ਪੰਜਾਬ ਵਿੱਚ ਕਾਲੇ ਦੌਰ ਮਗਰੋੋਂ ਨਸ਼ੇ ਵਧੇ: ਧਰਮਵੀਰ ਗਾਂਧੀ
ਕੁਲਦੀਪ ਸਿੰਘ
ਨਵੀਂ ਦਿੱਲੀ, 31 ਜੁਲਾਈ
ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂਂ ਦਿੱਲੀ ਵੱਲੋਂ ਡਾ. ਅਨਿਰੁਧ ਕਾਲਾ ਦੀ ਪੁਸਤਕ ‘ਮੋਸਟ ਆਫ ਵੱਟ ਯੂ ਨੋ ਅਬਾਊਟ ਐਡਿਕਸ਼ਨ ਇਜ਼ ਰੌਂਗ’ ’ਤੇ ਪੈਨਲ ਚਰਚਾ ਕਾਨਫਰੰਸ ਹਾਲ ਵਿੱਚ ਹੋਈ। ਇਸ ਵਿੱਚ ਏਮਜ਼ ਦੇ ਮਨੋ-ਚਿਕਿਤਸਾ ਦੇ ਪ੍ਰੋਫੈਸਰ ਡਾ. ਅਤੁਲ ਅੰਬੇਕਰ ਅਤੇ ਕਾਰਵਾਂ ਪੱਤ੍ਰਿਕਾ ਦੇ ਐਗਜ਼ੈਕਟਿਵ ਐਡੀਟਰ ਹਰਤੋਸ਼ ਸਿੰਘ ਬੱਲ ਨੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਅਤੇ ਕਾਰਡੀਓਲੋਜਿਸਟ ਡਾ. ਧਰਮਵੀਰ ਗਾਂਧੀ ਨੇ ਕੀਤੀ।
ਇਸ ਮੌਕੇ ਪੁਸਤਕ ਦੇ ਲੇਖਕ ਡਾ. ਅਨਿਰੁੱਧ ਕਾਲਾ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਬਾਰੇ ਜਾਣਕਾਰੀ ਦਿੱਤੀ। ਉਪਰੰਤ ਡਾ. ਮਨਜੀਤ ਭਾਟੀਆ ਵੱਲੋਂ ਪੁਸਤਕ ਬਾਰੇ ਸੰਖੇਪ ’ਚ ਦੱਸਣ ਤੋਂ ਬਾਅਦ ਡਾ. ਧਰਮਵੀਰ ਗਾਂਧੀ ਨੇ ਪੰਜਾਬ ’ਚ ਨਸ਼ਿਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ’ਚ ਕਾਲੇ ਦੌਰ ਦੇ ਮੁੱਕਣ ਤੋਂ ਬਾਅਦ ਨਸ਼ਿਆਂ ਦਾ ਪ੍ਰਚਲਨ ਵਧਿਆ ਅਤੇ ਬਹੁਤ ਸਾਰੇ ਆਧੁਨਿਕ ਨਸ਼ਿਆਂ ਨੇ ਇੱਥੋਂ ਦੇ ਨੌਜਵਾਨਾਂ ਦਾ ਇੰਨਾ ਨੁਕਸਾਨ ਕੀਤਾ ਕਿ ਅੱਜ ਤੱਕ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ। ਕੋਈ ਵੀ ਸਰਕਾਰ ਇਸ ਨੂੰ ਠੱਲ੍ਹ ਨਾ ਪਾ ਸਕੀ ਤੇ ਹਰ ਰੋਜ਼ ਦੋ-ਤਿੰਨ ਨੌਜਵਾਨ ਅੱਜ ਵੀ ਨਸ਼ਿਆਂ ਕਾਰਨ ਅਖਬਾਰ ਦੀਆਂ ਸੁਰਖੀਆਂ ਬਣਦੇ ਹਨ। ਡਾ. ਗਾਂਧੀ ਅਨੁਸਾਰ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ’ਚ ਲਾਗੂ ਐੱਨਡੀਪੀਐੱਸ ਐਕਟ ਜਾਂ ਕੋਈ ਵੀ ਨਸ਼ਾ ਵਿਰੋਧੀ ਸਖ਼ਤ ਕਾਨੂੰਨ ਇਸ ਦਾ ਹੱਲ ਨਹੀਂ ਹੈ, ਸਗੋਂ ਨਸ਼ੇ ਪ੍ਰਤੀ ਲਚਕਦਾਰ ਪਹੁੰਚ ਅਪਣਾਉਂਦਿਆਂ ਨਸ਼ਾ ਕਰਨ ਵਾਲੇ ਨੂੰ ਮੁਜਰਮ ਨਾ ਸਮਝ ਕੇ ਹਮਦਰਦੀ ਵਾਲਾ ਰਵੱਈਆ ਰੱਖਦਿਆਂ ਉਸ ਦਾ ਇਲਾਜ ਕੀਤਾ ਜਾਵੇ। ਇਸ ਦੇ ਨਾਲ ਅਫੀਮ, ਭੁੱਕੀ ਆਦਿ ਰਵਾਇਤੀ ਨਸ਼ਿਆਂ ਨੂੰ ਵਿਉਂਤਬੱਧ ਤਰੀਕੇ ਨਾਲ ਵਰਤਿਆ ਜਾਏ ਤੇ ਨਸ਼ਾ ਮਾਫੀਆ ਨੂੰ ਨੱਥ ਪਾਇਆ ਜਾਏ, ਜੋ ਸਰਕਾਰਾਂ ਕਰ ਸਕਦੀਆਂ ਹਨ। ਡਾ. ਅਤੁਲ ਅੰਬੇਕਰ ਨੇ ਕਿਹਾ ਇਹ ਠੀਕ ਹੈ ਨਸ਼ਾ ਸਿਹਤ ਲਈ ਹਾਨੀਕਾਰਕ ਹੈ ਪਰ ਇਸ ਨੂੰ ਚਰਿੱਤਰ ਨਾਲ ਨਾ ਜੋੜਿਆ ਜਾਏ, ਸਗੋਂ ਇਸ ਦਾ ਸਹੀ ਇਲਾਜ ਹੋਵੇ। ਹਰਤੋਸ਼ ਸਿੰਘ ਬੱਲ ਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਨਸ਼ਾ ਸਮੱਸਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਤਾਕਤਾਂ ਦਾ ਵੀ ਜ਼ਿਕਰ ਕੀਤਾ, ਜਿਹੜੀਆਂ ਇਸ ਨੂੰ ਵਧਾਉਣ ਲਈ ਜ਼ਿੰਮੇਵਾਰ ਹਨ। ਲੇਖਕ ਡਾ. ਅਨਿਰੁੱਧ ਕਾਲਾ ਨੇ ਮਨੁੱਖੀ ਲੋੜਾਂ ਦਾ ਜ਼ਿਕਰ ਕਰਦਿਆਂ ਉਸ ਚੇਤਨਤਾ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜੋ ਸਾਨੂੰ ਕਿਸੇ ਵੀ ਸਮੱਸਿਆ ਨਾਲ ਨਿਬੜਨ ਲਈ ਸੋਝੀ ਅਤੇ ਤਾਕਤ ਪ੍ਰਦਾਨ ਕਰਦੀ ਹੈ। ਉਨ੍ਹਾਂ ਅਨੁਸਾਰ ਸਮੈਕ, ਹੈਰੋਇਨ, ਫੈਂਟਾਨਾਈਲ ਆਦਿ ਮਾਰੂ ਨਸ਼ਿਆਂ ਨੂੰ ਖਤਮ ਕਰਨ ਲਈ ਰਵਾਇਤੀ ਨਸ਼ਿਆਂ ਦੀ ਬਹਾਲੀ ਬਾਰੇ ਸੋਚਣਾ ਪਏਗਾ ਤਾਂ ਜੋ ਡਰੱਗ ਮਾਫੀਆ ਨੂੰ ਸੱਟ ਵੱਜੇ ਤੇ ਪੰਜਾਬ ਪਹਿਲੀ ਸਥਿਤੀ ’ਚ ਪਹੁੰਚ ਸਕੇ। ਚਰਚਾ ਦੌਰਾਨ ਡਾ. ਮਿਸਿਜ਼ ਕਾਲਾ ਨੇ ਕੁਝ ਉਸਾਰੂ ਸੁਝਾਅ ਦਿੱਤੇ। ਪ੍ਰੋਗਰਾਮ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਆਪਣੇ ਸੰਬੋਧਨ ’ਚ ਸਰਕਾਰਾਂ ਦੇ ਉਸ ਰਵੱਈਏ ’ਤੇ ਹੈਰਾਨੀ ਪ੍ਰਗਟ ਕੀਤੀ, ਜਿਸ ਵਿੱਚ ਭਾਸ਼ਾ ਅਤੇ ਸੱਭਿਆਚਾਰ ਲਈ ਰੱਖੇ ਬਜਟ ’ਚ ਬੇਤਹਾਸ਼ਾ ਕਟੌਤੀ ਕੀਤੀ ਗਈ ਹੈ ਜਦਕਿ ਇਹ ਭਾਸ਼ਾ ਸੱਭਿਆਚਾਰ ਹੀ ਹੈ ਜੋ ਇੱਕ ਨਸ਼ਾ ਮੁਕਤ ਸਮਾਜ ਲਈ ਰਾਹ-ਦਸੇਰਾ ਬਣਦਾ ਹੈ। ਇਸ ਮੌਕੇ ਪ੍ਰੋ. ਰਾਕੇਸ਼ ਬਟਾਬਿਆਲ, ਡਾ. ਕੁਲਵੀਰ ਗੋਜਰਾ, ਡਾ. ਯਾਦਵਿੰਦਰ ਸਿੰਘ ਹਾਜ਼ਰ ਸਨ।