ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਰਤੀ ’ਤੇ ਤਰੱਕੀ ਦੀ ਮਿਸਾਲ ਦੁਬਈ

11:46 AM Dec 17, 2023 IST

ਵਿੱਕੀ ਸੁਰਖ਼ਾਬ

Advertisement

ਸੈਰ ਸਫ਼ਰ

ਹਰ ਮਨੁੱਖ ਕੋਲ ਦਿਮਾਗ਼ ਅਤੇ ਸੋਚਣ ਸਮਝਣ ਦੀ ਸ਼ਕਤੀ ਹੈ। ਜਿਹੜੇ ਲੋਕ ਇਸ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਦੇ ਹਨ ਯਕੀਨਨ ਸਫਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਕ੍ਰਿਸ਼ਮਾ ਕਰ ਕੇ ਵਿਖਾਇਆ ਹੈ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਨੇ ਜਿਸ ਦੀ ਲਗਨ ਅਤੇ ਮਿਹਨਤੀ ਸੋਚ ਨੇ ਸੰਯੁਕਤ ਅਰਬ ਅਮੀਰਾਤ ਨੂੰ ਦੁਨੀਆ ਦੇ ਨਕਸ਼ੇ ਉੱਤੇ ਇੱਕ ਵੱਖਰੀ ਪਛਾਣ ਦੇ ਦਿੱਤੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਕਦੇ ਵੀ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਦੁਬਈ ਦਾ ਹੀ ਨਾਮ ਆਉਂਦਾ ਹੈ। ਦੁਨੀਆ ਉੱਤੇ ਕੋਈ ਨਵੀਂ ਤੇ ਵੱਡੀ ਮੱਲ ਮਾਰਨੀ ਹੋਵੇ ਤਾਂ ਦੁਬਈ ਮੋਹਰੀਆਂ ਵਿੱਚ ਹੁੰਦਾ ਹੈ ਜਦੋਂਕਿ ਸਾਡੇ ਮਨ ਅੰਦਰ ਅਮਰੀਕਾ, ਚੀਨ ਜਾਂ ਜਾਪਾਨ ਵਰਗੇ ਦੇਸ਼ਾਂ ਦਾ ਖਿਆਲ ਆਉਂਦਾ ਹੈ। ਦੁਬਈ ਇਨ੍ਹਾਂ ਸਭ ਤੋਂ ਬਹੁਤ ਅੱਗੇ ਨਿਕਲ ਚੁੱਕਾ ਹੈ। ਏਨਾਂ ਅੱਗੇ ਕਿ ਹੁਣ ਦੁਬਈ ਦੀ ਬਰਾਬਰੀ ਕਰਨਾ ਹਰ ਇੱਕ ਦੇਸ਼ ਲਈ ਔਖਾ ਅਤੇ ਚੁਣੌਤੀ ਭਰਪੂਰ ਹੋ ਗਿਆ ਹੈ। ਬਹੁਤ ਸਾਰੇ ਲੋਕ ਦੁਬਈ ਨੂੰ ਇੱਕ ਦੇਸ਼ ਮੰਨਦੇ ਹਨ। ਅਸਲ ਵਿੱਚ ਦੁਬਈ ਕੋਈ ਦੇਸ਼ ਨਾ ਹੋ ਕੇ ਇੱਕ ਸ਼ਹਿਰ ਹੈ। ਸੰਯੁਕਤ ਅਰਬ ਅਮੀਰਾਤ ਦੀਆਂ ਸੱਤ ਅਮੀਰਾਤਾਂ ਵਿੱਚੋਂ ਦੁਬਈ ਵੀ ਇੱਕ ਅਮੀਰਾਤ ਹੈ ਜੋ ਦੱਖਣ ਪੂਰਬ ਦੇ ਪ੍ਰਾਇਦੀਪ ਉੱਤੇ ਸਥਿਤ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਜਿਸ ਦੀ ਘਣਤਾ ਖੇਤਰਫ਼ਲ 463.17 ਕਿਲੋਮੀਟਰ ਹੈ। ਦੁਬਈ ਦੇ ਮੂਲ ਨਿਵਾਸੀ ਅਮੀਰਾਤੀ ਹਨ ਪਰ ਇਹ ਦੁਬਈ ਦੀ ਕੁੱਲ ਆਬਾਦੀ ਦਾ ਸਿਰਫ਼ ਪੰਦਰਾਂ ਫ਼ੀਸਦੀ ਹਿੱਸਾ ਹਨ। ਬਾਕੀ ਲੋਕ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਆਦਿ ਮੁਲਕਾਂ ਤੋਂ ਆ ਕੇ ਵੱਸੇ ਹਨ।
ਸਵਾਲ ਇਹ ਹੈ: ਦੁਬਈ ਕੋਲ ਆਪਣਾ ਖਾਣਾ ਜਾਂ ਪੀਣ ਯੋਗ ਆਪਣਾ ਕੁਦਰਤੀ ਪਾਣੀ ਨਹੀਂ ਹੈ, ਪਰ ਫਿਰ ਵੀ ਇਸ ਸ਼ਹਿਰ ਨੇ ਏਨਾ ਵਿਕਾਸ ਕਿਵੇਂ ਕੀਤਾ? ਨਾ ਆਪਣਾ ਖਾਣਾ ਨਾ ਪਾਣੀ ਹੋਣ ਦੇ ਬਾਵਜੂਦ ਲੋਕ ਦੁਬਈ ਵਿੱਚ ਰਹਿਣ ਵਾਸਤੇ ਉਤਾਵਲੇ ਕਿਉਂ ਹਨ? ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਦੁਬਈ ਦੀ ਤਰੱਕੀ ਵਿੱਚ ਸਭ ਤੋਂ ਵੱਧ ਯੋਗਦਾਨ ਕੱਚੇ ਤੇਲ ਦੇ ਕੀਤੇ ਨਿਰਯਾਤ ਕਰਕੇ ਹੈ, ਪਰ ਇਹ ਸਰਾਸਰ ਗ਼ਲਤ ਧਾਰਨਾ ਹੈ। ਦੁਬਈ ਦੇ ਕੱਚੇ ਤੇਲ ਦਾ ਮਾਲੀਆ ਕੁੱਲ ਬਜਟ ਦਾ ਕੇਵਲ 6 ਫ਼ੀਸਦੀ ਹੀ ਹੈ। ਕੁਝ ਲੋਕ ਸੋਚਦੇ ਹਨ ਕਿ ਦੁਬਈ ਪਹਿਲਾਂ ਤੋਂ ਹੀ ਅਮੀਰ ਸ਼ਹਿਰ ਸੀ। ਇਹ ਵੀ ਗ਼ਲਤ ਧਾਰਨਾ ਹੈ। ਦੁਬਈ ਨੇ ਤੇਲ ਦੀ ਖੋਜ 1960 ਵਿੱਚ ਕੀਤੀ ਸੀ। 1990 ਤੱਕ ਦੁਬਈ ਅੰਦਰ ਸਿਰਫ਼ ਇੱਕ ਹੀ ਉੱਚੀ ਇਮਾਰਤ ਸੀ ਜਿਸਦਾ ਨਾਮ ਵਰਲਡ ਟਰੇਡ ਸੈਂਟਰ ਸੀ। ਦੁਬਈ ਨੂੰ ਅਮੀਰ ਅਤੇ ਦੁਨੀਆ ਦੇ ਨਕਸ਼ੇ ਉੱਤੇ ਵਿਕਸਿਤ ਜਗ੍ਹਾ ਬਣਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਸੈਰ ਸਪਾਟਾ ਸਨਅਤ ਦਾ ਹੈ। ਦੁਬਈ ਨੂੰ ਸਭ ਤੋਂ ਵੱਧ ਮਾਲੀਆ ਸੈਰ ਸਪਾਟੇ ਤੋਂ ਆਉਂਦਾ ਹੈ। ਦੁਬਈ ਦੁਨੀਆਂ ਦਾ ਤੀਸਰਾ ਸਭ ਤੋਂ ਵੱਧ ਘੁੰਮਣ ਵਾਲਾ ਸ਼ਹਿਰ ਹੈ। ਅੱਜ ਤੋਂ ਵੀਹ ਸਾਲ ਪਹਿਲਾਂ ਦੁਬਈ ਨੂੰ ਕੋਈ ਬਹੁਤੀ ਮਾਨਤਾ ਨਹੀਂ ਦਿੱਤੀ ਜਾਂਦੀ ਸੀ, ਪਰ ਉੱਥੋਂ ਦੇ ਲੀਡਰ ਦੀ ਅਗਵਾਈ ਨੇ ਇਹ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਕਿ ਜੇਕਰ ਕਿਸੇ ਚੀਜ਼ ਨੂੰ ਪਾਉਣ ਦਾ ਜਨੂਨ ਹੈ ਤਾਂ ਇੱਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਦੁਬਈ ਦੇ ਲੀਡਰ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਦਾ ਮੰਨਣਾ ਹੈ ਕਿ ਅਸੀਂ ਜੋ ਵੀ ਚੀਜ਼ ਬਣਾਵਾਂਗੇ ਜਾਂ ਤਾਂ ਉਹ ਦੁਨੀਆ ਵਿੱਚ ਸਿਰਫ਼ ਸਾਡੇ ਕੋਲ ਹੀ ਹੋਵੇਗੀ ਜਾਂ ਦੁਨੀਆ ਭਰ ਵਿੱਚੋਂ ਸਭ ਤੋਂ ਵੱਡੀ ਹੋਵੇਗੀ। ਆਮ ਤੌਰ ’ਤੇ ਦੇਸ਼ ਦੇ ਲੀਡਰ ਦੇਸ਼ ਨੂੰ ਮੌਜੂਦਾ ਸਮੇਂ ਤੋਂ ਤਿੰਨ ਚਾਰ ਸਾਲ ਅੱਗੇ ਦੀ ਯੋਜਨਾ ਰੱਖ ਕੇ ਸੋਚਦੇ ਹਨ, ਪਰ ਦੁਬਈ ਦਸ ਸਾਲ ਅੱਗੇ ਦੀ ਯੋਜਨਾ ਉਲੀਕਦਾ ਹੈ। ਇਸੇ ਲਈ ਦੁਨੀਆ ਭਰ ਦੇ ਲੋਕ ਦੁਬਈ ਨੂੰ ਦੇਖਣ ਵਾਸਤੇ ਉਤਾਵਲੇ ਰਹਿੰਦੇ ਹਨ। ਇੱਥੋਂ ਦੇ ਅਜੂਬਿਆਂ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਕੀਰਤੀਮਾਨ ਹੈ।
ਦੁਬਈ ਨੇ ਜੋ ਵੀ ਕੀਤਾ ਸਭ ਤੋਂ ਵੱਧ ਅਤੇ ਵੱਡਾ ਹੀ ਕੀਤਾ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਦਾ ਨਿਰਮਾਣ ਦੁਬਈ ਨੇ ਕੀਤਾ ਸੀ, ਪਰ ਦੁਬਈ ਨੇ ਆਪਣੇ ਹੀ ਰਿਕਾਰਡ ਨੂੰ ਤੋੜ ਕੇ ਸਭ ਤੋਂ ਉੱਚੀ ਇਮਾਰਤ ਦਿ ਟਾਵਰ ਆਫ ਕ੍ਰੀਕ ਹਾਰਬਰ ਬਣਾ ਦਿੱਤੀ ਜਿਸ ਦੀ ਉਚਾਈ ਲਗਭਗ ਇੱਕ ਹਜ਼ਾਰ ਮੀਟਰ ਹੈ ਜੋ 2020 ਵਿੱਚ ਬਣ ਕੇ ਤਿਆਰ ਹੋ ਗਈ ਸੀ। ਦੁਨੀਆ ਦਾ ਇੱਕੋ-ਇੱਕ ਸੱਤ ਤਾਰਾ ਹੋਟਲ ਬੁਰਜ਼ ਅਲ ਅਰਬ ਨੂੰ ਦੁਬਈ ਨੇ ਸਮੁੰਦਰ ਦੇ ਅੰਦਰ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਦੀ ਉਚਾਈ 1053 ਫੁੱਟ ਹੈ ਜੋ ਕਿ ਦੁਨੀਆ ਦੇ ਸੱਤ ਤਾਰਾ ਹੋਟਲਾਂ ਵਿੱਚੋਂ ਸਭ ਤੋਂ ਉੱਚਾ ਹੈ। ਇਸ ਹੋਟਲ ਦਾ ਇੱਕ ਦਿਨ ਦਾ ਕਿਰਾਇਆ 13 ਲੱਖ ਹੈ। ਉੱਥੇ ਹੀ ਬੁਰਜ ਖਲੀਫ਼ਾ ਦੀ ਉਚਾਈ 828 ਮੀਟਰ ਹੈ ਜਿਸ ਦੀਆਂ 160 ਮੰਜ਼ਿਲਾਂ ਹਨ। ਬੁਰਜ ਖਲੀਫ਼ਾ ਦੀ ਇਮਾਰਤ 90 ਕਿਲੋਮੀਟਰ ਦੂਰ ਤੋਂ ਦਿਖਾਈ ਦਿੰਦੀ ਹੈ। ਦੁਨੀਆ ਦੀ ਸਭ ਤੋਂ ਤੇਜ਼ ਲਿਫਟ ਬੁਰਜ ਖਲੀਫ਼ਾ ਇਮਾਰਤ ਵਿੱਚ ਲੱਗੀ ਹੋਈ ਹੈ। ਦੁਬਈ ਵਿੱਚ ਡਿਜ਼ਨੀਲੈਂਡ ਦੀ ਤਰਜ਼ ’ਤੇ ਦੁਬਈਲੈਂਡ ਦੀ ਸਥਾਪਨਾ ਕੀਤੀ ਗਈ ਜੋ ਕਿ ਡਿਜ਼ਨੀਲੈਂਡ ਤੋਂ ਵੀ ਦੋ ਗੁਣਾ ਵੱਡਾ ਹੈ ਜਿਸ ਦਾ ਜ਼ਿੱਦ ਕਰਕੇ ਨਿਰਮਾਣ ਕੀਤਾ ਗਿਆ ਸੀ। ਦਰਅਸਲ ਡਿਜ਼ਨੀਲੈਂਡ ਵੱਲੋਂ ਦੁਬਈ ਦੀ ਪੇਸ਼ਕਸ਼ ਨੂੰ ਠੁਕਰਾਇਆ ਗਿਆ ਸੀ ਜਿਸ ਕਰਕੇ ਦੁਬਈਲੈਂਡ ਬਣਵਾਇਆ ਗਿਆ ਸੀ। ਦੁਬਈ ਵਿੱਚ ਹੀ ਦੁਨੀਆ ਦਾ ਸਭ ਤੋਂ ਵੱਡਾ ਸ਼ਾਪਿੰਗ ਮਾਲ ਦੁਬਈ ਮਾਲ ਵੀ ਹੈ ਜਿਸ ਵਿਚ 1200 ਤੋਂ ਵੱਧ ਦੁਕਾਨਾਂ ਹਨ। ਦੁਬਈ ਮਾਲ ਵਿੱਚ ਲੋਕ ਬਰਫ਼ ਦੀ ਵਾਦੀ ਦਾ ਆਨੰਦ ਵੀ ਲੈ ਸਕਦੇ ਹਨ, ਭਾਵੇਂ ਦੁਬਈ ਵਿਚ ਅਤਿ ਦੀ ਗਰਮੀ ਪੈਂਦੀ ਹੈ। ਦੁਬਈ ਵਿੱਚ 70 ਤੋਂ ਵੱਧ ਸ਼ਾਪਿੰਗ ਸੈਂਟਰ ਹਨ ਜਿਸ ਕਰਕੇ ਦੁਬਈ ਨੂੰ ਸ਼ਾਪਿੰਗ ਕੈਪੀਟਲ ਆਫ ਦਾ ਮਿਡਲ ਈਸਟ ਵੀ ਆਖਿਆ ਜਾਂਦਾ ਹੈ। ਵੈਸੇ ਦੁਬਈ ਨੂੰ ਸੋਨੇ ਦਾ ਸ਼ਹਿਰ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦੁਬਈ ਵਿੱਚ ਸੋਨੇ ਦੀਆਂ ਤਿੰਨ ਸੌ ਤੋਂ ਵੱਧ ਦੁਕਾਨਾਂ ਹਨ ਜਿਨ੍ਹਾਂ ਵਿੱਚ ਹਰ ਵੇਲੇ ਦਸ ਟਨ ਸੋਨਾ ਮੌਜੂਦ ਰਹਿੰਦਾ ਹੈ। ਇਹ ਦੁਬਈ ਵਾਸਤੇ ਆਮ ਗੱਲ ਹੈ। ਹੁਣ ਤੱਕ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਵਿਉਪਾਰ ਵੀ ਦੁਬਈ ਵਿੱਚ ਹੀ ਹੋਇਆ ਹੈ। 2013 ਵਿੱਚ ਹੋਏ ਇਸ ਸੋਨੇ ਦੇ ਵਪਾਰ ਵਿੱਚ 396 ਹਾਥੀਆਂ ਦੇ ਬਰਾਬਰ ਸੋਨੇ ਦਾ ਭਾਰ ਸੀ। ਦੁਬਈ ਵਿੱਚ ਦੁਨੀਆ ਦੀ ਹਰ ਲਗਜ਼ਰੀ ਕਾਰ ਸੜਕਾਂ ’ਤੇ ਆਮ ਵੇਖਣ ਨੂੰ ਮਿਲ ਜਾਂਦੀ ਹੈ ਜਿਸ ਦਾ ਸੁਪਨਾ ਹੋਰਨਾਂ ਦੇਸ਼ਾਂ ਦੇ ਅਮੀਰ ਲੋਕਾਂ ਦਾ ਹੁੰਦਾ ਹੈ। ਦੁਬਈ ਦੀ ਪੁਲੀਸ ਦੁਨੀਆ ਭਰ ਦੇ ਸਭ ਤੋਂ ਅਮੀਰ ਪੁਲੀਸ ਬਲਾਂ ਵਿੱਚ ਆਉਂਦੀ ਹੈ। ਇੱਥੋਂ ਦੀ ਪੁਲੀਸ ਕੋਲ ਪੈਟਰੋਲਿੰਗ ਵਾਸਤੇ ਲੈਂਬਰਗਿਨੀਜ਼, ਫਰਾਰੀ, ਮਸਟੈਂਗ, ਬੀ.ਐਮ.ਡਬਲਿਊ., ਪੋਰਸ਼ ਵਰਗੀਆਂ ਲਗਜ਼ਰੀ ਕਾਰਾਂ ਮੌਜੂਦ ਹਨ। ਦੁਬਈ ਵਿੱਚ ਸ਼ਰ੍ਹਾ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਦੁਬਈ ਵਿੱਚ ਅਪਰਾਧਿਕ ਮਾਮਲਿਆਂ ਦੀ ਸੰਖਿਆ ਜ਼ੀਰੋ ਹੈ। ਦੁਬਈ ਨੂੰ ਦੁਨੀਆ ਦੇ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿੱਥੇ ਦੁਬਈ ਵਿੱਚ ਰੇਤ ਹੀ ਰੇਤ ਹੈ ਜਿੱਥੇ ਮਨੁੱਖ ਘਾਹ ਤੱਕ ਉਗਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਉਸ ਥਾਂ ’ਤੇ ਦੁਨੀਆ ਦਾ ਸਭ ਤੋਂ ਵੱਡਾ ਫੁੱਲਾਂ ਦਾ ਪਾਰਕ ਮੌਜੂਦ ਹੈ ਜਿਸ ਵਿੱਚ ਦੁਨੀਆ ਭਰ ਦੇ ਫੁੱਲ ਮਹਿਕਾਂ ਛੱਡਦੇ ਹਨ। ਦੁਬਈ ਨੇ ਸਮੁੰਦਰ ਦੇ ਅੰਦਰ ਹੀ ਟੈਨਿਸ ਕੋਰਟ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਜੋ ਕਿ ਦੁਨੀਆਂ ਦਾ ਪਹਿਲਾ ਟੈਨਿਸ ਕੋਰਟ ਹੈ। ਦੁਬਈ ਦੁਨੀਆ ਦਾ ਪਹਿਲਾਂ ਸ਼ਹਿਰ ਹੈ ਜਿਸ ਦੀਆਂ ਟੈਕਸੀਆਂ ਡਰਾਈਵਰ ਤੋਂ ਬਿਨਾਂ ਚਲਦੀਆਂ ਹਨ। ਸਭ ਤੋਂ ਪਹਿਲਾਂ ਇਹ ਦੁਬਈ ਵਿੱਚ ਹੀ ਵੇਖਣ ਨੂੰ ਮਿਲਿਆ ਸੀ। ਦੁਬਈ 2025 ਤੱਕ 25 ਫ਼ੀਸਦੀ ਗੱਡੀਆਂ ਡਰਾਈਵਰਲੈੱਸ ਕਰਨ ਜਾ ਰਿਹਾ ਹੈ ਜੋ ਕਿ ਟੈਕਨਾਲੋਜੀ ਦੀ ਸਿਖ਼ਰ ਹੈ। ਹੁਣ ਦੁਬਈ ਵਿੱਚ ਆਉਣ ਵਾਲੇ ਸਮੇਂ ਅੰਦਰ ਡ੍ਰੋਨ ਟੈਕਸੀ ਸ਼ੁਰੂ ਕੀਤੀ ਜਾਵੇਗੀ ਜੋ ਇੱਕ ਇਨਸਾਨ ਨੂੰ ਲੈ ਕੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਸ ਨੂੰ ਮੰਜ਼ਿਲ ’ਤੇ ਪਹੁੰਚਾ ਦੇਵੇਗੀ। ਇਸ ਨਾਲ ਟ੍ਰੈਫਿਕ ਜਾਮ ਤੋਂ ਨਿਜ਼ਾਤ ਮਿਲ ਸਕੇਗੀ। ਇਸ ਨੂੰ ਡ੍ਰੋਨ ਟੈਕਸੀ ਦਾ ਨਾਮ ਦਿੱਤਾ ਗਿਆ ਹੈ।
ਦੁਬਈ ਵਿੱਚ ਮੈਟਰੋ ਟ੍ਰੇਨ ਦੀ ਸ਼ੁਰੂਆਤ 2009 ਵਿੱਚ ਕੀਤੀ ਗਈ ਸੀ ਜਿਸ ਦਾ ਸਾਰਾ ਕੰਮ ਮਹਿਜ਼ 18 ਮਹੀਨਿਆਂ ਵਿਚ ਹੀ ਖ਼ਤਮ ਕਰਦਿਆਂ 42 ਮੈਟਰੋ ਸਟੇਸ਼ਨ ਬਣਾ ਦਿੱਤੇ ਸਨ। ਇਹ ਆਪਣੇ ਆਪ ਵਿੱਚ ਵਿਸ਼ਵ ਦਾ ਸਭ ਤੋਂ ਤੇਜ਼ ਮੈਟਰੋ ਪ੍ਰੋਜੈਕਟ ਸੀ। ਦੁਬਈ ਵਿੱਚ ਮੈਨ ਮੇਡ ਟਾਪੂ ਨੂੰ ਬਣਾਇਆ ਗਿਆ ਹੈ ਜਿਸ ਨੂੰ ਪਾਮ ਆਈਲੈਂਡ ਜਾਂ ਮੈਨ ਮੇਡ ਆਈਲੈਂਡ ਵੀ ਕਿਹਾ ਜਾਂਦਾ ਹੈ। ਇਹ ਧਰਤੀ ਦੀ ਦੂਸਰੀ ਐਸੀ ਚੀਜ਼ ਹੈ ਜੋ ਸਪੇਸ ਵਿੱਚੋਂ ਵੇਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਚੀਨ ਦੀ ਮਹਾਨ ਦੀਵਾਰ ਪੁਲਾੜ ’ਚੋਂ ਦਿਖਾਈ ਦਿੰਦੀ ਸੀ। ਗ਼ੌਰਤਲਬ ਹੈ ਕਿ ਦੁਬਈ ਵਿੱਚੋਂ ਭਾਵੇਂ ਦੁਨੀਆਂ ਦੇ ਮੁਕਾਬਲੇ ਕਿਤੇ ਵੱਧ ਤੇਲ ਨਿਕਲਿਆ, ਪਰ ਇਸ ਨੇ ਸਭ ਤੋਂ ਵੱਧ ਜ਼ੋਰ ਸੋਲਰ ਪਾਵਰ ਜਾਂ ਸੌਰ ਊਰਜਾ ਨੂੰ ਵਿਕਸਿਤ ਕਰਨ ’ਤੇ ਲਾਇਆ। ਦੁਬਈ ਆਪਣੇ ਕੁੱਲ ਬਜਟ ਦਾ ਸਭ ਤੋਂ ਵੱਧ ਖਰਚ ਸੌਰ ਊਰਜਾ ’ਤੇ ਹੀ ਕਰਦਾ ਹੈ। ਦੁਬਈ ਇੱਕ ਟੈਕਸ ਮੁਕਤ ਸ਼ਹਿਰ ਹੈ ਜਿਸ ਵਿੱਚ ਕਿਸੇ ਕਿਸਮ ਦਾ ਕੋਈ ਵੀ ਟੈਕਸ ਨਹੀਂ ਵਸੂਲਿਆ ਜਾਂਦਾ। ਫਿਰ ਵੀ ਲੋਕਾਂ ਨੂੰ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਮਿਲਦੀਆਂ ਹਨ ਬਿਨਾਂ ਕਿਸੇ ਭੇਦਭਾਵ ਦੇ। ਸਭ ਲੋਕ ਬਰਾਬਰ ਹਨ। ਦੁਬਈ ਸਫ਼ਾਈ ਪੱਖੋਂ ਕਿਸੇ ਯੂਰਪੀ ਦੇਸ਼ ਵਾਂਗ ਹੀ ਦਿਖਾਈ ਦਿੰਦਾ ਹੈ। ਇੱਥੇ ਨਸ਼ਾ ਨਾਂ ਦੇ ਬਰਾਬਰ ਹੈ। ਲੋਕ ਵੀ ਇੱਥੋਂ ਦੇ ਪ੍ਰਸ਼ਾਸਨ ਦਾ ਸਾਥ ਦੇ ਕੇ ਸਿਆਣੇ ਹੋਣ ਦਾ ਪ੍ਰਮਾਣ ਦਿੰਦੇ ਹਨ। ਦੁਬਈ ਦੇ ਲੋਕ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਦੁਨੀਆਂ ਭਰ ਦੇ ਵੱਡੇ ਬ੍ਰੈਂਡਾਂ ਨੂੰ ਰਾਤੋ ਰਾਤ ਖ਼ਰੀਦਣ ਦੀ ਹਿੰਮਤ ਰੱਖਦੇ ਲੋਕ ਆਪਣੇ ਵਿਰਾਸਤੀ ਪਹਿਰਾਵੇ ਥੋਬ (ਕੰਦਊਰਆ) ਕੁਫੀਆ ਅਤੇ ਆਗਾਲ ਵਿੱਚ ਰਹਿੰਦੇ ਹਨ। ਦੁਨੀਆ ਦਾ ਕੋਈ ਵੀ ਮਹਿੰਗਾ ਜਾਂ ਮਸ਼ਹੂਰ ਬ੍ਰੈਂਡ ਇਨ੍ਹਾਂ ਉਪਰ ਆਪਣਾ ਪ੍ਰਭਾਵ ਨਹੀਂ ਪਾ ਸਕਿਆ।
ਦੁਬਈ ਵਿੱਚ ਰੇਤ ਹੀ ਰੇਤ ਹੋਣ ਕਰਕੇ ਅਨਾਜ ਅਤੇ ਸਬਜ਼ੀਆਂ ਦੀ ਪੈਦਾਵਾਰ ਨਹੀਂ ਹੁੰਦੀ। ਫਿਰ ਵੀ ਕਦੇ ਕਿਸੇ ਕਿਸਮ ਦੀ ਕਿੱਲਤ ਦੁਬਈ ਵਿੱਚ ਨਹੀਂ ਆਈ। ਇਹ ਸਭ ਚੰਗੇ ਪ੍ਰਬੰਧਾਂ ਦਾ ਨਤੀਜਾ ਹੈ ਜੋ ਦੁਨੀਆ ਲਈ ਮਿਸਾਲ ਵੀ ਹੈ। ਕੋਈ ਸ਼ਹਿਰ ਸੈਰ ਸਪਾਟੇ ਵਜੋਂ ਏਨਾ ਮਸ਼ਹੂਰ ਅਤੇ ਵਿਕਸਿਤ ਵੀ ਹੋ ਸਕਦਾ ਹੈ ਜੇਕਰ ਉਦਾਹਰਣ ਵੇਖਣੀ ਹੈ ਤਾਂ ਇਸ ਵਾਸਤੇ ਦੁਬਈ ਸਭ ਤੋਂ ਸਹੀ ਚੋਣ ਹੈ। ਇਸ ਤਰ੍ਹਾਂ ਦੇ ਸ਼ਹਿਰ ਦੀ ਸੈਰ ਕਰਨ ਲਈ ਹਰ ਮਨੁੱਖ ਲੋਚਦਾ ਹੈ। ਇਸ ਨੂੰ ਧਰਤੀ ’ਤੇ ਤਰੱਕੀ ਦਾ ਮੁਜੱਸਮਾ ਵੀ ਆਖ ਸਕਦੇ ਹਾਂ ਜਿਸ ਕਾਰਨ ਰੇਤ ਦੀ ਧਰਤੀ ਪੈਸਿਆਂ ਦੀ ਧਰਤੀ ਬਣ ਗਈ।
ਸੰਪਰਕ: 84274-57224

Advertisement
Advertisement