ਡੀਟੀਐੱਫ ਵੱਲੋਂ ਚੋਣ ਅਮਲੇ ਲਈ ਸੁਰੱਖਿਆ ਪ੍ਰਬੰਧਾਂ ਦੀ ਮੰਗ
ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਸਤੰਬਰ
ਪੰਚਾਇਤੀ ਚੋਣਾਂ ਦੌਰਾਨ ਸਮੁੱਚੇ ਅਧਿਆਪਕ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਬੰਧ ਵਿੱਚ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਰਾਜ ਚੋਣ ਕਮਿਸ਼ਨਰ ਪੰਜਾਬ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਦੇ ਪ੍ਰਤੀਨਿਧ ਦੇ ਤੌਰ ’ਤੇ ਮੰਗ ਪੱਤਰ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਪ੍ਰਾਪਤ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਦੱਸਿਆ ਕਿ ਫਰੰਟ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਇਹ ਮੰਗ ਪੱਤਰ ਭੇਜੇ ਜਾ ਰਹੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਪੋਲਿੰਗ ਬੂਥਾਂ ’ਤੇ ਚੋਣ ਅਮਲੇ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਇਨ੍ਹਾਂ ਚੋਣਾਂ ਦੌਰਾਨ ਚੋਣ ਡਿਊਟੀਆਂ ਵੱਖ-ਵੱਖ ਵਿਭਾਗਾਂ ’ਚੋਂ ਲਗਾਈਆਂ ਜਾਣ। ਔਰਤ ਅਧਿਆਪਕਾਂਵਾਂ, ਗੰਭੀਰ ਬਿਮਾਰੀਆਂ ਤੋਂ ਪੀੜਤ, ਸੇਵਾ ਮੁਕਤੀ ਦੇ ਨੇੜੇ ਬੈਠੇ ਅਧਿਆਪਕਾਂ, ਅੰਗਹੀਣਾਂ ਅਤੇ ਲੋੜਵੰਦਾਂ ਨੂੰ ਚੋਣ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇ। ਵਫ਼ਦ ਵਿੱਚ ਬਲਾਕਾਂ ਦੇ ਆਗੂ ਗਗਨਦੀਪ ਧੂਰੀ, ਮਹਿੰਦਰ ਪ੍ਰਤਾਪ, ਅਮਿਤ ਬਾਂਸਲ, ਕਿਰਪਾਲ ਨਮੋਲ, ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਤੇ ਸਤਨਾਮ ਉਭਾਵਾਲ ਆਦਿ ਹਾਜ਼ਰ ਸਨ।