ਹੜ੍ਹ ਪੀੜਤਾਂ ਲਈ ਸ਼ੁਤਰਾਣਾ ਵਿਧਾਇਕ ਨੂੰ ਸੌਂਪਿਆ ਸੁੱਕਾ ਰਾਸ਼ਨ
ਪੱਤਰ ਪ੍ਰੇਰਕ
ਪਟਿਆਲਾ, 17 ਜੁਲਾਈ
ਜ਼ਿਲ੍ਹਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿਚ ਪਟਿਆਲਾ ਵਿਚ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ‘ਆਪ’ ਦੀ ਟੀਮ ਨੇ ਇਸ ਸਮੇਂ ਪੀੜਤਾਂ ਦੇ ਦਰਦ ਨੂੰ ਨੇੜਿਓਂ ਵੰਡਾਇਆ ਹੈ।
ਇਸੇ ਕੜੀ ਤਹਿਤ ਅੱਜ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਜਿੱਥੇ ਗੋਪਾਲ ਕਲੋਨੀ, ਛੋਟਾ ਅਰਾਈਂਮਾਜਰਾ ਤੇ ਅਰਾਈਂਮਾਜਰਾ ਵਿਚ ਜਿੱਥੇ ਸਾਫ਼ ਪਾਣੀ ਦੇ ਟੈਂਕਰ ਭੇਜੇ ਗਏ। ਉੱਥੇ ਹੀ ਸ਼ੁਤਰਾਣਾ ਵਿਚ ਹੜ੍ਹ ਪੀੜਤਾਂ ਲਈ ਸੁੱਕਾ ਰਾਸ਼ਨ ਜਿਵੇਂ ਦੁੱਧ, ਬ੍ਰੈੱਡ, ਕੈਂਡਲ ਤੇ ਪਾਣੀ ਦੀਆਂ ਬੋਤਲਾਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਬਾਜੀਗਰ ਨੂੰ ਸੌਂਪੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਹਿਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਸੰਕਟ ਦਾ ਸਮਾਂ ਹੈ। ਸਾਨੂੰ ਮੌਜੂਦਾ ਸਮੇਂ ਬਹੁਤ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ਹੈ। ਕਿਉਂਕਿ ਕਈ ਜਗ੍ਹਾ ਹੁਣ ਪਾਣੀ ਹੇਠਾਂ ਉਤਰ ਆਇਆ ਹੈ। ਅਜਿਹੇ ਵਿਚ ਜੇਕਰ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਸਬੰਧੀ ਤੁਰੰਤ ਹੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਦੀ ਹੜ੍ਹ ਪੀੜਤਾਂ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਦੇ ਘਰ ਦਾ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਉਲਟੀਆਂ ਤੇ ਪੇਟ ਦੀ ਤਕਲੀਫ਼ ਤਾਂ ਉਸ ਦੀ ਤੁਰੰਤ ਜਾਂਚ ਰਾਹਤ ਕੈਂਪਾਂ ਚ ਲੱਗੇ ਮੈਡੀਕਲ ਕੈਂਪ ਵਿਚ ਕਰਵਾਈ ਜਾਵੇ। ਉਨ੍ਹਾਂ ਲਈ ਸਿਹਤ ਵਿਭਾਗ ਪਟਿਆਲਾ ਵੱਲੋਂ ਰਾਹਤ ਕੈਂਪਾਂ ਵਿਚ ਡਾਕਟਰੀ ਟੀਮਾਂ ਤੇ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।