ਡੀਟੀਐੱਫ ਵੱਲੋਂ ਅਧਿਆਪਕਾਂ ਦੀ ਟਰੇਨਿੰਗ ਲਗਾਉਣ ਦਾ ਵਿਰੋਧ
ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਫਰਵਰੀ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਵਫ਼ਦ ਵੱਲੋਂ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਲਗਾਉਣ ਵਿਰੁੱਧ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਨੂੰ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੇ ਨਾਂ ਅੱਜ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਕਿਹਾ ਕਿ ਇਸ ਸਮੇਂ ਜਦੋਂ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਬਿਲਕੁਲ ਸਿਰ ’ਤੇ ਹਨ ਅਤੇ ਪੜ੍ਹਾਈ ਦਾ ਇੱਕ-ਇੱਕ ਦਿਨ ਕੀਮਤੀ ਹੈ ਤਾਂ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਲਗਾ ਕੇ ਉਨ੍ਹਾਂ ਨੂੰ ਸਕੂਲਾਂ ਤੋਂ ਬਾਹਰ ਕੱਢਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਜ਼ਿਕਰਯੋਗ ਹੈ ਕਿ ਪ੍ਰਾਇਮਰੀ ਦੇ ਅਧਿਆਪਕਾਂ ਦੀਆਂ ਟ੍ਰੇਨਿੰਗਾਂ 19 ਦਿਨ, ਮਾਸਟਰ ਕੇਡਰ ਅਧਿਆਪਕਾਂ ਦੀਆਂ 8 ਦਿਨ ਅਤੇ ਲੈਕਚਰਾਰਾਂ ਦੀਆਂ 10 ਦਿਨ ਚੱਲਣੀਆਂ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਮੰਗ ਪੱਤਰ ਰਾਹੀਂ ਰਹਿੰਦੀਆਂ ਟ੍ਰੇਨਿੰਗਾਂ ਨੂੰ ਅੱਗੇ ਪਾ ਕੇ ਅਗਲੇ ਸੈਸ਼ਨ ਦੇ ਸ਼ੁਰੂ ਵਿੱਚ ਲਗਾਉਣ ਦੀ ਮੰਗ ਕੀਤੀ ਹੈ। ਵਫ਼ਦ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਅਤੇ ਬਲਾਕਾਂ ਦੇ ਆਗੂ ਜਗਦੇਵ ਕੁਮਾਰ, ਚੰਦਰ ਸ਼ੇਖਰ ਤੇ ਜਗਤਾਰ ਲੌਂਗੋਵਾਲ ਆਦਿ ਹਾਜ਼ਰ ਸਨ।