ਭਰਵੇਂ ਮੀਂਹ ਕਾਰਨ ਜ਼ੀਰਕਪੁਰ ਤੇ ਢਕੌਲੀ ਵਿੱਚ ਹੜ੍ਹ ਵਰਗੇ ਹਾਲਾਤ ਬਣੇ
ਹਰਜੀਤ ਸਿੰਘ
ਜ਼ੀਰਕਪੁਰ, 6 ਸਤੰਬਰ
ਸ਼ਹਿਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਦੋ ਘੰਟਿਆਂ ਦੀ ਭਾਰੀ ਬਰਸਾਤ ਮਗਰੋਂ ਕਈ ਥਾਵਾਂ ’ਤੇ ਹੜ੍ਹ ਵਰਗੀ ਸਥਿਤੀ ਬਣ ਗਈ। ਢਕੌਲੀ ਖੇਤਰ ਵਿੱਚ ਸਰਕਾਰੀ ਹਸਪਤਾਲ ਅਤੇ ਥਾਣੇ ਵਿਚ ਪਾਣੀ ਭਰ ਗਿਆ। ਸ਼ਹਿਰ ਵਿੱਚ ਲੰਬੇ ਸਮੇਂ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ। ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਇੱਥੇ ਪਾਣੀ ਭਰ ਜਾਂਦਾ ਹੈ।
ਭਾਰੀ ਬਰਸਾਤ ਕਾਰਨ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਸੜਕਾਂ ’ਤੇ ਪਾਣੀ ਭਰਨ ਕਾਰਨ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਲੋਕਾਂ ਦਾ ਕਹਿਣਾ ਹੈ ਬੁੱਧਵਾਰ ਨੂੰ ਹੋਈ ਬਰਸਾਤ ਤੋਂ ਬਾਅਦ ਅਜੇ ਤਕ ਪਹਿਲਾ ਪਾਣੀ ਵੀ ਖੜ੍ਹਾ ਸੀ। ਪਟਿਆਲਾ ਚੌਕ ’ਤੇ ਫਲਾਈਓਵਰ ਹੇਠਾਂ ਹਮੇਸ਼ਾ ਦੀ ਤਰ੍ਹਾਂ ਸੜਕ ’ਤੇ ਪਾਣੀ ਭਰ ਗਿਆ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਦੇ ਮੁੱਖ ਚੌਕ ਅਤੇ ਚੰਡੀਗੜ੍ਹ ਅੰਬਾਲਾ ਸ਼ਾਹਰਾਹ ’ਤੇ ਪਟਿਆਲਾ ਚੌਕ ਤੋਂ ਇਲਾਵਾ ਮੈਟਰੋ ਮੋੜ, ਸਿੰਘਪੁਰਾ ਚੌਕ ਅਤੇ ਕੌਮੀ ਸ਼ਾਹਰਾਹ ’ਤੇ ਬੱਸ ਅੱਡੇ ਵਾਲੀ ਥਾਂ ’ਤੇ 2-2 ਫੁੱਟ ਪਾਣੀ ਭਰਨ ਕਾਰਨ ਲੰਬਾ ਜਾਮ ਲੱਗ ਗਿਆ। ਲੋਕਾਂ ਨੂੰ ਇਸ ਜਾਮ ਵਿੱਚੋਂ ਨਿਕਲਣ ਲਈ ਘੰਟਿਆਬੱਧੀ ਇੰਤਜ਼ਾਰ ਕਰਨਾ ਪਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਵੱਡੀ ਗਿਣਤੀ ’ਚ ਵਾਹਨ ਪਾਣੀ ’ਚ ਬੰਦ ਹੋ ਗਏ। ਭਾਰੀ ਮੀਂਹ ਤੋਂ ਬਾਅਦ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰ ਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਆਈਆਂ। ਪਾਣੀ ਭਰਨ ਕਾਰਨ ਕਈ ਦੋ ਪਹੀਆ ਵਾਹਨ ਚਾਲਕਾਂ ਦੇ ਮੋਟਰਸਾਈਕਲ ਅਤੇ ਸਕੂਟਰ ਬੰਦ ਹੋ ਗਏ। ਇੱਥੇ ਲੋਕਾਂ ਦੇ ਕੰਮਾਂ-ਕਾਰਾਂ ’ਤੇ ਜਾਣ ਮੌਕੇ ਅਕਸਰ ਟਰੈਫਿਕ ਜਾਮ ਰਹਿੰਦਾ ਹੈ ਪਰ ਮੀਂਹ ਕਾਰਨ ਫਲਾਈਓਵਰ ਹੇਠਾਂ ਪਾਣੀ ਭਰਨ ਕਰ ਕੇ ਵਾਹਨ ਲੰਬਾ ਸਮਾਂ ਫਸੇ ਰਹੇ।
ਇੱਥੇ ਪਏ ਭਰਵੇਂ ਮੀਂਹ ਕਾਰਨ ਜਿੱਥੇ ਵਾਹਨ ਚਾਲਕ ਪ੍ਰੇਸ਼ਾਨ ਹੋਏ, ਉੱਥੇ ਹੀ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਤਾਂ ਕਰੀਬ ਦੋ ਫੁੱਟ ਤੋਂ ਜ਼ਿਆਦਾ ਪਾਣੀ ਭਰ ਗਿਆ।
ਰਿਹਾਇਸ਼ੀ ਕਲੋਨੀਆਂ ਵਿੱਚ ਭਰਿਆ ਮੀਂਹ ਦਾ ਪਾਣੀ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਬਾਅਦ ਦੁਪਹਿਰ ਪਏ ਭਰਵੇਂ ਮੀਂਹ ਕਾਰਨ ਪੂਰਾ ਜਨ-ਜੀਵਨ ਠੱਪ ਹੋ ਗਿਆ। ਇੱਥੇ ਕਰੀਬ ਤਿੰਨ ਘੰਟੇ ਮੀਂਹ ਵਰ੍ਹਿਆ। ਮੀਂਹ ਕਾਰਨ ਸੈਕਟਰ-20 ਦਾ ਚੌਕ, ਤਵਾ ਚੌਕ, ਸੈਕਟਰ-16 ਲੇਬਰ ਚੌਕ ਵਿੱਚ ਪਾਣੀ ਖੜ੍ਹ ਗਿਆ। ਸੈਕਟਰ ਦੀਆਂ ਕਈਆਂ ਹਾਊਸਿੰਗ ਸੁਸਾਇਟੀਆਂ ਦੀਆਂ ਲਿਫਟਾਂ ਬਰਸਾਤੀ ਪਾਣੀ ਭਰਨ ਕਾਰਨ ਖੜ੍ਹ ਗਈਆਂ। ਮਨੀਮਾਜਰਾ ਤੋਂ ਪੰਚਕੂਲਾ ਵੱਲ ਆਉਂਦਾ ਬਰਸਾਤੀ ਨਾਲਾ ਪੂਰੀ ਓਵਰਫਲੋਅ ਹੋ ਗਿਆ। ਇਸੇ ਤਰ੍ਹਾਂ ਸੈਕਟਰ-19 ਦੀ ਹਾਊਸਿੰਗ ਸੁਸਾਇਟੀ ਵਿੱਚ ਕਈ ਘਰਾਂ ’ਚ ਪਾਣੀ ਭਰ ਗਿਆ। ਸੈਕਟਰ-20 ਦੀਆਂ ਸੁਸਾਇਟੀਆਂ ਵਿੱਚ ਵੀ ਪਾਣੀ ਭਰ ਗਿਆ।