Drug use increased in Haryana: ਹਰਿਆਣਾ ਵਿੱਚ 2021 ਦੇ ਕਿਸਾਨ ਅੰਦੋਲਨ ਤੋਂ ਬਾਅਦ ਨਸ਼ਿਆਂ ਦਾ ਰੁਝਾਨ ਵਧਿਆ: ਜਾਂਗੜਾ
ਚੰਡੀਗੜ੍ਹ, 13 ਦਸੰਬਰ
ਹਰਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਨੇ ਦੋਸ਼ ਲਗਾਇਆ ਕਿ 2021 ਦੇ ਕਿਸਾਨ ਅੰਦੋਲਨ ਤੋਂ ਬਾਅਦ ਹਰਿਆਣਾ ਵਿੱਚ ਨਸ਼ਿਆਂ ਦਾ ਰੁਝਾਨ ਵਧਿਆ ਹੈ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਲਗਾਏ ਗਏ ਮੋਰਚਿਆਂ ਦੌਰਾਨ ਹਰਿਆਣਾ ਤੋਂ ਕਰੀਬ 700 ਔਰਤਾਂ ਲਾਪਤਾ ਹੋਈਆਂ ਸਨ। ਉਨ੍ਹਾਂ ਕਿਹਾ, ‘‘ਇਹ ਕਿਸੇ ਨੂੰ ਨਹੀਂ ਪਤਾ ਕਿ ਉਹ ਔਰਤਾਂ ਕਿੱਥੇ ਗਈਆਂ।’’
ਉੱਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਂਗੜਾ ਦੀਆਂ ਟਿੱਪਣੀਆਂ ਨੂੰ ਮੁੱਢੋਂ ਰੱਦ ਕਰਦਿਆਂ ਚੁਣੌਤੀ ਦਿੱਤੀ ਕਿ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤਹਿਤ ਉਹ ਲਾਪਤਾ ਹੋਈਆਂ ਔਰਤਾਂ ਬਾਰੇ ਦਰਜ ਕਰਵਾਈ ਗਈਆਂ ਐੱਫਆਈਆਰਜ਼ ਦਾ ਹਵਾਲਾ ਦੇਣ। ਉਨ੍ਹਾਂ ਕਿਹਾ ਕਿ ਐਨੇ ਸਮੇਂ ਤੱਕ ਜਾਂਗੜਾ ਨੇ ਚੁੱਪ ਕਿਉਂ ਧਾਰੀ ਰੱਖੀ।
ਇਸ ਮਗਰੋਂ ਜਾਂਗੜਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਕਿਸਾਨਾਂ ’ਤੇ ਨਿਸ਼ਾਨਾ ਸੇਧਣ ਲਈ ਨਹੀਂ ਸਨ ਬਲਕਿ ਉਹ ਤਾਂ ਸਿਰਫ਼ 2021 ਦੇ ਅੰਦੋਲਨ ਦੇ ਪ੍ਰਭਾਵਾਂ ਬਾਰੇ ਗੱਲ ਕਰ ਰਹੇ ਸਨ।
ਵੀਰਵਾਰ ਨੂੰ ਰੋਹਤਕ ਜ਼ਿਲ੍ਹੇ ਦੇ ਮਹਿਮ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਾਂਗੜਾ ਨੇ ਕਿਹਾ ਸੀ ਕਿ ਪਹਿਲਾਂ ਹਰਿਆਣਾ ਵਿੱਚ ਸਿਰਫ਼ ਦੋ ਤਰ੍ਹਾਂ ਦੇ ਨਸ਼ੇੜੀ ਸਨ ਜੋ ਕਿ ਜਾਂ ਤਾਂ ਸਿਗਰਟਨੋਸ਼ੀ ਕਰਦੇ ਸਨ ਅਤੇ ਜਾਂ ਸ਼ਰਾਬ ਪੀਂਦੇ ਸਨ। ਉਨ੍ਹਾਂ ਕਿਹਾ, ‘‘2021 ਤੋਂ ਬਾਅਦ ਪਿੰਡਾਂ ਵਿੱਚ ਨਸ਼ੇ ਫੈਲ ਗਏ। ਕੁਝ ਨੌਜਵਾਨ ਚਿੱਟਾ, ਹੈਰੋਇਨ ਤੇ ਸਮੈਕ ਪੀ ਰਹੇ ਹਨ। ਇਹ ਕਿੱਥੋਂ ਆਏ?’’ -ਪੀਟੀਆਈ