Dubai to host India's matches: ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ ਦੁਬਈ
ਕਰਾਚੀ, 22 ਦਸੰਬਰ
Champions Trophy: ਚੈਂਪੀਅਨਜ਼ ਟਰਾਫੀ ਵਿਚ ਭਾਰਤ ਵੱਲੋਂ ਪਾਕਿਸਤਾਨ ਵਿਚ ਕ੍ਰਿਕਟ ਮੈਚ ਨਾ ਖੇਡਣ ਦਾ ਮਸਲਾ ਹੱਲ ਹੋ ਗਿਆ ਹੈ। ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੇ ਮੈਚ ਦੁਬਈ ਵਿਚ ਖੇਡੇ ਜਾਣਗੇ ਤੇ ਭਾਰਤ ਨਾਕ ਆਊਟ ਵਿਚ ਵਧੀਆ ਪ੍ਰਦਰਸ਼ਨ ਜ਼ਰੀਏ ਸੈਮੀਫਾਈਨਲ ਤੇ ਫਾਈਨਲ ਵਿਚ ਪੁੱਜਦਾ ਹੈ ਤਾਂ ਵੀ ਇਸ ਦੇ ਮੈਚ ਯੂਏਈ ਵਿਚ ਕਰਵਾਏ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਭਰੋਸੇਯੋਗ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਸ਼ਨਿਚਰਵਾਰ ਰਾਤ ਨੂੰ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਅਤੇ ਯੂਏਈ ਦੇ ਉਨ੍ਹਾਂ ਦੇ ਹਮਰੁਤਬਾ ਸ਼ੇਖ ਨਾਹਯਾਨ ਅਲ ਮੁਬਾਰਕ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਦੁਬਈ ਨੂੰ ਨਿਰਪੱਖ ਸਥਾਨ ਵਜੋਂ ਚੁਣਿਆ ਗਿਆ ਹੈ। ਇਸ ਤੋਂ ਤਿੰਨ ਦਿਨ ਪਹਿਲਾਂ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਚੱਲ ਰਿਹਾ ਡੈੱਡਲਾਕ ਆਖਰਕਾਰ ਉਦੋਂ ਖਤਮ ਹੋ ਗਿਆ ਸੀ ਜਦੋਂ ਆਈਸੀਸੀ ਨੇ ਐਲਾਨ ਕੀਤਾ ਕਿ ਭਾਰਤ 50 ਓਵਰਾਂ ਦੇ ਆਪਣੇ ਮੈਚ ਮੇਜ਼ਬਾਨ ਦੇਸ਼ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ। ਸੂਤਰ ਨੇ ਕਿਹਾ ਕਿ ਜੇਕਰ ਭਾਰਤ ਫਾਈਨਲ ਲਈ ਕੁਆਲੀਫਾਈ ਨਹੀਂ ਕਰਦਾ ਤਾਂ ਫਾਈਨਲ ਲਾਹੌਰ ਵਿੱਚ ਹੋਵੇਗਾ।
ਇਸ ਤੋਂ ਪਹਿਲਾਂ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਮੈਚਾਂ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਨੇ 2008 ਦੇ ਮੁੰਬਈ ਦਹਿਸ਼ਤੀ ਹਮਲਾ ਜਿਸ ਵਿੱਚ 150 ਲੋਕ ਮਾਰੇ ਗਏ ਸਨ, ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਮੈਚ ਨਹੀਂ ਖੇਡਿਆ ਹੈ।