15, 28 ਅਤੇ 29 ਤੋਂ ਇਲਾਵਾ ਸਨਅਤੀ ਇਲਾਕਿਆਂ ਸੈਕਟਰ-24, 55 ਅਤੇ ਕਾਰਖ਼ਾਨਾ ਬਾਗ਼ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ।

Advertisement

ਮਾਡਲ ਟਾਊਨ ’ਚ ਇਮਾਰਤ ਡਿੱਗੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਮਾਡਲ ਟਾਊਨ ’ਚ ਇਮਾਰਤ ਡਿੱਗ ਗਈ। ਇਸ ਦੌਰਾਨ ਮਲਬੇ ਹੇਠ ਦੱਬੇ ਗਏ 3 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ ਪਰ ਹੋਰ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਹੈ। ਇਸ ਪੁਰਾਣੇ ਮਕਾਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਮਹਿੰਦਰੂ ਐਨਕਲੇਵ ਦੇ ਨੇੜੇ ਸਥਿਤ ਹੈ। ਸਥਾਨਕ ਲੋਕਾਂ ਨੂੰ ਡਰ ਹੈ ਕਿ ਕੁਝ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਇੱਕ ਦੋ ਮੰਜ਼ਿਲਾ ਇਮਾਰਤ ਸ਼ਨਿਚਰਵਾਰ ਦੁਪਹਿਰ ਨੂੰ ਭਾਰੀ ਮੀਂਹ ਦੌਰਾਨ ਢਹਿ ਗਈ ਅਤੇ ਮਲਬੇ ਹੇਠੋਂ ਤਿੰਨ ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ।

Advertisement

Advertisement
Author Image

Advertisement