For the best experience, open
https://m.punjabitribuneonline.com
on your mobile browser.
Advertisement

ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਝਗੜੇ ਵਿੱਚ ਇੱਟਾਂ-ਰੋੜੇ ਚੱਲੇ

10:35 AM Mar 27, 2024 IST
ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਝਗੜੇ ਵਿੱਚ ਇੱਟਾਂ ਰੋੜੇ ਚੱਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਮਾਰਚ
ਟਿੱਬਾ ਰੋਡ ’ਤੇ ਕੂੜਾ ਡੰਪ ਨੇੜੇ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਝਗੜੇ ਵਿੱਚ ਦੋਵਾਂ ਧੜਿਆਂ ਦੇ ਕਰੀਬ ਛੇ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਕੁੱਝ ਲੋਕਾਂ ਨੇ ਧਾਰਮਿਕ ਸਥਾਨ ਦੇ ਮੁੱਖ ਗੇਟ ’ਤੇ ਇੱਟਾਂ, ਪੱਥਰ ਅਤੇ ਡੰਡੇ ਵੀ ਸੁੱਟੇ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਪਰ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮਾਹੌਲ ਸ਼ਾਂਤ ਕੀਤਾ। ਕੱਲ੍ਹ ਦੇਰ ਸ਼ਾਮ ਕੁਝ ਨੌਜਵਾਨ ਹੋਲੀ ਖੇਡਦੇ ਹੋਏ ਧਾਰਮਿਕ ਸਥਾਨ ਵੱਲ ਆਉਣ ਲੱਗੇ ਅਤੇ ਉਨ੍ਹਾਂ ਨੇ ਹੰਗਾਮਾ ਕਰਨਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਤੇ ਉਨ੍ਹਾਂ ਨੇ ਇਕ ਦੂਜੇ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਹਮਲੇ ਵਿੱਚ ਜ਼ਖ਼ਮੀ ਹੋਏ ਸ਼ਹਿਜ਼ਾਦ ਨੇ ਦੱਸਿਆ ਕਿ ਕੁਝ ਨੌਜਵਾਨ ਉਸ ਦੇ ਗੁਆਂਢੀ ਦੇ ਘਰ ਦਾਖਲ ਹੋਏ। ਕੁਝ ਸਮੇਂ ਬਾਅਦ ਹੰਗਾਮਾ ਮਚਾਉਣ ਤੋਂ ਬਾਅਦ ਸਾਰੇ ਹਮਲਾਵਰ ਇਲਾਕੇ ਦੇ ਲੋਕਾਂ ਦੀਆਂ ਛੱਤਾਂ ਤੋਂ ਛਾਲ ਮਾਰ ਕੇ ਉਸ ਦੇ ਘਰ ਅੰਦਰ ਦਾਖਲ ਹੋ ਗਏ। ਉਨ੍ਹਾਂ ਉਸ ਦੇ ਘਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ। ਮੁਹੰਮਦ ਸ਼ਹਿਜ਼ਾਦ ਨੇ ਦੱਸਿਆ ਕਿ ਇਸ ਲੜਾਈ ਵਿੱਚ ਉਸ ਦੇ ਨਾਲ ਕਰਨ, ਆਜ਼ਾਦ ਮੁਹੰਮਦ ਅਤੇ ਸ਼ਿਵਾ ਵੀ ਜ਼ਖ਼ਮੀ ਹੋ ਗਏ। ਦੂਜੇ ਪਾਸੇ ਦੂਜੀ ਧਿਰ ਦੇ ਤਿੰਨ ਵਿਅਕਤੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਨਾਂ ਮੁਹੰਮਦ ਕੁਰਬਾਨ, ਸ਼ਾਹਤਾਬ ਅਤੇ ਮੁਹੰਮਦ ਸਮੀਰ ਹਨ। ਟਿੱਬਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਕਿਸੇ ਤਰ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

Advertisement

Advertisement
Author Image

joginder kumar

View all posts

Advertisement
Advertisement
×