For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਤੇ ਮਾਨਸਾ ’ਚ ਸੰਘਣੀ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

10:59 AM Nov 15, 2024 IST
ਬਠਿੰਡਾ ਤੇ ਮਾਨਸਾ ’ਚ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ
ਬਠਿੰਡਾ ਵਿੱਚ ਵੀਰਵਾਰ ਨੂੰ ਪਈ ਧੁੰਦ ਦੌਰਾਨ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ
Advertisement

ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 14 ਨਵੰਬਰ
ਪੰਜਾਬ ਵਿੱਚ ਠੰਢ ਦਤਸਤਕ ਦੇਣ ਲੱਗੀ ਹੈ। ਅੱਜ ਬਠਿੰਡਾ ਵਿੱਚ ਪਹਿਲੀ ਵਾਰ ਧੁੰਦ ਪਈ ਅਤੇ ਸੂਰਜ ਦੇਵਤਾ ਦੇ ਦਰਸ਼ਨ ਦੁਪਹਿਰ ਤੱਕ ਦੁਰਲੱਭ ਰਹੇ। ਸੂਰਜ ਸਾਰਾ ਦਿਨ ਲੁੱਕਣ ਮੀਚੀ ਖੇਡਦਾ ਰਿਹਾ। ਇਸ ਧੁੰਦ ਵਿਚ ਮਸਾਂ 100 ਮੀਟਰ ਤੱਕ ਦਿਖਾਈ ਦਿੰਦਾ ਸੀ। ਪੁਲੀਸ ਨੇ ਧੁੰਦ ਨੂੰ ਵੇਖਦਿਆਂ ਟਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ, ਜਿਸ ਤਹਿਤ ਵਾਹਨ ਚਾਲਕਾਂ ਨੂੰ ਇਸ ਧੁੰਦ ਵਿੱਚ ਹੈੱਡ ਲਾਈਟਾਂ ਜਗਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਹ ਧੁੰਦ ਮਾਨਸਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਲੁਧਿਆਣਾ, ਸੰਗਰੂਰ ਅਤੇ ਰੋਪੜ ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਬਣੀ ਰਹੀ ਹੈ। ਇਸ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਤਕਲੀਫ਼ ਦੀ ਸਾਹਮਣਾ ਕਰਨਾ ਪਿਆ ਹੈ। ਸਕੂਲਾਂ ਵਾਲੀਆਂ ਵੈਨਾਂ ਨੂੰ ਹੌਲੀ ਚੱਲਣ ਦੇ ਨਾਲ-ਨਾਲ ਲੰਬੇ ਰੂਟਾਂ ’ਤੇ ਜਾਣ ਵਾਲੀਆਂ ਬੱਸਾਂ ਦੇ ਚਾਲਕਾਂ ਨੂੰ ਵੀ ਦਿੱਕਤ ਮਹਿਸੂਸ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਭੇਜੀ ਗਈ ਇੱਕ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅਗਲੇ 48 ਘੰਟਿਆਂ ਦੌਰਾਨ ਸਵੇਰ ਵੇਲੇ ਇਉਂ ਹੀ ਧੁੰਦ ਪਵੇਗੀ, ਜਿਸ ਦੇ ਜਨ-ਜੀਵਨ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਛੇਤੀ ਹੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਭਾਰੀ ਧੁੰਦ ਪੈਣ ਦੀਆਂ ਸੰਭਾਵਨਾਵਾਂ ਹਨ। ਗੌਰਤਲਬ ਹੈ ਕਿ ਇਸ ਤੋਂ ਕੁਝ ਪਹਿਲਾਂ ਦਿਨ ਅਤੇ ਰਾਤ ਨੂੰ ਮੌਸਮ ਗਰਮ ਬਣਿਆ ਹੋਇਆ ਸੀ। ਝੋਨੇ ਦਾ ਸੀਜ਼ਨ ਹੋਣ ਕਾਰਨ ਸ਼ਾਮ ਸਮੇਂ ਪਰਾਲੀ ਦੇ ਧੂੰਏਂ ਨੇ ਸਾਹ ਲੈਣਾ ਮੁਸ਼ਕਲ ਕੀਤਾ ਹੋਇਆ ਸੀ ਪਰ 14 ਨਵੰਬਰ ਨੂੰ ਪਹਲੇ ਦਿਨ ਪਈ ਧੁੰਦ ਕਾਰਨ ਸਵੇਰ ਵੇਲੇ ਸ਼ਹਿਰ ਮੁੱਖ ਹਾਈਵੇਅ ਸਮੇਤ ਸ਼ਹਿਰ ਦੀਆਂ ਸੜਕਾਂ ’ਤੇ ਰਾਹਗੀਰਾਂ ਨੂੰ ਵਾਹਨਾਂ ਦੀ ਬੱਤੀਆਂ ਬਾਲ ਕੇ ਆਪਣੀ ਮੰਜ਼ਿਲ ਵੱਲ ਜਾਣਾ ਪਿਆ। ਪੇਂਡੂ ਖੇਤਰਾਂ ਵਿੱਚ ਧੁੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਮੁਤਾਬਿਕ ਵੀਰਵਾਰ ਨੂੰ ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 15.4 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਿਹਾ। ਧੁੰਦ ਵਿੱਚ ਉਡਦੇ ਦੇ ਧੂੰਏਂ ਦੇ ਅੰਸ਼ ਮਿਲੇ ਹੋਣ ਕਾਰਨ ਦੁਪਹਿਰ ਤੱਕ ਮੌਸਮ ਸਾਫ਼ ਨਹੀਂ ਹੋ ਸਕਿਆ।

Advertisement

ਸੰਘਣੀ ਧੁੰਦ ਕਾਰਨ ਬੱਸ ਅਤੇ ਟਰੱਕ ਦੀ ਟੱਕਰ

ਏਲਨਾਬਾਦ (ਜਗਤਾਰ ਸਮਾਲਸਰ): ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਪੱਕਾ ਸਹਾਰਨਾ ਨੇੜੇ ਇੱਕ ਬੱਸ ਅਤੇ ਟਰੱਕ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਕਾਰਨ ਬੱਸ ਵਿੱਚ ਸਵਾਰ ਕਰੀਬ ਦੋ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇੱਕ ਟਰੱਕ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਪ੍ਰਾਈਵੇਟ ਬੱਸ ਨਾਲ ਟਕਰਾ ਗਿਆ ਜਿਸ ਕਾਰਨ ਬੱਸ ਦੇ ਪਿੱਛੇ ਆ ਰਹੀ ਇੱਕ ਫਾਰਚੂਨਰ ਕਾਰ ਵੀ ਬੱਸ ਨਾਲ ਟਕਰਾ ਗਈ ਅਤੇ ਇੱਕ ਟਰੈਕਟਰ ਟਰਾਲੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਸੜਕ ਹਾਦਸਾ ਅੱਜ ਖੇਤਰ ਵਿੱਚ ਪਈ ਸੰਘਣੀ ਧੁੰਦ ਕਾਰਨ ਸਵੇਰੇ ਕਰੀਬ ਸਾਢੇ ਨੌ ਵਜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੇ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਖ਼ਮੀਆਂ ਨੂੰ ਹਨੂੰਮਾਨਗੜ੍ਹ ਅਤੇ ਗੰਗਾਨਗਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

Advertisement

Advertisement
Author Image

sukhwinder singh

View all posts

Advertisement