ਨਸ਼ਿਆਂ ਨੇ ਪੁੱਤ ਖਾਧਾ, ਫਿਕਰਾਂ ਨੇ ਮਾਪੇ
ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਨਿਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।
ਕੇ.ਪੀ. ਸਿੰਘ
ਕਲਾਨੌਰ (ਗੁਰਦਾਸਪੁਰ), 24 ਜੁਲਾਈ
ਫ਼ੋਟੋਗ੍ਰਾਫ਼ੀ ਦੇ ਕਿੱਤੇ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਮੁਹਾਰਤ ਹਾਸਲ ਕਰ ਕੇ ਇਲਾਕੇ ਵਿੱਚ ‘ਚਿੰਟੂ ਫ਼ੋਟੋਗ੍ਰਾਫ਼ਰ’ ਵਜੋਂ ਆਪਣੀ ਪਛਾਣ ਬਣਾਉਣ ਵਾਲੇ 24 ਵਰ੍ਹਿਆਂ ਦੇ ਗੁਰਚਰਨ ਸਿੰਘ ਤੋਂ ਮਾਂ ਬਾਪ ਨੂੰ ਬਹੁਤ ਉਮੀਦਾਂ ਸਨ ਪਰ ਨਸ਼ੇ ਦੀ ਓਵਰਡੋਜ਼ ਇਸ ਹੋਣਹਾਰ ਨੌਜਵਾਨ ਨੂੰ ਨਿਗਲ ਗਈ। 15 ਅਕਤੂਬਰ 2015 ਦੀ ਰਾਤ ਹੋਈ ਚਿੰਟੂ ਦੀ ਮੌਤ ਮਗਰੋਂ ਉਸ ਦੇ ਬਜ਼ੁਰਗ ਮਾਤਾ ਪਿਤਾ ਗ਼ੁਰਬਤ ਦੇ ਆਲਮ ਵਿੱਚ ਦਨਿ ਕੱਟੀ ਕਰ ਰਹੇ ਹਨ। ਗੁਰਚਰਨ ਸਿੰਘ ਉਰਫ਼ ਚਿੰਟੂ ਤੋਂ ਵੱਡੇ ਉਸ ਦੇ ਚਾਰ ਭਰਾ ਇਸ ਸਥਿਤੀ ਵਿੱਚ ਨਹੀਂ ਹਨ ਕਿ ਘਰ ਦੀ ਹਾਲਤ ’ਚ ਕੋਈ ਸੁਧਾਰ ਕਰ ਸਕਣ। ਕਲਾਨੌਰ ਦੇ ਨਵਾਂ ਕਟੜਾ ਨਿਵਾਸੀ ਚਿੰਟੂ ਦੇ ਪਿਤਾ ਰਘੁਬੀਰ ਸਿੰਘ (74) ਅਤੇ ਮਾਤਾ ਕੁਲਵੰਤ ਕੌਰ ਅਨੁਸਾਰ ਪੰਜ ਪੁੱਤਰਾਂ ’ਚੋਂ ਸਭ ਤੋਂ ਛੋਟੇ ਉਨ੍ਹਾਂ ਦੇ ਲਾਡਲੇ ਚਿੰਟੂ ਦੇ ਫ਼ੋਟੋਗ੍ਰਾਫੀ ਦੇ ਹੁਨਰ ਨੂੰ ਵੇਖ ਕੇ ਉਨ੍ਹਾਂ ਨੂੰ ਪੂਰੀ ਆਸ ਸੀ ਕਿ ਉਹ ਬਹੁਤ ਅੱਗੇ ਤੱਕ ਜਾਏਗਾ ਅਤੇ ਉਨ੍ਹਾਂ ਦਾ ਬੁਢਾਪਾ ਸੁਖਦ ਢੰਗ ਨਾਲ ਬੀਤੇਗਾ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਕਰਨ ਤੋਂ ਬਾਅਦ ਚਿੰਟੂ ਨੇ ਆਈਟੀਆਈ ਜਾਣਾ ਸ਼ੁਰੂ ਕੀਤਾ ਪਰ ਫ਼ੋਟੋਗ੍ਰਾਫ਼ੀ ਦਾ ਸ਼ੌਕ ਹੋਣ ਕਾਰਨ ਉਸ ਨੇ ਇਸ ਨੂੰ ਕਿੱਤੇ ਵਜੋਂ ਅਪਣਾ ਲਿਆ। ਸ਼ੌਕ ਦੇ ਲਾਲਚ ’ਚ ਛੇਤੀ ਹੀ ਉਹ ਫ਼ੋਟੋਗ੍ਰਾਫ਼ੀ ਦੀਆਂ ਬਾਰੀਕੀਆਂ ਸਿੱਖ ਗਿਆ। ਵਿਆਹ ਸਮਾਗਮਾਂ ਦੀਆਂ ਫ਼ੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਦਾ ਕੰਮ ਲਗਾਤਾਰ ਮਿਲਣਾ ਸ਼ੁਰੂ ਹੋ ਗਿਆ। ਉਸ ਦੀ ਮੁਹਾਰਤ ਕਾਰਨ ਕੰਮ ਬੁਲੰਦੀਆਂ ਛੂਹਣ ਲੱਗਾ। ਸਾਲ 2013 ਤੱਕ ਤਾਂ ਸਭ ਠੀਕ ਚੱਲਦਾ ਰਿਹਾ ਪਰ 2014 ਵਿੱਚ ਚਿੰਟੂ ਦੇ ਸੁਭਾਅ ਅਤੇ ਹਰਕਤਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਸਿਰਫ਼ ਉਸ ਦੀ ਆਪਣੀ ਕਮਾਈ ਹੀ ਇਸ ਨਸ਼ੇ ਦੀ ਭੇਟ ਨਹੀਂ ਚੜ੍ਹਨ ਲੱਗੀ ਬਲਕਿ ਹੌਲੀ ਹੌਲੀ ਬੈਂਕ ਖਾਤੇ ਵੀ ਖ਼ਾਲੀ ਹੋਣੇ ਸ਼ੁਰੂ ਹੋ ਗਏ। ਬੈਂਕਾਂ ਦੇ ਏਟੀਐੱਮ ਚਿੰਟੂ ਕੋਲ ਹੀ ਰਹਿੰਦੇ ਸਨ। ਉਸ ਦੀ ਮਾਂ ਦੇ ਫ਼ੋਨ ’ਤੇ ਵਾਰ ਵਾਰ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋਏ ਤਾਂ ਚਿੰਟੂ ਦੇ ਬਦਲੇ ਸੁਭਾਅ ਦੀ ਵੀ ਉਨ੍ਹਾਂ ਨੂੰ ਸਮਝ ਆ ਗਈ। ਬੈਂਕ ਖਾਤਿਆਂ ਵਿੱਚੋਂ ਜਮ੍ਹਾਂ ਪੂੰਜੀ ਖ਼ਤਮ ਹੋ ਚੁੱਕੀ ਸੀ। ਇਹ ਰਕਮ ਰਘੁਬੀਰ ਸਿੰਘ ਨੇ ਜਲੰਧਰ ਵਿੱਚ ਇੱਕ ਨਿੱਜੀ ਫ਼ੈਕਟਰੀ ਵਿੱਚ ਨੌਕਰੀ ਕਰ ਕੇ ਬੜੀ ਮੁਸ਼ਕਿਲ ਨਾਲ ਜੋੜੀ ਸੀ।
ਪਰਿਵਾਰ ਅਨੁਸਾਰ ਚਿੰਟੂ ਨੂੰ ਉਸ ਦੇ ਜਾਣਕਾਰ ਨੇ ਸਮੈਕ ਪੀਣ ਦੀ ਆਦਤ ਲਾਈ ਸੀ। ਇੱਕ ਦਨਿ ਨਸ਼ੇ ਦੀ ਪੂਰਤੀ ਲਈ ਚਿੰਟੂ ਆਪਣਾ 65 ਹਜ਼ਾਰ ਰੁਪਏ ਦਾ ਕੈਮਰਾ ਅਤੇ ਟੈਬ ਸਿਰਫ਼ ਤਿੰਨ ਹਜ਼ਾਰ ਰੁਪਏ ਵਿੱਚ ਕਿਤੇ ਵੇਚ ਆਇਆ। ਇਸੇ ਤਰ੍ਹਾਂ ਮੋਟਰਸਾਈਕਲ ਵੀ ਵਿਕ ਗਿਆ। ਕਾਫ਼ੀ ਸਮਝਾਉਣ ’ਤੇ ਚਿੰਟੂ ਇਸ ਦਲਦਲ ’ਚੋਂ ਬਾਹਰ ਨਹੀਂ ਆ ਸਕਿਆ। ਹਾਲਾਂਕਿ ਚਿੰਟੂ ਨਸ਼ਾ ਛੱਡਣ ਦੀ ਕੋਸ਼ਿਸ਼ ਵਿੱਚ ਸੀ ਪਰ ਸਮੈਕ ਦੀ ਲੋਰ ਉਸ ਦੀ ਨਸ਼ਾ ਛੱਡਣ ਦੀ ਇੱਛਾ ਸ਼ਕਤੀ ’ਤੇ ਭਾਰੂ ਸੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਉਨ੍ਹਾਂ ਕਿਹਾ ਕਿ ਨਸ਼ਿਆਂ ਲਈ ਸਰਕਾਰਾਂ ਅਤੇ ਪੁਲੀਸ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅਸਲ ਵਿੱਚ ਕਿਤੇ ਜ਼ਿਆਦਾ ਹੈ। ਪੰਜਾਬ ਵਿੱਚ ਅਤਿਵਾਦ ਵੇਲੇ ਹਾਲਾਤ ਬਹੁਤ ਮਾੜੇ ਸਨ ਪਰ ਨਸ਼ਿਆਂ ਕਾਰਨ ਪੰਜਾਬ ਦੀ ਸਥਿਤੀ ਇਸ ਸਮੇਂ ਉਸ ਤੋਂ ਵੀ ਵੱਧ ਖ਼ਤਰਨਾਕ ਹੈ।