ਨਸ਼ਾ: ਪੁਲੀਸ ਨੇ ਢੇਹਾ ਬਸਤੀ ਵਿੱਚ ਛਾਪਾ ਮਾਰਿਆ
ਹਰਜੀਤ ਸਿੰਘ
ਡੇਰਾਬੱਸੀ, 24 ਅਕਤੂਬਰ
ਪਿੰਡ ਤ੍ਰਿਵੇਦੀ ਕੈਂਪ ਵਿੱਚ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਨੇ ਨਸ਼ਾ ਵਿਕਣ ਦੇ ਸ਼ੱਕ ਹੇਠ ਢੇਹਾ ਬਸਤੀ ਵਿੱਚ ਛਾਪਾ ਮਾਰਿਆ। ਇਸ ਦੌਰਾਨ ਭਾਰੀ ਪੁਲੀਸ ਫੋਰਸ ਨੇ ਬਸਤੀ ਨੂੰ ਘੇਰ ਲਿਆ ਅਤੇ ਹਰੇਕ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲੀਸ ਵੱਲੋਂ ਉੱਥੇ ਕੁਝ ਬਾਹਰ ਤੋਂ ਆਏ ਨੌਜਵਾਨਾਂ ਅਤੇ ਬਸਤੀ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਅਕਸਰ ਸ਼ਿਕਾਇਤਾਂ ਮਿਲਦੀਆਂ ਸਨ ਕਿ ਢੇਹਾ ਬਸਤੀ ਵਿੱਚ ਨਸ਼ਾ ਵਿਕਦਾ ਹੈ। ਇੱਥੇ ਨਸ਼ਾ ਖਰੀਦਣ ਲਈ ਦੂਰ-ਦੁਰਾਡੇ ਤੋਂ ਨੌਜਵਾਨ ਆਉਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲੀਸ ਇੱਥੇ ਕਾਰਵਾਈ ਕਰ ਚੁੱਕੀ ਹੈ। ਪੁਲੀਸ ਨੇ ਅੱਜ ਵੀ ਪੂਰੀ ਬਸਤੀ ਨੂੰ ਘੇਰ ਲਿਆ। ਪੁਲੀਸ ਵੱਲੋਂ ਨਾ ਤਾਂ ਕਿਸੇ ਵਿਅਕਤੀ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਬਾਹਰ ਨਿਕਲਣ ਦਿੱਤਾ। ਇਸ ਦੌਰਾਨ ਬਸਤੀ ਵਿੱਚ ਭਾਜੜਾਂ ਪੈ ਗਈਆਂ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਵਿੱਚ ਕੁਝ ਬਾਹਰ ਤੋਂ ਆਏ ਨੌਜਵਾਨ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਕੋਈ ਨਸ਼ਾ ਖਰੀਦਣ ਜਾਂ ਵੇਚਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ। ਡੀਐੱਸਪੀ ਬਿਕਰਮਜੀਤ ਬਰਾੜ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਖੇਤਰ ਵਿੱਚ ਕੋਈ ਨਸ਼ਾ ਵੇਚਦਾ ਮਿਲਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਮਨਦੀਪ ਸਿੰਘ ਵੀ ਹਾਜ਼ਰ ਸਨ।