For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਦੀ ਤਸਕਰੀ

07:42 AM Apr 30, 2024 IST
ਨਸ਼ਿਆਂ ਦੀ ਤਸਕਰੀ
Advertisement

ਪਾਕਿਸਤਾਨੀ ਕਿਸ਼ਤੀ ਵਿੱਚੋਂ 600 ਕਰੋੜ ਰੁਪਏ ਮੁੱਲ ਦੀ 86 ਕਿਲੋ ਹੈਰੋਇਨ ਦੀ ਬਰਾਮਦਗੀ ਅਤੇ ਇਸ ਦੇ ਚਾਲਕ ਦਸਤੇ ਦੇ 14 ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਪਤਾ ਲਗਦਾ ਹੈ ਕਿ ਨਸ਼ਿਆਂ ਦਾ ਕਾਰੋਬਾਰ ਕਿੱਥੋਂ ਤਕ ਜਾ ਪਹੁੰਚਿਆ ਹੈ। ਇਹ ਕੋਈ ਇੱਕਾ-ਦੁੱਕਾ ਘਟਨਾ ਨਹੀਂ ਸਗੋਂ ਗ਼ੈਰ-ਕਾਨੂੰਨੀ ਸਰਗਰਮੀਆਂ ਦਾ ਵਿਆਪਕ ਪੈਟਰਨ ਹੈ ਜੋ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਹੈ। ਪਿਛਲੇ ਸਾਲ ਮਈ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਭਾਰਤੀ ਜਲ ਸੈਨਾ ਨੇ ਮਿਲ ਕੇ ਕੇਰਲਾ ਵਿੱਚ ਸਮੁੰਦਰ ਤੱਟ ਤੋਂ 25 ਸੌ ਕਿਲੋ ਮੈਥੇਮਫੇਟਾਮਾਈਨ ਬਰਾਮਦ ਕੀਤੀ ਸੀ ਜਿਸ ਦੀ ਕੀਮਤ 15 ਹਜ਼ਾਰ ਕਰੋੜ ਰੁਪਏ ਮੰਨੀ ਗਈ ਸੀ। ਇਹ ਦੇਸ਼ ਵਿੱਚ ਨਸ਼ਿਆਂ ਦੀ ਤਸਕਰੀ ਦੀ ਸਭ ਤੋਂ ਵੱਡੀ ਬਰਾਮਦਗੀ ਸੀ। ਪਿਛਲੇ ਮਹੀਨੇ ਗੁਜਰਾਤ ਦੇ ਤੱਟ ਤੋਂ ਕਿਸ਼ਤੀ ਵਿੱਚੋਂ ਨਸ਼ੇ ਦੇ 60 ਪੈਕੇਟ ਬਰਾਮਦ ਕੀਤੇ ਗਏ ਸਨ ਅਤੇ ਇਸ ਦੇ ਚਾਲਕ ਦਸਤੇ ਦੇ ਛੇ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਸਨ। ਫਰਵਰੀ ਮਹੀਨੇ ਪੋਰਬੰਦਰ ਦੇ ਤੱਟ ਤੋਂ ਪੰਜ ਵਿਦੇਸ਼ੀ ਨਾਗਰਿਕ ਹਿਰਾਸਤ ਵਿੱਚ ਲਏ ਗਏ ਸਨ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਚਰਸ ਅਤੇ ਮੈਥੇਮਫੇਟਾਮਾਈਨ ਸਣੇ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਇਨ੍ਹਾਂ ਘਟਨਾਵਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਨਸ਼ਿਆਂ ਦਾ ਫੈਲਾਅ ਕਿੰਨਾ ਵਸੀਹ ਅਤੇ ਜਟਿਲ ਹੋ ਚੁੱਕਿਆ ਹੈ।
ਨਸ਼ੀਲੇ ਪਦਾਰਥਾਂ ਦਾ ਸਰੋਤ ਅਕਸਰ ਅਫ਼ਗਾਨਿਸਤਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜੋ ਅਫ਼ੀਮ ਦੀ ਕਾਸ਼ਤ ਅਤੇ ਹੈਰੋਇਨ ਦਾ ਧੁਰਾ ਬਣਿਆ ਹੋਇਆ ਹੈ। ਪਿਛਲੇ ਸਾਲ ਯੂਐੱਨਡੀਓਸੀ ਦੀ ਰਿਪੋਰਟ ਵਿੱਚ ਮੈਥੇਮਫੇਟਾਮਾਈਨ ਦੇ ਉਤਪਾਦਨ ਵਿੱਚ ਕਾਫ਼ੀ ਵਾਧਾ ਹੋਣ ਦੀ ਗੱਲ ਆਖੀ ਗਈ ਸੀ। ਹਾਲੀਆ ਸਮਿਆਂ ਵਿੱਚ ਹੋਈਆਂ ਇਨ੍ਹਾਂ ਬਰਾਮਦਗੀਆਂ ਦੇ ਮੱਦੇਨਜ਼ਰ ਇਸ ਰਿਪੋਰਟ ਦੀ ਅਹਿਮੀਅਤ ਉਜਾਗਰ ਹੁੰਦੀ ਹੈ। ਇਹ ਘਟਨਾਵਾਂ ਇਹ ਨਿਸ਼ਾਨਦੇਹੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਕਿ ਹਾਲਾਤ ਕਿੰਨੇ ਗੰਭੀਰ ਹੋ ਚੁੱਕੇ ਹਨ ਅਤੇ ਸਾਡੇ ਸਮੁੰਦਰੀ ਖੇਤਰ ਵਿੱਚ ਨਸ਼ਿਆਂ ਦੀ ਤਸਕਰੀ ਨਾਲ ਸਿੱਝਣ ਲਈ ਵਿਆਪਕ ਕਦਮ ਚੁੱਕੇ ਜਾਣ ਦੀ ਫੌਰੀ ਮੰਗ ਕਰਦੇ ਹਨ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਨਸਿ਼ਆਂ ਦੀ ਲਪੇਟ ਵਿੱਚ ਸਭ ਤੋਂ ਜਿ਼ਆਦਾ ਨੌਜਵਾਨ ਪੀੜ੍ਹੀ ਹੀ ਆ ਰਹੀ ਹੈ। ਵੱਖ-ਵੱਖ ਅਧਿਐਨ ਇਸ ਦਾ ਸਬੰਧ ਅਗਾਂਹ ਬੇਰੁਜ਼ਗਾਰੀ ਨਾਲ ਵੀ ਜੋੜਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਬੇਰੁਜ਼ਗਾਰੀ ਵਿਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਲਈ ਨਸਿ਼ਆਂ ਦੀ ਅਲਾਮਤ ਨੂੰ ਸਮਝਣ ਲਈ ਇਹ ਕੜੀਆਂ ਵੀ ਜੋੜਨੀਆਂ ਪੈਣਗੀਆਂ।
ਨਸ਼ਾ ਤਸਕਰੀ ਦੀ ਬੇਰੋਕ ਅਲਾਮਤ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਸਾਡੀਆਂ ਏਜੰਸੀਆਂ ਆਪਸ ਵਿੱਚ ਤਾਲਮੇਲ ਰੱਖਣ, ਖੁਫ਼ੀਆ ਜਾਣਕਾਰੀਆਂ ਇੱਕ-ਦੂਜੇ ਨਾਲ ਸਾਂਝੀਆਂ ਕੀਤੀਆਂ ਜਾਣ, ਜਲ ਸੈਨਾ, ਕੋਸਟ ਗਾਰਡ, ਐਂਟੀ-ਟੈਰਰਿਸਟ ਸਕੁਐਡ ਅਤੇ ਐੱਨਸੀਬੀ ਦੀਆਂ ਸਮੁੰਦਰੀ ਅਤੇ ਨਿਗਰਾਨੀ ਵਾਲੀਆਂ ਸਰਗਰਮੀਆਂ ਨੂੰ ਚੁਸਤ-ਦਰੁਸਤ ਬਣਾਇਆ ਜਾਵੇ ਤਾਂ ਕਿ ਨਸ਼ਾ ਤਸਕਰਾਂ ਦੀਆਂ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ। ਇਸ ਦੇ ਨਾਲ ਹੀ ਨਸ਼ਿਆਂ ਦੀ ਵਧਦੀ ਮੰਗ ਨੂੰ ਵੀ ਮੁਖ਼ਾਤਬ ਹੋਣ ਦੀ ਓਨੀ ਹੀ ਲੋੜ ਹੈ। ਨਸ਼ਿਆਂ ਦੀ ਰੋਕਥਾਮ ਅਤੇ ਨਸ਼ੇ ਦੇ ਆਦੀ ਲੋਕਾਂ ਦੇ ਪੁਨਰ ਵਸੇਬੇ ਦੇ ਪ੍ਰੋਗਰਾਮਾਂ ਲਈ ਨਿਵੇਸ਼ ਵਧਾਉਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਜਨ ਚੇਤਨਾ ਫੈਲਾਉਣ ਤੇ ਵਧਾਉਣ ਦੇ ਉਪਰਾਲੇ ਵਿੱਢਣੇ ਚਾਹੀਦੇ ਹਨ ਅਤੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀਆਂ ਸੇਵਾਵਾਂ ਲੈਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਇਸ ਆਤਮ-ਘਾਤੀ ਰਾਹ ਪੈਣ ਤੋਂ ਰੋਕ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਾਚ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।

Advertisement

Advertisement
Author Image

Advertisement
Advertisement
×