ਘਰੇਲੂ ਕਲੇਸ਼ ਕਾਰਨ ਵਿਆਹੁਤਾ ਦੇ ਨੱਕ ਤੇ ਵਾਲ ਕੱਟੇ
ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 20 ਸਤੰਬਰ
ਪਿੰਡ ਕਾਠਗੜ੍ਹ ’ਚ ਸਹੁਰਾ ਪਰਿਵਾਰ ’ਤੇ ਵਿਆਹੁਤਾ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਵੀ ਦੋਸ਼ ਲਾਏ ਗਏ ਹਨ ਕਿ ਔਰਤ ਦੀ ਕੁੱਟਮਾਰ ਕਰਨ ਦੇ ਨਾਲ ਉਸ ਦਾ ਨੱਕ ਤੇ ਵਾਲ ਵੀ ਕੱਟ ਦਿੱਤੇ ਗਏ। ਇਸ ਤੋਂ ਇਲਾਵਾ ਸਹੁਰਾ ਪਰਿਵਾਰ ਨੇ ਉਸ ਦੇ ਕਥਿਤ ਤੌਰ ’ਤੇ ਗੁਪਤ ਅੰਗਾਂ ’ਤੇ ਵੀ ਕੈਂਚੀ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਪੇਕੇ ਘਰ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਗਈ ਹੈ। ਹਸਪਤਾਲ ਵਿੱਚ ਦਾਖ਼ਲ ਔਰਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਕਰੀਬ 7 ਸਾਲ ਪਹਿਲਾਂ ਪਿੰਡ ਕਾਠਗੜ੍ਹ ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਅਤੇ ਸਹੁਰਾ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਉਸ ਨੇ ਬੀਤੇ ਦਿਨੀਂ ਉਸ ਨੂੰ 2 ਲੱਖ ਰੁਪਏ ਦਾਜ ਵਜੋਂ ਵੀ ਦਿੱਤੇ ਸਨ। ਇਸ ਦੇ ਬਾਵਜੂਦ ਲੜਕੀ ਦੇ ਸਹੁਰੇ ਅਤੇ ਉਸ ਦੇ ਪਤੀ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਗੁਪਤ ਅੰਗਾਂ ਤੇ ਵੀ ਕੈਂਚੀ ਨਾਲ ਹਮਲਾ ਕੀਤਾ ਗਿਆ। ਸਹੁਰੇ ਘਰ ਵਿਚ ਲੜਾਈ-ਝਗੜਾ ਹੋਣ ਤੋਂ ਬਾਅਦ ਸਹੁਰਾ ਪਰਿਵਾਰ ਉਸ ਦੀ ਲੜਕੀ ਨੂੰ ਉਸ ਦੇ ਪਿੰਡ ਸੁੱਟ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰ ਮੁਤਾਬਕ ਔਰਤ ਦੀ ਹਾਲਤ ਨਾਜ਼ੁਕ ਹੈ, ਉਸ ਨੂੰ ਉੱਚ ਕੇਂਦਰ ’ਚ ਰੈਫਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।