For the best experience, open
https://m.punjabitribuneonline.com
on your mobile browser.
Advertisement

ਦੁੱਖ ਦਾ ਆਲਮ ਤੇ ਨਿਆਂ ਲਈ ਵੱਜਦੇ ਢੋਲ

08:18 AM Oct 29, 2023 IST
ਦੁੱਖ ਦਾ ਆਲਮ ਤੇ ਨਿਆਂ ਲਈ ਵੱਜਦੇ ਢੋਲ
2022 ਦੇ ਮੇਲੇ ਵਿਚ ਇਬਸਨ ਦੇ ਨਾਟਕ ‘ਦੁਸ਼ਮਣ’ (Enemy of the People) ਦਾ ਇਕ ਦ੍ਰਿਸ਼। (ਨਿਰਦੇਸ਼ਕ: ਕੇਵਲ ਧਾਲੀਵਾਲ)
Advertisement

ਸਵਰਾਜਬੀਰ

Advertisement

ਜ਼ਾਲਮ ਬਹੁਤ ਤਾਕਤਵਰ ਹੁੰਦੇ ਹਨ; ਉਹ ਤੁਹਾਡੇ ਤੋਂ ਖ਼ੁਸ਼ ਹੋਣ ਦੀ ਸਮਰੱਥਾ ਵੀ ਖੋਹ ਸਕਦੇ ਹਨ; ਉਹ ਦੁਨੀਆ ਦੇ ਹਰ ਹਿੱਸੇ ਵਿਚ ਜ਼ੁਲਮ ਕਰਦੇ ਹਨ ਅਤੇ ਲੋਕ ਉਨ੍ਹਾਂ ਵਿਰੁੱਧ ਲੜਦੇ ਹਨ। ਕਈ ਹਿੱਸਿਆਂ ਵਿਚ ਲੋਕ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ ਅਤੇ ਦੂਸਰੇ ਹਿੱਸਿਆਂ ਦੇ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਪੀੜਤਾਂ ਨੂੰ ਸਹਾਇਤਾ ਨਹੀਂ ਪਹੁੰਚਾ ਸਕਦੇ; ਜ਼ਾਲਮਾਂ ਵਿਰੁੱਧ ਨਾ ਲੜ ਸਕਣ ਅਤੇ ਜਬਰ ਸਹਿ ਰਹੇ ਲੋਕਾਂ ਨੂੰ ਸਹਾਇਤਾ ਨਾ ਪਹੁੰਚਾ ਸਕਣ ਵਾਲੀ ਸਥਿਤੀ ਲੋਕਾਂ ਨੂੰ ਸਮੂਹਿਕ ਦੁੱਖ ਤੇ ਅ-ਖੁਸ਼ੀ ਦੇ ਆਲਮ ਵਿਚ ਧੱਕ ਦਿੰਦੀ ਹੈ।
ਇਸ ਸਮੇਂ ਇਹ ਸਥਿਤੀ ਫ਼ਲਸਤੀਨ ਦੇ ਹਾਲਾਤ ਕਾਰਨ ਬਣੀ ਹੋਈ ਹੈ। ਫ਼ਲਸਤੀਨੀਆਂ ਨੇ ਕਦੇ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ। ਪਹਿਲੀ ਆਲਮੀ ਜੰਗ ਤੋਂ ਪਹਿਲਾਂ ਫ਼ਲਸਤੀਨ ਤੁਰਕੀ ਦੀ ਓਟੋਮਨ ਬਾਦਸ਼ਾਹਤ ਦਾ ਹਿੱਸਾ ਸੀ। ਜੰਗ ਵਿਚ ਤੁਰਕੀ ਦੀ ਹਾਰ ਤੋਂ ਬਾਅਦ ਇਹ ਇੰਗਲੈਂਡ ਦੇ ਹਿੱਸੇ ਆਇਆ ਜਨਿ੍ਹਾਂ ਨੇ ਦੂਸਰੇ ਦੇਸ਼ਾਂ ਤੋਂ ਯਹੂਦੀਆਂ ਨੂੰ ਇੱਥੇ ਲਿਆ ਕੇ ਵਸਾਉਣਾ ਸ਼ੁਰੂ ਕੀਤਾ। ਅੱਜ ਫ਼ਲਸਤੀਨੀ ਆਪਣੇ ਹੀ ਦੇਸ਼ ਵਿਚ ਉੱਜੜੇ ਹੋਏ, ਬੇਘਰ ਤੇ ਬੇਵਤਨੇ ਹਨ; 1948 ਵਿਚ ਨਵੇਂ ਬਣਾਏ ਗਏ ਦੇਸ਼ ਇਜ਼ਰਾਈਲ ਦੀਆਂ ਫ਼ੌਜਾਂ ਦਾ ਕਹਿਰ ਝੱਲਦੇ ਹੋਏ। ਸਾਰੀ ਦੁਨੀਆ ਉਨ੍ਹਾਂ ਨੂੰ ਕਹਿ ਰਹੀ ਹੈ ਕਿ ਉਹ ਆਪਣੇ ਦੇਸ਼ ’ਤੇ ਆਪਣਾ ਹੱਕ ਛੱਡ ਦੇਣ ਤੇ ਉਸ ਦਾ ਬਟਵਾਰਾ ਮਨਜ਼ੂਰ ਕਰ ਲੈਣ; ਉਹ 1993 ਵਿਚ ਓਸਲੋ ਸਮਝੌਤੇ ਰਾਹੀਂ ਇਸ ਲਈ ਵੀ ਤਿਆਰ ਹੋ ਗਏ ਪਰ ਇਜ਼ਰਾਈਲ ਨੇ ਉਨ੍ਹਾਂ ਲਈ ਰਾਖਵੇਂ ਰੱਖੇ ਗਏ ਇਲਾਕਿਆਂ ਗਾਜ਼ਾ ਤੇ ਵੈਸਟ ਬੈਂਕ ਵਿਚ ਵੀ ਉਨ੍ਹਾਂ ਦਾ ਵੱਸਣਾ ਔਖਾ ਕਰ ਦਿੱਤਾ। ਗਾਜ਼ਾ ਦੇ 365 ਵਰਗ ਕਿਲੋਮੀਟਰ ਦੇ ਇਲਾਕੇ ਵਿਚ 23 ਲੱਖ ਫ਼ਲਸਤੀਨੀ 2006 ਤੋਂ ‘ਕੈਦ’ ਹਨ; ਅਣਮਨੁੱਖੀ ਹਾਲਾਤ ਵਿਚ ਸ਼ਰਨਾਰਥੀਆਂ ਵਾਂਗ ਰਹਿੰਦੇ ਹੋਏ ਅਤੇ ਹੁਣ 7 ਅਕਤੂਬਰ ਤੋਂ ਹਮਾਸ ਦੀ ਦਹਿਸ਼ਤਗਰਦ ਕਾਰਵਾਈ ਤੋਂ ਬਾਅਦ ਲਗਾਤਾਰ ਬੰਬਾਰੀ ਸਹਿੰਦੇ ਹੋਏ, ਪਾਣੀ, ਬਿਜਲੀ, ਦਵਾਈਆਂ, ਅਨਾਜ ਦੀ ਸਪਲਾਈ ਤੋਂ ਮਹਿਰੂਮ।
ਬਹੁਤ ਦੇਸ਼ਾਂ ਵਿਚ ਬਹੁਗਿਣਤੀ ਭਾਈਚਾਰਿਆਂ ਦੇ ਲੋਕ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ਨਾਲ ਵਿਤਕਰੇ ਕਰਦੇ ਹਨ; ਕਈ ਦੇਸ਼ਾਂ ਵਿਚ ਉਨ੍ਹਾਂ (ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ) ਨਾਲ ਲਗਾਤਾਰ ਹਿੰਸਾ ਹੁੰਦੀ ਹੈ ਅਤੇ ਕੁਝ ਖ਼ਾਸ ਹਾਲਾਤ ਵਿਚ ਉਹ ਜ਼ੁਲਮ ਦਾ ਸ਼ਿਕਾਰ ਵੀ ਹੁੰਦੇ ਹਨ। ਸ਼ਾਇਦ ਹੀ ਕੋਈ ਦੇਸ਼ ਹੋਵੇ ਜਿੱਥੇ ਇਸ ਤਰ੍ਹਾਂ ਨਹੀਂ ਹੁੰਦਾ। ਪਿਛਲੇ ਕੁਝ ਮਹੀਨਿਆਂ ਵਿਚ ਮਨੀਪੁਰ ਵਿਚ ਹੋਈ ਹਿੰਸਾ ਇਸ ਦੀ ਗਵਾਹ ਹੈ। ਨਸਲ, ਧਰਮ, ਜਾਤ ਤੇ ਰੰਗ ’ਤੇ ਆਧਾਰਿਤ ਵਿਤਕਰਿਆਂ ਕਾਰਨ ਜ਼ੁਲਮ ਦੀਆਂ ਕਹਾਣੀਆਂ ਵਿਚ ਹੋਰ ਕਹਾਣੀਆਂ ਜੁੜਦੀਆਂ ਰਹਿੰਦੀਆਂ ਹਨ। ਕਈ ਵਾਰ ਜ਼ੁਲਮ ਹੱਦੋਂ ਵਧ ਜਾਂਦਾ ਹੈ ਤੇ ਮਨੁੱਖਤਾ ਬੇਸਹਾਰਾ ਹੋਣ ਵਾਲੀ ਸਥਿਤੀ ਵਿਚ ਪਹੁੰਚ ਜਾਂਦੀ ਹੈ, ਜਿਵੇਂ ਬਹੁਤ ਸਾਰੇ ਬਸਤੀਵਾਦੀ ਦੇਸ਼ਾਂ ਵਿਚ ਹੋਇਆ, ਭਾਰਤ ਵਿਚ ਜੱਲ੍ਹਿਆਂਵਾਲੇ ਬਾਗ਼ ਤੇ ਬੰਗਾਲ ਵਿਚ ਪਏ ਕਾਲ ਦੌਰਾਨ ਹੋਇਆ; 1930-40ਵਿਆਂ ’ਚ ਯੂਰੋਪ ’ਚ ਨਾਜ਼ੀਆਂ ਨੇ ਯਹੂਦੀਆਂ, ਜਿਪਸੀਆਂ, ਕਮਿਊਨਿਸਟਾਂ ਤੇ ਹੋਰਨਾਂ ’ਤੇ ਜ਼ੁਲਮ ਢਾਹੇ, ਜਿਵੇਂ ਹੁਣ ਫ਼ਲਸਤੀਨ ਵਿਚ ਹੋ ਰਿਹਾ ਹੈ; ਅਜਿਹੀਆਂ ਸਥਿਤੀਆਂ ਮਨੁੱਖਤਾ ਨੂੰ ਸਮੂਹਿਕ ਦੁੱਖ ਤੇ ਅ-ਖੁਸ਼ੀ ਦੇ ਸੰਸਾਰ ਵਿਚ ਧੱਕ ਦਿੰਦੀਆਂ ਹਨ, ਅਜਿਹਾ ਸੰਸਾਰ ਜਿੱਥੇ ਖ਼ੁਸ਼ ਹੋ ਸਕਣਾ ਅਸੰਭਵ ਹੋ ਜਾਂਦਾ ਹੈ।

Advertisement

-2

ਦੁੱਖ ਦੇ ਇਨ੍ਹਾਂ ਆਲਮਾਂ ਵਿਚ ਵੀ ਲੋਕ ਨਿਆਂ ਮੰਗਣ ਲਈ ਜੁੜਦੇ ਹਨ; ਦੁਨੀਆ ਦੀ ਹਰ ਥਾਂ ’ਤੇ; ਏਸ਼ੀਆ, ਅਫ਼ਰੀਕਾ, ਯੂਰੋਪ, ਅਮਰੀਕਾ, ਹਰ ਮਹਾਂਦੀਪ ਵਿਚ ਥਾਂ ਥਾਂ ’ਤੇ ਲੋਕ ਫ਼ਲਸਤੀਨੀਆਂ ਦੇ ਹੱਕ ਵਿਚ ਜੁੜ ਰਹੇ ਹਨ। ਉਹ ਆਪਣੇ ਹੱਕਾਂ ਦੀ ਰਾਖੀ ਲਈ ਵੀ ਜੁੜਦੇ ਹਨ ਅਤੇ ਜਬਰ ਦਾ ਸ਼ਿਕਾਰ ਹੋ ਰਹੇ ਹੋਰ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਵੀ। ਜਬਰ ਦੇ ਵਿਰੁੱਧ ਆਵਾਜ਼ ਉਠਾਉਣੀ ਜਬਰ ਦੇ ਵਿਰੁੱਧ ਲੜਾਈ ਵਿਚ ਪਹਿਲਾ ਕਦਮ ਹੁੰਦਾ ਹੈ।
ਅਕਤੂਬਰ ਦੇ ਅਖ਼ੀਰਲੇ ਹਫ਼ਤੇ ਤੇ ਪਹਿਲੀ ਨਵੰਬਰ ਦਾ ਦਿਨ ਪੰਜਾਬੀਆਂ ਲਈ ਮਹੱਤਵਪੂਰਨ ਹਨ। ਪਹਿਲੀ ਨਵੰਬਰ ਨੂੰ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਵਾਲਾ ਦਿਨ ਹੈ। ਇਨ੍ਹਾਂ ਦਿਨਾਂ ਵਿਚ ਹੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿਚ ਗ਼ਦਰੀ ਬਾਬਿਆਂ ਦਾ ਮੇਲਾ ਜੁੜਦਾ ਹੈ। ਇਹ ਸ਼ਬਦ ਧਿਆਨ ਮੰਗਦੇ ਹਨ: ‘ਮੇਲਾ ਗ਼ਦਰੀ ਬਾਬਿਆਂ ਦਾ’ ‘ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ’। ਗ਼ਦਰੀ ਬਾਬੇ ਉਹ ਨੌਜਵਾਨ ਅਤੇ ਅੱਧਖੜ ਉਮਰ ਦੇ ਵਿਅਕਤੀ ਸਨ ਜੋ 1913-14 ਵਿਚ ਅਮਰੀਕਾ ਤੇ ਕੈਨੇਡਾ ਤੋਂ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਤੁਰੇ; ਕੁਰਬਾਨੀਆਂ ਦਿੱਤੀਆਂ, ਫਾਂਸੀਆਂ ’ਤੇ ਚੜ੍ਹੇ, ਅੰਡੇਮਾਨ ਨਿਕੋਬਾਰ ਦੇ ਕਾਲੇ ਪਾਣੀਆਂ ਵਿਚ ਲੰਮੀਆਂ ਕੈਦਾਂ ਕੱਟੀਆਂ; ਕਿਸੇ ਨੇ ਨਾ ਮੁਆਫ਼ੀ ਮੰਗੀ ਤੇ ਨਾ ਹੀ ਮੁਆਫ਼ੀਨਾਮਾ ਲਿਖਿਆ। ਪੰਜਾਬੀਆਂ ਨੇ ਇਨ੍ਹਾਂ ਲੋਕਾਂ ਨੂੰ ‘ਬਾਬਿਆਂ’ ਤੇ ‘ਭਾਈਆਂ’ ਤੇ ‘ਸ਼ਹੀਦ’ ਦੇ ਖ਼ਿਤਾਬ ਦਿੱਤੇ; ਬਾਬਾ ਸੋਹਨ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਭਾਈ ਸੰਤੋਖ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ; ਇਹ ਉਹ ਪੰਜਾਬੀ ਹਨ ਜਨਿ੍ਹਾਂ ਬਸਤੀਵਾਦੀ ਜੂਲੇ ਨੂੰ ਲਾਹ ਸੁੱਟਣ ਲਈ ਵੱਡਾ ਉਪਰਾਲਾ ਕੀਤਾ ਤੇ ਪੰਜਾਬ ਦੀ ਨਾਬਰੀ ਦੀ ਰਵਾਇਤ ਦਾ ਇਕ ਅਦੁੱਤੀ ਕਾਂਡ ਲਿਖਿਆ।
ਪੰਜਾਬੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕਰਦੇ ਹਨ ਤੇ ਯਾਦ ਕਰਨ ਦੇ ਇਸ ਪੁਰਬ ਦਾ ਨਾਂ ਵੀ ਪੰਜਾਬ ਦੀ ਰਵਾਇਤ ’ਚੋਂ ਲਿਆ ਗਿਆ ਹੈ, ‘ਮੇਲਾ’; ਹਾਂ ਇਹ ਮੇਲਾ ਹੈ, ਸਾਡੇ ਸ਼ਹੀਦਾਂ ਤੇ ਕੁਰਬਾਨੀ ਦੇਣ ਵਾਲਿਆਂ ਦੀ ਯਾਦ ਵਿਚ ਲੱਗਦਾ ਮੇਲਾ। ਮੇਲਾ ਲੋਕਾਂ ਦੇ ਆਪਸ ਵਿਚ ਮਿਲਣ ਦੀ ਥਾਂ ਤੇ ਮੌਕਾ ਹੁੰਦਾ ਹੈ, ਇਕ ਵਾਰ ਮਿਲਣ ਦਾ, ਫਿਰ ਮਿਲਣ ਦੇ ਵਾਅਦੇ ਕਰਨ, ਗ਼ਮੀ-ਖ਼ੁਸ਼ੀ ਵੰਡਾਉਣ, ਦਿਲ ਦਾ ਭਾਰ ਹੌਲਾ ਕਰਨ ਅਤੇ ਨਵੇਂ ਅਹਿਦ ਕਰਨ ਦਾ ਮੌਕਾ ਤੇ ਥਾਂ। ਮੇਲਾ ਮਨੁੱਖ ਦੀ ਇਕੱਲੇ ਰਹਿ ਜਾਣ ਦੀ ਸਥਿਤੀ ਵਿਰੁੱਧ ਲੜਾਈ ਦਾ ਹਿੱਸਾ ਹੈ; ਜ਼ਿੰਦਗੀ ’ਚੋਂ ਮਿਲਣ ਵਾਲੀ ਬੇਗਾਨਗੀ, ਉਦਾਸੀਨਤਾ ਤੇ ਉਪਰਾਮਤਾ ਵਿਰੁੱਧ ਸੰਘਰਸ਼ ਦਾ ਚਿੰਨ੍ਹ। ਮੇਲਾ ਮਨੁੱਖੀ ਸਾਂਝ ਤੇ ਸਾਂਝੀਵਾਲਤਾ ਦਾ ਜਲੌਅ ਹੁੰਦਾ ਹੈ। ਤੇ ਮੇਲਾ ਥੋੜ੍ਹੇ ਚਿਰ ਲਈ ਹੁੰਦਾ ਹੈ; ਮਿਲਣ ਵਾਲੇ ਜਾਣਦੇ ਹਨ, ਭਲਕੇ ਵਿੱਛੜ ਜਾਣਾ ਹੈ; ਮੇਲਾ ਜ਼ਿੰਦਗੀ ਦਾ ਪ੍ਰਤੀਕ/ਰੂਪਕ ਹੈ; ਮਿਲਾਪ, ਵਿਛੋੜੇ ਤੇ ਫਿਰ ਮਿਲਣ ਦੀ ਉਡੀਕ ਦਾ ਸੰਗਮ। ਮੇਲਾ ਅਸਥਾਈ ਹੁੰਦਾ ਹੈ ਪਰ ਮੇਲਿਆਂ ਦਾ ਲੱਗਣਾ ਚਿਰੰਜੀਵੀ ਹੁੰਦਾ ਏ ਜਦੋਂ ਤਕ ਮੇਲੀ, ਮਿਲਣਹਾਰ ਤੇ ਮੇਲਾਕਾਰ ਕਾਇਮ ਰਹਿਣ। ਇਹ ਮੇਲਾ 1990ਵਿਆਂ ਵਿਚ ਲੱਗਣਾ ਸ਼ੁਰੂ ਹੋਇਆ।
ਮੇਲਾ ਲੱਗਣ ਲਈ ਇਕ ਥਾਂ ਦੀ ਜ਼ਰੂਰਤ ਹੁੰਦੀ ਹੈ। ਅਜਿਹੀਆਂ ਥਾਵਾਂ ਬਣਾਉਣ ਲਈ ਵੀ ਜੱਦੋਜਹਿਦ ਕਰਨੀ ਪੈਂਦੀ ਹੈ। 1921 ਵਿਚ ਬਾਬਾ ਵਿਸਾਖਾ ਸਿੰਘ ਦੀ ਅਗਵਾਈ ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣ ਗਈ ਸੀ। ਉਸ ਵਿਚ ਗ਼ਦਰੀ ਯੋਧੇ, ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਸਭ ਸ਼ਾਮਿਲ ਸਨ। ਬੱਬਰ ਅਕਾਲੀ ਦਲ ਦੇ ਉੱਭਰਨ ਸਮੇਂ ਵਿਚਾਰਾਂ ਵਿਚ ਅੰਤਰ ਉੱਭਰੇ ਕਿਉਂਕਿ ਗ਼ਦਰੀ ਬੱਬਰ ਅਕਾਲੀਆਂ ਦੇ ਹਮਾਇਤੀ ਸਨ ਅਤੇ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰ ਵੱਖਰੇ ਸਨ। ਗ਼ਦਰ ਪਾਰਟੀ ਦੇ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਅਨੁਸਾਰ ਦੇਸ਼ ਭਗਤ ਯਾਦਗਾਰ ਹਾਲ ਬਣਾਉਣ ਦਾ ਵਿਚਾਰ 1938 ਵਿਚ ਉੱਭਰਿਆ ਜਦੋਂ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਕਿਸਾਨ ਸਭਾ ਕਾਨਫਰੰਸ ਲਈ ਕਲਕੱਤਾ ਜਾਂਦੇ ਸਮੇਂ ਸੜਕ ਹਾਦਸੇ ਵਿਚ ਮੌਤ ਹੋ ਗਈ। ਕਈ ਸਾਲ ਪਣਪਦਾ ਰਿਹਾ ਇਹ ਵਿਚਾਰ 1950ਵਿਆਂ ਵਿਚ ਹਕੀਕਤ ਵਿਚ ਆਇਆ ਜਦੋਂ ਮੌਜੂਦਾ ਦੇਸ਼ ਭਗਤ ਯਾਦਗਾਰ ਹਾਲ ਦੀ ਜ਼ਮੀਨ ਦੀ ਰਜਿਸਟਰੀ ਹੋਈ ਜਿਸ ਵਿਚ ਵੱਡਾ ਯੋਗਦਾਨ ਬਾਬਾ ਅਮਰ ਸਿੰਘ ਸੰਧਵਾ ਪਨਾਮਾ ਵਾਲਿਆਂ ਨੇ ਪਾਇਆ। ਬਾਬਾ ਵਿਸਾਖਾ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ, ਬਾਬਾ ਭਗਤ ਸਿੰਘ ਬਿਲਗਾ, ਬਾਬਾ ਕਰਮ ਸਿੰਘ ਚੀਮਾ, ਬਾਬਾ ਭਾਗ ਸਿੰਘ ਕੈਨੇਡੀਅਨ ਅਤੇ ਹੋਰ ਗ਼ਦਰੀ ਬਾਬਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਨੂੰ ਬਣਾਉਣ ਵਿਚ ਵੱਡਾ ਹਿੱਸਾ ਪਾਇਆ। ਇਹ ਜ਼ਮੀਨ ਬਦਰੀ ਦਾਸ ਦੀ ਸੀ ਜਿਹੜੇ ਗ਼ਦਰੀ ਬਾਬਿਆਂ ਦਾ ਬਹੁਤ ਸਤਿਕਾਰ ਕਰਦੇ ਸਨ। ਦੇਸ਼ ਭਗਤ ਯਾਦਗਾਰ ਕਮੇਟੀ 1955 ਵਿਚ ਹੋਂਦ ਵਿਚ ਆਈ।
ਯਾਦ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ। ਇਸ ਲਈ ਇੱਛਾ, ਇਰਾਦੇ, ਥਾਂ, ਸਬੱਬ ਤੇ ਵਸੀਲਿਆਂ ਦੀ ਲੋੜ ਹੁੰਦੀ ਹੈ। ਗ਼ਦਰੀ ਬਾਬੇ ਦੂਰ ਦੀ ਸੋਚਣ ਵਾਲੇ ਸਨ। ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ ਬਣਾ ਕੇ ਸਾਡੇ ਲਈ ਉਹ ਸਾਂਝਾ ਵਿਹੜਾ ਵਸਾਇਆ ਜਿੱਥੇ ਜੁੜ ਕੇ ਅਸੀਂ ਨਾ ਸਿਰਫ਼ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਸਗੋਂ ਪੰਜਾਬ ਤੇ ਹੋਰ ਧਰਤੀਆਂ ਦੇ ਉਨ੍ਹਾਂ ਨਾਇਕਾਂ ਨੂੰ ਯਾਦ ਕਰਦੇ ਹਾਂ ਜਿਹੜੇ ਅਨਿਆਂ ਵਿਰੁੱਧ ਲੜੇ; ਨਾਇਕਾਂ ਹੀ ਨਹੀਂ ਅਸੀਂ ਅਨਿਆਂ ਵਿਰੁੱਧ ਲੜਨ ਵਾਲੀ ਸਾਰੀ ਲੋਕਾਈ ਨੂੰ ਸਿਮਰਦੇ ਹਾਂ। ਆਇਸ਼ਾ ਜਲਾਲ ਅਨੁਸਾਰ ਯਾਦ ਦਾ ਜ਼ਿੰਮੇਵਾਰੀ ਦੀ ਗੁੰਝਲਦਾਰ ਸਮੱਸਿਆ ਨਾਲ ਰਿਸ਼ਤਾ ਬਹੁਤ ਗੂੜ੍ਹਾ ਤੇ ਬਹੁਪਰਤੀ ਹੁੰਦਾ ਹੈ; ਯਾਦ ਕਰਦਿਆਂ ਸਾਨੂੰ ਚੇਤੇ ਰੱਖਣਾ ਪੈਂਦਾ ਹੈ ਕਿ ਅਸੀਂ ਬੀਤੇ (ਅਤੀਤ) ਦਾ ਰੂਮਾਨੀ ਅਤੇ ਅਣਇਤਿਹਾਸਕ ਜਸ਼ਨ ਮਨਾਉਣ ਨਾ ਬੈਠ ਜਾਈਏ; ਇਹ ਖ਼ਤਰਾ ਹਕੀਕੀ ਤੇ ਦਿਲਖਿੱਚਵਾਂ ਹੁੰਦਾ ਹੈ ਕਿਉਂਕਿ ਵਰਤਮਾਨ ਤੋਂ ਘਬਰਾਇਆ ਤੇ ਪਰੇਸ਼ਾਨ ਹੋਇਆ ਬੰਦਾ ਯਾਦਾਂ ਦੀ ਬੁੱਕਲ ’ਚੋਂ ਨਿੱਘ ਤਲਾਸ਼ਣ ਤਕ ਸੀਮਤ ਹੋ ਸਕਦਾ ਹੈ। ਗ਼ਦਰੀ ਬਾਬਿਆਂ ਦਾ ਮੇਲਾ ਲਾਉਣ ਵਾਲੇ ਇਸ ਖ਼ਤਰੇ ਨੂੰ ਪਛਾਣਦੇ ਹਨ। ਇਸੇ ਲਈ ਇਸ ਮੇਲੇ ਵਿਚ ਜੁੜ ਕੇ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਨਾਲ ਨਾਲ ਅਸੀਂ ਦੁਨੀਆ, ਦੇਸ਼ ਤੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵੀ ਵਿਚਾਰ ਕਰਦੇ ਤੇ ਵਰਤਮਾਨ ਦੇ ਸੰਘਰਸ਼ ਦੀਆਂ ਪੈੜਾਂ ਉਲੀਕਣ ਦੀ ਕੋਸ਼ਿਸ਼ ਵੀ ਕਰਦੇ ਹਾਂ।
ਕੁਝ ਵਰ੍ਹੇ ਪਹਿਲਾਂ ਇਕ ਉੱਘੇ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ ਇਹ ਮੇਲਾ ਕੀ ਏ; ਇਸ ਦਾ ਕੀ ਮਹੱਤਵ ਹੈ? ਮੇਰਾ ਜਵਾਬ ਸੀ ਕਿ ਉਹ ਥਾਂ ਹੈ, ਜਿੱਥੇ ਹਰ ਸਾਲ ਪੰਜਾਬ ਵਿਚ ਸਭ ਤੋਂ ਜ਼ਿਆਦਾ ਸਿਆਸੀ ਸੂਝ ਰੱਖਣ ਵਾਲੇ ਲੋਕ ਜੁੜਦੇ ਹਨ; ਉਹ ਲੋਕ ਜਿਹੜੇ ਆਪੋ-ਆਪਣੇ ਢੰਗ ਨਾਲ ਸਮਾਜ ਵਿਚ ਨਿਆਂ ਲਈ ਲੜਦੇ ਹਨ; ਇਹ ਉਨ੍ਹਾਂ ਦੀ ਸਾਂਝ ਦਾ ਮੇਲਾ ਹੈ; ਇਹ ਨਿਆਂ ਲਈ ਜੁੜਦੀ ਸੰਗਤ ਹੈ। ਸਮਾਜ ਵਿਚ ਨਿਆਂ ਲਈ ਸੰਘਰਸ਼ ਕਰਨ ਵਾਲੇ ਲੋਕ ਇੱਥੇ ਆ ਕੇ ਗਾਉਂਦੇ, ਭਾਸ਼ਨ ਦਿੰਦੇ, ਨਾਟਕ ਕਰਦੇ, ਬਹਿਸਦੇ ਅਤੇ ਸਭ ਤੋਂ ਉੱਪਰ ਇਕ ਦੂਜੇ ਨੂੰ ਮਿਲਦੇ ਹਨ; ਉਹ ਨਿਆਂ ਲਈ ਢੋਲ ਵਜਾਉਂਦੇ ਹਨ; ਨਿਆਂ ਲਈ ਵੱਜਦੇ ਇਹ ਢੋਲ ਕੀ ਕਰ ਸਕਦੇ ਹਨ? ਅਜਿਹੇ ਢੋਲਾਂ ਦੀ ਗੂੰਜ ਬਾਰੇ ਨਜ਼ਮ ਹੁਸੈਨ ਸੱਯਦ ਲਿਖਦਾ ਹੈ:
ਢੋਲ ਨਿਆਂ ਦੇ ਕੀ ਕਰਸਣ
ਵਿਰਲੀਆਂ ਵਿਰਲੀਆਂ ਝੁੱਗੀਆਂ ਨੂੰ
ਵਰ੍ਹਦੇ ਮੀਂਹ ਵਿਚ ਚੁੱਪ ਖਲੋਤੀਆਂ ਲੁੱਗੀਆਂ ਨੂੰ
ਇਕ ਦੂਜੇ ਦੀ ਹਾਂ ਦੀ ’ਵਾਜ ਸੁਣਾ ਦੇਸਣ
ਜੀਭਾਂ ਉੱਤੇ ਆਣ ਕੇ ਮੁੜੀਆਂ ਗੱਲਾਂ ਨੂੰ, ਜੁੜਕੇ
ਕੂਕ ਬਣਨ ਦਾ ਵਲ ਸਿਖਾ ਦੇਸਣ
ਚਿੱਕੜ ਸੌੜੀਆਂ ਗਲੀਆਂ ਵਿਚੋਂ
ਕੱਲਰ ਚੱਟੀਆਂ ਪੈਲੀਆਂ ਵਿਚੋਂ
ਚੜ੍ਹਸੀ ਕਟਕ ਨਿਮਾਣਿਆਂ ਦਾ
ਏਕਾ ਤਾਣ ਨਿਤਾਣਿਆਂ ਦਾ
