For the best experience, open
https://m.punjabitribuneonline.com
on your mobile browser.
Advertisement

ਡੀਟੀਸੀ ਦੇ ਬੇੜੇ ਵਿੱਚ 500 ਨਵੀਆਂ ਈਵੀ ਬੱਸਾਂ ਸ਼ਾਮਲ

10:48 AM Dec 15, 2023 IST
ਡੀਟੀਸੀ ਦੇ ਬੇੜੇ ਵਿੱਚ 500 ਨਵੀਆਂ ਈਵੀ ਬੱਸਾਂ ਸ਼ਾਮਲ
ਨਵੀਂ ਦਿੱਲੀ ਵਿੱਚ ਇਲੈਕਟ੍ਰਿਕ ਬੱਸਾਂ ਦੇ ਉਦਘਾਟਨ ਦੌਰਾਨ ਬੱਸ ’ਚ ਸਵਾਰ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਦਸੰਬਰ
ਵਾਤਾਵਰਨ ਦੀ ਸਾਂਭ-ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਦਿੱਲੀ ਵਿੱਚ ਇਲੈਕਟ੍ਰਿਕ ਬੱਸਾਂ ਦੀ ਵੱਡੀ ਖੇਪ ਸ਼ਾਮਲ ਕੀਤੀ ਗਈ ਹੈ। ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਬੇੜੇ ਵਿੱਚ 500 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਹੈ। ਸ਼ਹਿਰ ਦੇ ਵਾਤਾਵਰਣ-ਅਨੁਕੂਲ ਆਵਾਜਾਈ ਵਿੱਚ ਇਹ ਇੱਕ ਵੱਡੀ ਪੁਲਾਂਘ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਸ਼ਾਮਲ ਕਰਨਾ ਹਾਲ ਹੀ ਦੇ ਸਮੇਂ ਵਿੱਚ ਬੇਮਿਸਾਲ ਉਦਾਹਰਨ ਹੈ, ਜੋ ਸ਼ਹਿਰ ’ਚ ਸਾਫ ਵਾਤਾਵਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਇਸ ਪਹਿਲਕਦਮੀ ਲਈ ਆਪਣਾ ਉਤਸ਼ਾਹ ਜ਼ਾਹਿਰ ਕਰਦੇ ਹੋਏ ਕਿਹਾ ਕਿ ਅੱਜ 500 ਇਲੈਕਟ੍ਰਿਕ ਬੱਸਾਂ ਸ਼ਾਮਲ ਕਰਨ ਨਾਲ ਦਿੱਲੀ ਦੀ ਇਲੈਕਟ੍ਰਿਕ ਬੱਸਾਂ ਦੀ ਗਿਣਤੀ 1,300 ਹੋ ਗਈ ਹੈ, ਜੋ ਕਿ ਦੇਸ਼ ’ਚ ਸਭ ਤੋਂ ਵੱਧ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ ਜਨਵਰੀ 2022 ਤੋਂ ਹੁਣ ਤੱਕ 800 ਇਲੈਕਟ੍ਰਿਕ ਬੱਸਾਂ ਦਿੱਲੀ ਦੀਆਂ ਸੜਕਾਂ ’ਤੇ ਚੱਲ ਰਹੀਆਂ ਸਨ। ਇਨ੍ਹਾਂ ਬੱਸਾਂ ਨੇ ਹੁਣ ਤੱਕ 42 ਮਿਲੀਅਨ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਹੈ ਅਤੇ 34,000 ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਨੂੰ ਘਟਾਇਆ ਹੈ। ਦਿੱਲੀ ਵਿੱਚ ਕੁੱਲ 10,480 ਬੱਸਾਂ ਹੋਣਗੀਆਂ, ਜਿਨ੍ਹਾਂ ’ਚ 80 ਫ਼ੀਸਦ ਇਲੈਕਟ੍ਰਿਕ ਬੱਸਾਂ ਹੋਣਗੀਆਂ। ਅਧਿਕਾਰੀ ਅਨੁਸਾਰ ਇਸ ਨਾਲ ਸਾਲਾਨਾ 4.67 ਲੱਖ ਟਨ ਕਾਰਬਨ ਡਾਈਆਕਸਾਈਡ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਨਵੀਆਂ ਬੱਸਾਂ ਏਅਰ-ਕੰਡੀਸ਼ਨਡ, ਧੂੰਆਂ ਤੇ ਸ਼ੋਰ ਪ੍ਰਦੂਸ਼ਣ ਰਹਿਤ, ਜੀਪੀਐੱਸ, ਸੀਸੀਟੀਵੀ ਅਤੇ ਪੈਨਿਕ ਬਟਨਾਂ ਨਾਲ ਲੈਸ ਹਨ।

Advertisement

ਭਾਜਪਾ ਨੇ ਮੋਦੀ ਸਰਕਾਰ ਸਿਰ ਸਿਹਰਾ ਬੰਨ੍ਹਿਆ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਮੋਦੀ ਸਰਕਾਰ ਸਿਰ ਸਿਹਰਾ ਬੰਨ੍ਹਦਿਆਂ ਕਿਹਾ ਕਿ ਅੱਜ ਦਿੱਲੀ ਵਾਸੀ 500 ਨਵੀਆਂ ਇਲੈਕਟ੍ਰਿਕ ਬੱਸਾਂ ਦਾ ਤੋਹਫਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਸਹੂਲਤਾਂ ਵਾਲੀਆਂ ਇਹ ਬੱਸਾਂ ਔਰਤਾਂ ਲਈ ਸਫ਼ਰ ਨੂੰ ਵਧੇਰੇ ਆਰਾਮਦਾਇਕ ਬਣਾਉਣਗੀਆਂ, ਉੱਥੇ ਹੀ ਦੂਜੇ ਪਾਸੇ ਇਹ ਦਿੱਲੀ ਦੀਆਂ ਸੜਕਾਂ ’ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਸਹਾਈ ਹੋਣਗੀਆਂ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਲੋਕ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸ਼ਰਮਿੰਦਾ ਹਨ, ਜਿਨ੍ਹਾਂ ਨੇ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਵਿੱਤੀ ਯੋਗਦਾਨ ਵਿੱਚ ਦੇਰੀ ਕੀਤੀ ਅਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੇ ਦੌਰਾਨ ਡੀਟੀਸੀ ਲਈ ਇੱਕ ਬੱਸ ਨਹੀਂ ਖਰੀਦੀ ਗਈ ਹੈ।

Advertisement
Author Image

Advertisement
Advertisement
×