ਮਾਲੀ ਤੰਗੀ ਕਾਰਨ ਮਜ਼ਦੂਰ ਵੱਲੋਂ ਖ਼ੁਦਕੁਸ਼ੀ
02:07 PM Dec 11, 2024 IST
ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਦਸੰਬਰ
ਨੇੜਲੇ ਪਿੰਡ ਖੰਡੇਬਾਦ ਵਿਚ ਆਰਥਿਕ ਤੰਗੀ ਨਾ ਸਹਾਰਦੇ ਇੱਕ ਦਲਿਤ ਮਜ਼ਦੂਰ ਵਿਅਕਤੀ ਨੇ ਆਪਣੇ ਚੁਬਾਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਲਾਡੀ (27 ਸਾਲ) ਪੁੱਤ ਯੋਧਾ ਸਿੰਘ ਵਜੋਂ ਹੋਈ ਹੈ। ਉਹ ਝੋਨੇ ਤੇ ਕਣਕ ਦੀ ਫ਼ਸਲ ਦੀ ਵਾਢੀ ਕਰਨ ਲਈ ਕੰਬਾਇਨ ’ਤੇ ਸੀਜ਼ਨ ਲਗਾਉਂਦਾ ਸੀ ਅਤੇ ਉਸ ਤੋਂ ਇਲਾਵਾ ਭੱਠੇ ਆਦਿ ਵਰਗੇ ਕੰਮਾਂ ’ਤੇ ਮਜ਼ਦੂਰੀ ਕਰਦਾ ਸੀ।
ਉਹ ਮਜ਼ਦੂਰ ਕਾਫੀ ਲੰਮੇ ਸਮੇਂ ਤੋਂ ਮਾਲੀ ਤੰਗੀ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਕੋਈ ਕੰਮ ਨਾ ਮਿਲਣ ਕਾਰਨ ਦੁਖੀ ਰਹਿੰਦਾ ਸੀ। ਪਰਿਵਾਰ ਨੇ ਬਿਨਾਂ ਪੁਲੀਸ ਨੂੰ ਇਤਲਾਹ ਦਿੱਤਿਆਂ ਹੀ ਉਸ ਦਾ ਸਸਕਾਰ ਕਰ ਦਿੱਤਾ।
ਦਲਿਤ ਮਨੁੱਖੀ ਅਧਿਕਾਰ ਸਭਾ ਦੇ ਸੀਨੀਅਰ ਆਗੂ ਕਾਮਰੇਡ ਸੇਬੀ ਖੰਡੇਬਾਦ ਨੇ ਦੱਸਿਆ ਕਿ ਪਰਿਵਾਰ ਕਾਫੀ ਗਰੀਬ ਹੈ ਤੇ ਘਰ ’ਚ ਕਮਾਉਣ ਵਾਲਾ ਇਕੱਲਾ ਹਰਪ੍ਰੀਤ ਸਿੰਘ ਹੀ ਸੀ। ਉਹ ਆਪਣੇ ਪਿੱਛੇ ਪਤਨੀ ਤੇ ਬੱਚੇ ਛੱਡ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਹੋ ਰਹੀਆਂ ਇਹੋ ਜਿਹੀਆਂ ਖ਼ੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਹਨ ਖਾਸ ਕਰਕੇ ਮਜ਼ਦੂਰ ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਸਰਕਾਰ ਨੂੰ ਇਸ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਇਹੋ ਜਿਹੇ ਰਾਹ ਨਾ ਅਪਣਾਉਣ।
Advertisement
Advertisement