ਗ਼ਦਰੀ ਬਾਬਿਆ ਦੇ ਮੇਲੇ ਵਿਚ ਨਿਆਂ ਲਈ ਵੱਜਦੇ ਢੋਲ ਸਾਨੂੰ ‘ਕੂਕ ਬਣਨ ਦੇ ਵਲ’ ਸਿਖਾਉਂਦੇ ਹਨ; ਅਜਿਹੇ ਮੇਲਿਆਂ ਵਿਚੋਂ ਹੀ ਸੰਘਰਸ਼ਮਈ ਲੋਕਾਂ ਦੇ ਕਟਕ ਬਣਨ ਦੀਆਂ ਕਨਸੋਆਂ ਜਨਮਦੀਆਂ ਤੇ ਆਸਾਂ-ਉਮੀਦਾਂ ਦੇ ਚਾਨਣ-ਚੁਬਾਰੇ ਬਣਦੇ ਹਨ। 2020 ਦੇ ਗ਼ਦਰੀ ਬਾਬਿਆਂ ਦੇ ਮੇਲੇ ’ਚੋਂ ਕਿਸਾਨ ਅੰਦੋਲਨ ਲਈ ਆਵਾਜ਼ ਬੁਲੰਦ ਹੋਈ ਸੀ। ਇਹ ਮੇਲਾ ਲੋਕ-ਸੰਘਰਸ਼ਾਂ ਨੂੰ ਯਾਦ ਕਰਨ ਦਾ ਮੇਲਾ ਵੀ ਹੈ ਅਤੇ ਵੇਲੇ ਦੇ ਸੰਘਰਸ਼ਾਂ ਨੂੰ ਮਘਦੇ ਰੱਖਣ ਦਾ ਵੀ। ਇਹ ਮੇਲੇ ਸਮੂਹਿਕ ਸਮਾਜਿਕ ਊਰਜਾ ਦੇ ਸਰੋਤ ਬਣਦੇ ਹਨ। ਸ਼ਾਲਾ, ਇਹ ਮੇਲੇ ਹਮੇਸ਼ਾਂ ਲੱਗਦੇ ਰਹਿਣ।

ਗ਼ਦਰ ਖਿੜਿਆ ਮਾਲਨੇ,
ਪਰੋਈਏ ਵੀਰਾਂ ਦੇ ਹਾਰ

ਇਹ ਗੱਲ ਲਹਿੰਦੇ ਪੰਜਾਬ ਦੀ ਏ।
1947 ਈਸਵੀ ਵਿਚ ਚੜ੍ਹਦੇ ਪੰਜਾਬ ਤੋਂ ਮਹਾਜਰ (ਸ਼ਰਨਾਰਥੀ/ਪਨਾਹਗੀਰ/ਰਫਿਊਜੀ) ਹੋ ਕੇ ਆਏ ਬੁੱਡੜੇ ਕਿਸਾਨ ਚੌਧਰੀ ਬਰਕਤ ਨੂੰ ਇਹ ਗਾਉਣ (ਲੋਕ ਗੀਤ) ਚੇਤੇ ਆਇਆ:
ਗ਼ਦਰ ਖਿੜਿਆ ਮਾਲਨੇ, ਪਰੋਈਏ ਵੀਰਾਂ ਦੇ ਹਾਰ।
ਜਾਂਜੀਆਂ ਹੱਥ ਡੰਗੋਰੀਆਂ, ਲਾੜੇ ਦੀ ਘੋੜੀ ਲਾਲ।
ਇਸ ਬੰਦ ਦੇ ਅਰਥ ਭਲਾ ਕੌਣ ਦੱਸੇ?
ਚੌਧਰੀ ਬਰਕਤ ਅਲੀ ਨੂੰ ਆਪਣਾ ਪਿਛਲਾ ਗਵਾਂਢੀ ਗੁਰਨਾਮ ਸਿੰਘ ਅਜੇ ਵੀ ਨਹੀਂ ਸੀ ਭੁੱਲਿਆ ਜਿਹਦਾ ਮਾਮਾ ਰਾਮ ਲਾਲ ਫ਼ੌਜ ਦੀ ਨੌਕਰੀ ਛੱਡ ਕੇ ਗ਼ਦਰੀ ਹੋ ਗਿਆ ਸੀ; ਜਿਹਦੇ ਪਿੱਛੇ ਪੁਲੀਸ ਨੇ ਕਈ ਵਾਰ ਗੁਰਨਾਮ ਸਿੰਘ ਦੇ ਘਰ ਛਾਪੇ ਮਾਰੇ ਸਨ। ਰਾਮ ਲਾਲ ਲੱਭਦਾ ਕਿਵੇਂ? ਉਹ ਚੌਧਰੀ ਬਰਕਤ ਅਲੀ ਦੇ ਬਾਬੇ (ਦਾਦੇ) ਦੀ ਮੰਜੀ ਹੇਠ ਲੁਕਿਆ ਹੁੰਦਾ; ਉਹ (ਰਾਮ ਲਾਲ) ਕਹਿੰਦਾ:
ਰੱਤੇ ਝੋਲੇ ਦੀ ਉਡੀਕ, ਦੇਸ਼ ਮਹਿਲ ਵਾੜੀਏ
ਧਰਤੀ ਮਾਂ ਸੁਹਾਗਣ, ਚਾਂਈ ਪਾਣੀ ਵਾਰ ਪੀਏ।
ਇਸ ਬੰਦ ਦੇ ਅਰਥ ਕੌਣ ਦੱਸ ਸਕਦਾ ਹੈ?
- ਲਹਿੰਦੇ ਪੰਜਾਬ ਦੇ ਲੇਖਕ ਨੈਨ ਸੁੱਖ ਦੀ ਲਿਖਤ ‘ਭਗਤ ਸਿੰਘ’ ਦੀ ਇਕ ਟੁਕੜੀ ਦੀ ਪੁਨਰ-ਲਿਖਤ (ਕਿਤਾਬ ‘ਆਈ ਪੁਰੇ ਦੀ ਵਾਅ’ ਵਿਚੋਂ)।

Advertisement
Author Image

sukhwinder singh

View all posts

Advertisement