ਡਰੱਗਜ਼ ਮਾਮਲਾ: ਸਿਟ ਦੀ ਜਾਂਚ ਵਿੱਚ ਸ਼ਾਮਲ ਨਾ ਹੋਏ ਮਜੀਠੀਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜੁਲਾਈ
ਬਹੁ-ਕਰੋੜੀ ਡਰੱਗਜ਼ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਭੇਜੇ ਸੰਮਨਾਂ ਨੂੰ ਬਿਕਰਮ ਸਿੰਘ ਮਜੀਠੀਆ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ। ਅੱਜ ਸਾਰਾ ਦਿਨ ਪਟਿਆਲਾ ਵਿੱਚ ਸਿਟ ਮਜੀਠੀਆ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਅੱਜ ਵੀ ਨਹੀਂ ਆਏ। ਉਨ੍ਹਾਂ ਦਾ ਸੁਨੇਹਾ ਆ ਗਿਆ ਕਿ ਉਹ ਕਿਸੇ ਖ਼ਾਸ ਰੁਝੇਵੇਂ ਕਰ ਕੇ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕਦੇ। ਅੱਜ ਮਜੀਠੀਆ ਦੇ ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਦੇ ਮਾਮਲੇ ਵਿੱਚ ਸਿਟ ਦੇ ਇੰਚਾਰਜ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਬਿਕਰਮ ਸਿੰਘ ਮਜੀਠੀਆ ਫਿਰ ਨਹੀਂ ਆਏ। ਇਸ ਕਰ ਕੇ ਹੁਣ ਦੁਬਾਰਾ ਫਿਰ ਉਨ੍ਹਾਂ ਨੂੰ ਸੰਮਨ ਭੇਜੇ ਜਾਣਗੇ। ਉਨ੍ਹਾਂ ਕਿਹਾ ਸ੍ਰੀ ਮਜੀਠੀਆ ਨੂੰ ਜਾਂਚ ਵਿੱਚ ਪੇਸ਼ ਹੋਣਾ ਚਾਹੀਦਾ ਹੈ, ਪਰ ਇਹ ਮਾਮਲਾ ਅਦਾਲਤ ਵਿਚ ਵੀ ਹੈ ਇਸ ਕਰ ਕੇ ਇਸ ਬਾਰੇ ਉਹ ਬਹੁਤਾ ਕੁਝ ਨਹੀਂ ਕਹਿਣਗੇ। ਸਿਟ ਵੱਲੋਂ ਕਿਹਾ ਹੈ ਕਿ ਉਨ੍ਹਾਂ ਕੋਲ ਸ੍ਰੀ ਮਜੀਠੀਆ ਖ਼ਿਲਾਫ਼ ਅਦਾਲਤੀ ਕੇਸਾਂ ਦਾ ਰਿਕਾਰਡ ਨਹੀਂ ਹੈ। ਮਜੀਠੀਆ ਨੇ ਕਦੇ ਵੀ ਆਪਣੀ ਆਉਣ ਵਾਲੀ ਅਦਾਲਤੀ ਸੁਣਵਾਈ ਬਾਰੇ ਦੱਸਿਆ ਨਹੀਂ। ਇਹ ਬੇਬੁਨਿਆਦ ਦੋਸ਼ ਹਨ ਕਿ ਸਿਟ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕ ਰਹੀ ਹੈ।