ਸ਼ਰਾਬੀ ਪਿਤਾ ਵੱਲੋਂ ਸੋਟਾ ਮਾਰ ਕੇ ਪੁੱਤਰ ਦੀ ਹੱਤਿਆ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 25 ਦਸੰਬਰ
ਇੱਥੇ ਬੀਤੀ ਰਾਤ ਪਿੰਡ ਭੂਥਨ ਕਲਾਂ ਵਿੱਚ ਸ਼ਰਾਬੀ ਪਿਤਾ ਵੱਲੋਂ ਮੰਜੇ ’ਤੇ ਸੁੱਤੇ ਪਏ ਪੁੱਤਰ ਪਰਮਜੀਤ ਦੇ ਸਿਰ ਵਿੱਚ ਸੋਟਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪਿੰਡ ਸਦਲਪੁਰ ਵਾਸੀ ਸੁਰਜੀਤ ਦਾ ਪੁੱਤਰ ਪਰਮਜੀਤ ਆਪਣੇ ਨਾਨਕੇ ਭੂਥਨ ਕਲਾਂ ਵਿਚ ਆਇਆ ਹੋਇਆ ਸੀ। ਉਹ ਰਾਤ ਨੂੰ ਆਪਣੇ ਮਾਮਾ ਜ਼ਿਲੇ ਸਿੰਘ ਦੀ ਢਾਣੀ ਵਿਚ ਸੌਂ ਰਿਹਾ ਸੀ। ਦੇਰ ਰਾਤ ਉਸ ਦਾ ਪਿਤਾ ਸੁਰਜੀਤ ਵੀ ਆਪਣੇ ਸਹੁਰੇ ਆ ਗਿਆ। ਮ੍ਰਿਤਕ ਦੀ ਮਾਂ ਰੋਸ਼ਨੀ ਦੇਵੀ ਦਾ ਦੋਸ਼ ਹੈ ਕਿ ਉਸ ਨੇ ਮੰਜੇ ’ਤੇ ਸੁੱਤੇ ਪਏ ਆਪਣੇ ਪੁੱਤਰ ਦੇ ਸਿਰ ਵਿੱਚ ਸੋਟਾ ਮਾਰ ਦਿੱਤਾ। ਨੌਜਵਾਨ ਸੋਟਾ ਲੱਗਣ ਤੋਂ ਬਾਅਦ ਉਠ ਨਹੀਂ ਸਕਿਆ ਅਤੇ ਖੂਨ ਵਗਣ ਕਰਕੇ ਉਸ ਦੀ ਮੌਤ ਹੋ ਗਈ। ਪਰਮਜੀਤ ਦੇ ਮਾਮਾ ਜਿਲੇ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਸਵੇਰੇ ਕਮਰੇ ਵਿਚ ਪਹੁੰਚੇ ਤਾਂ ਉਹ ਮ੍ਰਿਤਕ ਹਾਲਤ ਵਿਚ ਮਿਲਿਆ। ਸਿਰ ਵਿਚ ਸੱਟ ਦੇ ਨਿਸ਼ਾਨ ਸਨ ਅਤੇ ਖੂਨ ਡੁੱਲ੍ਹਿਆ ਹੋਇਆ ਸੀ। ਕੋਲ ਹੀ ਦੂਜੇ ਮੰਜੇ ’ਤੇ ਨੌਜਵਾਨ ਦਾ ਪਿਤਾ ਸੁਰਜੀਤ ਵੀ ਸੌਂ ਰਿਹਾ ਸੀ। ਖੂਨ ਨਾਲ ਲਿੱਬੜਿਆ ਸੋਟਾ ਮੌਕੇ ’ਤੇ ਪਿਆ ਸੀ। ਮਾਮਾ ਜਿਲੇ ਸਿੰਘ ਨੇ ਪਰਮਜੀਤ ਦੀ ਲਾਸ਼ ਨੂੰ ਦੇਖ ਕੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਭੂਥਨ ਕਲਾਂ ਪਿੰਡ ਵਿਚ ਨੌਜਵਾਨ ਦੀ ਹੱਤਿਆ ਦੀ ਸੂਚਨਾ ਤੋਂ ਬਾਅਦ ਸਦਰ ਪੁਲੀਸ ਅਤੇ ਸੀਨ ਆਫ ਕ੍ਰਾਈਮ ਐਕਸਪਰਟ ਦੀ ਟੀਮ ਮੌਕੇ ’ਤੇ ਪਹੁੰਚੀ। ਸਦਰ ਥਾਣਾ ਇੰਚਾਰਜ ਕੁਲਦੀਪ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਕਾਫ਼ੀ ਸਮੇਂ ਤੋਂ ਹੀ ਆਪਣੇ ਨਾਨਕੇ ਘਰ ਰਹਿ ਰਿਹਾ ਸੀ। ਮੁਲਜ਼ਮ ਪਿਤਾ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।