ਕੋਲਡ ਸਟੋਰ ਵਿੱਚੋਂ ਦੋ ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟੇ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਸਤੰਬਰ
ਕਰੀਬ 30 ਹਥਿਆਰਬੰਦ ਵਿਅਕਤੀਆਂ ਨੇ ਬੀਤੀ ਦੇਰ ਰਾਤ ਪਿੰਡ ਇੱਬਨ ਕਲਾਂ ਵਿੱਚ ਕੋਲਡ ਸਟੋਰ ਤੋਂ ਦੋ ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟ ਲਏ।
ਮੁਲਜ਼ਮ ਉਥੋਂ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਪੁਲੀਸ ਨੂੰ ਅਜੇ ਤੱਕ ਲੁਟੇਰਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕੋਲਡ ਸਟੋਰ ਹੈਪੀ ਅਰੋੜਾ ਦਾ ਸੀ, ਜਿਸ ਨੇ ਦੱਸਿਆ ਕਿ ਕੋਲਡ ਸਟੋਰ ਵਿੱਚ 100 ਤੋਂ ਵੱਧ ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕਾਂ ਦਾ ਸਾਮਾਨ ਰੱਖਿਆ ਹੋਇਆ ਸੀ। ਉਸ ਦੱਸਿਆ ਕਿ ਇੱਥੇ ਵਧੇਰੇ ਸ਼ਹਿਰ ਦੀ ਮਜੀਠ ਮੰਡੀ ਖੇਤਰ ਦੇ ਕਰਿਆਨੇ ਅਤੇ ਸੁੱਕੇ ਮੇਵੇ ਦੇ ਵਪਾਰੀਆਂ ਨੇ ਆਪਣਾ ਮਾਲ ਸਟੋਰ ਕੀਤਾ ਹੋਇਆ। ਕੋਲਡ ਸਟੋਰ ਦੀ ਰਾਖੀ ਲਈ ਚਾਰ ਚੌਕੀਦਾਰ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬੀਤੀ ਅੱਧੀ ਰਾਤ ਨੂੰ 30 ਤੋਂ ਵੱਧ ਵਿਅਕਤੀ ਦੋ ਟਰੱਕਾਂ ‘ਤੇ ਆਏ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਉਹ ਸੁੱਕੇ ਮੇਵੇ ਦੀਆਂ ਬੋਰੀਆਂ ਨੂੰ ਟਰੱਕਾਂ ਵਿੱਚ ਲੱਦ ਕੇ ਤੜਕੇ ਫ਼ਰਾਰ ਹੋ ਗਏ।
ਐੱਸਐੱਸਪੀ ਨੇ ਕਿਹਾ ਕਿ ਇੰਨੀ ਵੱਡੀ ਲੁੱਟ ਵਿੱਚ ਕਿਸੇ ਅੰਦਰੂਨੀ ਵਿਅਕਤੀ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਰੌਤੀ ਮੰਗਣ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਫਿਰੌਤੀ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ ,ਇੱਕ ਮੋਟਰਸਾਈਕਲ, ਇੱਕ ਕਾਰ ਅਤੇ ਫਿਰੌਤੀ ਦੇ ਡੇਢ ਲੱਖ ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਵਾਸੀ ਪਿੰਡ ਨੰਗਲ ਗੁਰੂ , ਮਨਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਪਿੰਡ ਜਲਾਲਾਬਾਦ ਤਰਨ ਤਾਰਨ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਜਲਾਲਾਬਾਦ, ਸੁਮਨਦੀਪ ਸਿੰਘ ਉਰਫ ਸਿਮਾ ਵਾਸੀ ਪਿੰਡ ਖਾਨ ਛਾਬੜੀ ਜ਼ਿਲਾ ਤਰਨ ਤਾਰਨ ਅਤੇ ਸ਼ਰਨਪ੍ਰੀਤ ਸਿੰਘ ਉਰਫ ਸ਼ਰਨ ਵਾਸੀ ਪਿੰਡ ਖੇਲਾਂ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਤਾਰਾਗੜ੍ਹ ਤਲਾਵਾਂ ਦੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਆਰਐੱਮਪੀ ਡਾਕਟਰ ਵਜੋਂ ਪਿੰਡ ਨੰਗਲ ਗੁਰੂ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਹੈ। ਮੁਲਜ਼ਮਾਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਫਿਰੌਤੀ ਮੰਗਦਿਆਂ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।