ਸ਼ਰਾਬੀ ਡਰਾਈਵਰ ਨੇ ਕੰਧ ਵਿੱਚ ਮਾਰੀ ਸਕੂਲ ਵੈਨ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਅਗਸਤ
ਇੱਥੇ ਨਿੱਜੀ ਸਕੂਲ ਦੇ ਵੈਨ ਚਾਲਕ ਦੀ ਅਣਗਹਿਲੀ ਨਾਲ ਵਾਪਰੇ ਹਾਦਸੇ ’ਚ ਜਾਨ ਗੁਆਉਣ ਵਾਲੇ ਬੱਚੇ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਅੱਜ ਸਵੇਰੇ ਲੀਲਾ ਮੇਘ ਸਿੰਘ ਵਿੱਚ ਚੱਲ ਰਹੇ ਇੱਕ ਨਿੱਜੀ ਸਕੂਲ ਦੀ ਬੱਸ ਦੇ ਡਰਾਈਵਰ ਵੱਲੋਂ ਬੱਚਿਆਂ ਨਾਲ ਭਰੀ ਬੱਸ ਪਿੰਡ ਬਜੁਰਗ ਦੀ ਕੰਧ ’ਚ ਮਾਰ ਦਿੱਤੀ। ਪਿੰਡ ਵਾਸੀਆਂ ਨੇ ਨਸ਼ੇ ਦੀ ਹਾਲਤ ਵਿੱਚ ਧੁੱਤ ਡਰਾਈਵਰ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ।
ਪੁਲੀਸ ਨੇ ਡਰਾਈਵਰ ਨੂੰ ਹਿਰਾਸਤ ’ਚ ਲੈਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲੋਕਾਂ ਨੇ ਡਰਾਈਵਰ ਦੇ ਸ਼ਰਾਬੀ ਹੋਣ ਦੇ ਦੋਸ਼ ਲਗਾਏ ਹਨ, ਇਸ ਲਈ ਡਰਾਈਵਰ ਦਾ ਡਾਕਟਰੀ ਮੁਆਇਨਾ ਕਰਵਾਉਣ ਲਈ ਪ੍ਰਕਿਰਿਆ ਆਰੰਭੀ ਗਈ ਹੈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੌਜ਼ਮ ਸਕੂਲ ਦੀ ਬੱਸ ਪਿੰਡਾਂ ਵਿੱਚੋਂ ਬੱਚੇ ਇਕੱਠੇ ਕਰਕੇ ਸਕੂਲ ਲੈ ਜਾ ਰਹੀ ਸੀ, ਜਦੋਂ ਪਿੰਡ ਬਜੁਰਗ ਤੋਂ ਬੱਚੇ ਬਿਠਾ ਕੇ ਡਰਾਈਵਰ ਜਾਣ ਲੱਗਾ ਤਾਂ ਉਸ ਨੇ ਪਿੰਡ ’ਚ ਹੀ ਬੱਸ ਕੰਧ ’ਚ ਮਾਰ ਦਿੱਤੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਡਰਾਈਵਰ ਨੂੰ ਜਦੋਂ ਬੱਸ ਵਿੱਚੋਂ ਉਤਾਰਿਆ ਤਾਂ ਉਸ ਤੋਂ ਸ਼ਰਾਬ ਦੀ ਬਦਬੂ ਮਾਰ ਰਹੀ ਸੀ। ਲੋਕਾਂ ਨੇ ਪੁਲੀਸ ਸੱਦ ਕੇ ਡਰਾਈਵਰ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਜਦੋਂ ਇਸ ਸਬੰਧ ’ਚ ਹੋਰ ਜਾਣਕਾਰੀ ਲੈਣ ਲਈ ਸਬ-ਇੰਸਪੈਟਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਰਾਈਵਰ ਹਿਰਾਸਤ ’ਚ ਲੈ ਲਿਆ ਹੈ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਬੱਚਿਆਂ ਨੂੰ ਸਕੂਲ ਲੈ ਜਾਣ ਅਤੇ ਘਰਾਂ ਤੱਕ ਛੱਡ ਕੇ ਆਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ,ਬੱਚਿਆਂ ਦੇ ਮਾਮਲੇ ’ਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਪ ਮੰਡਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ ਨੇ ਆਖਿਆ ਕਿ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।